• Home
  • ਪਰਾਲੀ ਸਾੜਨ ਵਿਰੁਧ ਸਰਕਾਰ ਸਖ਼ਤ-ਪੰਨੂੰ ਨੇ ਅਧਿਕਾਰੀਆਂ ਨੂੰ ਕਿਹਾ: ਕਿਸਾਨਾਂ ਨੂੰ ਦੇਵੋ ਮਸ਼ੀਨਰੀ

ਪਰਾਲੀ ਸਾੜਨ ਵਿਰੁਧ ਸਰਕਾਰ ਸਖ਼ਤ-ਪੰਨੂੰ ਨੇ ਅਧਿਕਾਰੀਆਂ ਨੂੰ ਕਿਹਾ: ਕਿਸਾਨਾਂ ਨੂੰ ਦੇਵੋ ਮਸ਼ੀਨਰੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਰੋਕਥਾਮ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪਨੂੰ ਨੇ ਅੱਜ ਖੇਤੀਬਾੜੀ ਅਧਿਕਾਰੀਆਂ/ਕਰਮਚਾਰੀਆਂ ਨੂੰ ਆਖਿਆ ਕਿ ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਸਮੇਂ ਸਿਰ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅੱਜ ਇੱਥੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਥਾਮ ਲਈ ਸੂਬਾ ਪੱਧਰ 'ਤੇ ਵਿੱਢੀ ਜਾਣ ਵਾਲੀ ਜਾਗਰੂਕਤਾ ਮੁਹਿੰਮ ਤਹਿਤ ਸੂਬੇ ਦੇ ਖੇਤੀਬਾੜੀ ਅਧਿਕਾਰੀਆਂ ਦੀ ਅੱਜ ਇੱਥੇ ਕਿਸਾਨ ਭਵਨ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੇਤੀਬਾੜੀ ਸਕੱਤਰ ਨੇ ਕਿਸਾਨਾਂ ਨੂੰ ਹੁਣ ਤੱਕ ਸਪਲਾਈ ਕੀਤੀ ਗਈ ਖੇਤੀ ਮਸ਼ੀਨਰੀ ਦੀ ਪ੍ਰਗਤੀ ਦਾ ਜਾਇਜ਼ਾ ਲਿਆ।। ਉਨਾਂ ਹਦਾਇਤ ਦਿੱਤੀ ਕਿ ਝੋਨੇ ਦੀ ਵਾਢੀ ਸ਼ੁਰੂ ਹੋਣ ਤੋਂ ਪਹਿਲਾਂ ਸਬੰਧਤ ਕਿਸਾਨਾਂ ਤੱਕ ਹਰ ਹਾਲ ਵਿੱਚ ਖੇਤੀ ਮਸ਼ੀਨਰੀ ਪਹੁੰਚ ਜਾਣੀ ਚਾਹੀਦੀ ਹੈ।
ਸ੍ਰੀ ਪਨੂੰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਨ 'ਤੇ ਪੈਂਦੇ ਬੁਰੇ ਅਸਰ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਸਕੂਲੀ ਬੱਚਿਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ ਅਤੇ ਸਤੰਬਰ ਦੇ ਅਖੀਰਲੇ ਹਫ਼ਤੇ ਪੰਜਾਬ ਭਰ ਵਿੱਚ ਸਕੂਲ ਪੱਧਰ 'ਤੇ ਰੈਲੀਆਂ ਕਰਕੇ ਪਰਾਲੀ ਨਾ ਸਾੜਣ ਦਾ ਸੰਦੇਸ਼ ਦਿੱਤਾ ਜਾਵੇਗਾ। ਇਸੇ ਮੁਹਿੰਮ ਦਾ ਦੂਜਾ ਪੜਾਅ 10 ਅਕਤੂਬਰ ਤੋਂ ਸ਼ੁਰੂ ਕੀਤਾ ਜਾਵੇਗਾ।
ਮੀਟਿੰਗ ਦੀ ਸ਼ੁਰੂਆਤ ਦੌਰਾਨ ਡਾਇਰੈਕਟਰ ਖੇਤੀਬਾੜੀ ਡਾ. ਜਸਬੀਰ ਸਿੰਘ ਬੈਂਸ ਨੇ ਵਿਭਾਗ ਵੱਲੋਂ ਸਾਉਣੀ ਸੀਜ਼ਨ-2018 ਦੌਰਾਨ ਸਕੀਮਾਂ ਦੀ ਪ੍ਰਗਤੀ ਅਤੇ ਫਸਲਾਂ ਦੀ ਸਥਿਤੀ ਬਾਰੇ ਸੰਖੇਪ ਰਿਪੋਰਟ ਪੇਸ਼ ਕੀਤੀ ਗਈ।
ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ.ਸੁਖਦੇਵ ਸਿੰਘ ਸਿੱਧੂ (ਪਲਾਂਟ ਪ੍ਰੋਟਕਸ਼ਨ), ਡਾ. ਪਰਮਿੰਦਰ ਸਿੰਘ (ਨਕਦੀ ਫਸਲਾਂ), ਡਾ. ਸਰਬਜੀਤ ਸਿੰਘ ਕੰਧਾਰੀ (ਵਿਸਥਾਰ ਤੇ ਸਿਖਲਾਈ), ਡਾ. ਜਗਤਾਰ ਸਿੰਘ ਬਰਾੜ (ਇਨਪੁਟਸ), ਡਾ. ਬਲਜਿੰਦ ਸਿੰਘ ਬਰਾੜ (ਅੰਕੜਾ), ਡਾ. ਜਸਵੰਤ ਸਿੰਘ (ਕੇਨ ਕਮਿਸ਼ਨਰ), ਇੰਜੀਨੀਅਰ ਡੀ.ਆਰ.ਕਟਾਰੀਆ ਅਤੇ ਡਾ. ਅਨਿਲ ਸੂਦ (ਰਿਮੋਰਟ ਸੈਸਿੰਗ ਪੀ.ਏ.ਯੂ) ਆਦਿ ਨੇ ਚੱਲ ਰਹੀਆਂ ਸਕੀਮਾਂ ਦੀ ਪ੍ਰਗਤੀ ਸਾਂਝੀ ਕੀਤੀ ਅਤੇ ਸੰਬੋਧਨ ਕੀਤਾ।