• Home
  • ਦੂਸ਼ਿਤ ਦਰਿਆ- ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ ਸਰਕਾਰ- ਕੁਲਤਾਰ ਸਿੰਘ ਸੰਧਵਾਂ

ਦੂਸ਼ਿਤ ਦਰਿਆ- ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ ਸਰਕਾਰ- ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ, 11 ਜੂਨ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦਰਿਆਵਾਂ ਸਮੇਤ ਪਾਣੀ ਦੇ ਸਾਰੇ ਕੁਦਰਤੀ ਸਰੋਤਾਂ ਨੂੰ ਪ੍ਰਦੂਸ਼ਿਤ ਕੀਤੇ ਜਾਣ ਨੂੰ ਪੰਜਾਬ ਸਮੇਤ ਰਾਜਸਥਾਨ ਤੱਕ ਦੇ ਲੋਕਾਂ ਦੀ ਜ਼ਿੰਦਗੀ ਨਾਲ ਸ਼ਰੇਆਮ ਖਿਲਵਾੜ ਕਰਾਰ ਦਿੱਤਾ ਹੈ।
'ਆਪ' ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ ਅਤੇ ਜ਼ੋਨ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਪੰਜਾਬ ਦੀਆਂ ਨਹਿਰਾਂ 'ਚ ਚੱਲ ਰਹੇ ਪਲੀਤ ਪਾਣੀ ਲਈ ਸਿਰਫ਼ ਅਤੇ ਸਿਰਫ਼ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਂਗਰਸ ਸਰਕਾਰ 'ਚ ਵੀ ਪਿਛਲੀ ਬਾਦਲ ਸਰਕਾਰ ਵਾਂਗ ਦਰਿਆਵਾਂ ਅਤੇ ਕੁਦਰਤੀ ਸਰੋਤਾਂ ਨੂੰ ਦੂਸ਼ਿਤ ਕਰਨ ਵਾਲੇ ਰਸੂਖਵਾਨ ਲੋਕਾਂ 'ਤੇ ਸਖ਼ਤੀ ਵਰਤਣ ਦੀ ਸਿਆਸੀ ਇੱਛਾ ਸ਼ਕਤੀ ਨਹੀਂ ਹੈ, ਜਦਕਿ ਅਜਿਹੇ ਹਰੇਕ ਜ਼ਿੰਮੇਵਾਰ ਅਫ਼ਸਰਾਂ ਅਤੇ ਫ਼ੈਕਟਰੀਆਂ ਮਾਲਕਾਂ 'ਤੇ ਸਮੂਹਿਕ ਕਤਲੇਆਮ ਦੇ ਦੋਸ਼ਾਂ ਤਹਿਤ ਫ਼ੌਜਦਾਰੀ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।
'ਆਪ' ਆਗੂਆਂ ਨੇ ਕਿਹਾ ਕਿ ਕਿਸੇ ਵੀ ਸ਼ਹਿਰ, ਪਿੰਡ ਜਾਂ ਫ਼ੈਕਟਰੀ ਦੀ ਨਿਕਾਸੀ-ਪਾਣੀ ਦੇ ਕੁਦਰਤੀ ਸਰੋਤਾਂ 'ਚ ਨਹੀਂ ਪੈਣੀ ਚਾਹੀਦੀ, ਸਰਕਾਰ ਇਸ ਗੱਲ ਨੂੰ ਯਕੀਨੀ ਬਣਾਵੇ। ਉਨ੍ਹਾਂ ਮੰਗ ਕੀਤੀ ਕਿ ਇਸ ਤਰ੍ਹਾਂ ਦੀ ਹਰੇਕ ਨਿਕਾਸੀ ਨੂੰ ਟਰੀਟਮੈਂਟ ਪਲਾਂਟ ਰਾਹੀਂ ਸੋਧ ਕੇ ਖੇਤੀਬਾੜੀ ਖੇਤਰ ਲਈ ਵਰਤਣ ਦੀ ਵਿਵਸਥਾ ਬਣਾਈ ਜਾਵੇ, ਇਸ ਤਰ੍ਹਾਂ ਸਿੰਚਾਈ ਦੇ ਪਾਣੀ ਦੀ ਕਮੀ ਵੀ ਦੂਰ ਹੋਵੇਗੀ।
ਕੁਲਤਾਰ ਸਿੰਘ ਸੰਧਵਾਂ ਅਤੇ ਬੀਬੀ ਮਾਣੂੰਕੇ ਨੇ ਕਿਹਾ ਕਿ ਸ਼ਹਿਰੀ ਅਤੇ ਗ੍ਰਾਮੀਣ ਨਿਕਾਸੀਆਂ ਅਤੇ ਫ਼ੈਕਟਰੀਆਂ ਦੇ ਦੂਸ਼ਿਤ ਅਤੇ ਖ਼ਤਰਨਾਕ ਧਾਤੂਆਂ ਵਾਲੇ ਦੂਸ਼ਿਤ ਪਾਣੀ ਕਾਰਨ ਪੰਜਾਬ ਅਤੇ ਰਾਜਸਥਾਨ 'ਚ ਕੈਂਸਰ ਅਤੇ ਕਾਲਾ ਪੀਲੀਆ ਸਮੇਤ ਅਨੇਕ ਪ੍ਰਕਾਰ ਦੀਆਂ ਖ਼ਤਰਨਾਕ ਬਿਮਾਰੀਆਂ ਦਾ ਪ੍ਰਕੋਪ ਫੈਲ ਗਿਆ ਹੈ, ਕਿਉਂਕਿ ਮਾਲਵੇ ਸਮੇਤ ਪੰਜਾਬ ਦਾ 70 ਫ਼ੀਸਦੀ ਹਿੱਸਾ ਅਤੇ ਰਾਜਸਥਾਨ ਦਾ ਵੱਡਾ ਹਿੱਸਾ ਇਸ ਦੂਸ਼ਿਤ ਪਾਣੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ।
'ਆਪ' ਆਗੂਆਂ ਨੇ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਲੋਕਾਂ ਨੂੰ ਦੂਸ਼ਿਤ ਪਾਣੀ ਦਾ ਧੀਮਾ ਜ਼ਹਿਰ ਦੇਣ ਦੀ ਥਾਂ ਸਿੱਧਾ ਜ਼ਹਿਰ ਹੀ ਦੇ ਦੇਵੇ।