• Home
  • ਬ੍ਰਹਮਪੁਰਾ ਨੇ ਆਖੀ ਦਿਲ ਦੀ ਗੱਲ :-ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫੀ ਦੇਣਾ ਵੱਡੀ ਗਲਤੀ ਸੀ ,ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੰਗਤ ਨੂੰ ਸਭ ਕੁਝ ਦੱਸਣ ਕਿ ਕਿਵੇਂ ਵਾਪਰਿਆ

ਬ੍ਰਹਮਪੁਰਾ ਨੇ ਆਖੀ ਦਿਲ ਦੀ ਗੱਲ :-ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫੀ ਦੇਣਾ ਵੱਡੀ ਗਲਤੀ ਸੀ ,ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੰਗਤ ਨੂੰ ਸਭ ਕੁਝ ਦੱਸਣ ਕਿ ਕਿਵੇਂ ਵਾਪਰਿਆ

ਵੈਨਕੂਵਰ (ਕੈਨੇਡਾ)-ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੇ ਸਮੇਂ ਦੌਰਾਨ ਵੱਖ ਵੱਖ ਮੁੱਦਿਆਂ ਤੇ ਗਰਮ ਦਲੀਏ ਚੁਣੌਤੀਆਂ ਦਿੰਦੇ ਆ ਰਹੇ ਹਨ ,ਪਰ ਸ਼੍ਰੋਮਣੀ ਅਕਾਲੀ ਦਲ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨ ਦੇ ਸਮਰੱਥ ਰਹੀ ਹੈ, ਪਰ ਇਹ ਪਹਿਲੀ ਵਾਰ ਹੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਡੀ  ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੋਵੇ । ਇਹ ਟਿੱਪਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਲੋਕ ਸਭਾ ਚ ਅਕਾਲੀ ਦਲ ਦੇ ਸੰਸਦ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੈਨਕੂਵਰ ਵਿਖੇ ਇੱਕ ਅੰਗਰੇਜ਼ੀ ਅਖ਼ਬਾਰ ਦੇ ਨਾਲ ਇੰਟਰਵਿਊ ਚ ਪੁੱਛੇ ਗਏ ਸਵਾਲ ਦੇ ਜਵਾਬ ਚ ਕੀਤੀ ।
ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਸਮੇਂ ਦੱਬਵੀਂ ਸੁਰ ਚ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਕਾਰਨ ਹਰ ਸਿੱਖ ਦੇ ਮਨ ਨੂੰ ਠੇਸ ਪੁੱਜੀ ਸੀ ,ਪਰ ਕਿਸੇ ਵੀ ਵੱਡੀ ਘਟਨਾ ਦੇ ਵਾਪਰਨ ਨਾਲ ਲੋਕਾਂ ਦਾ ਰੋਸ ਮੌਜੂਦਾ ਸਰਕਾਰਾਂ ਨਾਲ ਹੁੰਦਾ ਹੈ। ਪਰ ਉਸ ਸਮੇਂ ਜੇਕਰ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕੀਤਾ ਹੁੰਦਾ ਤਾਂ ਅਕਾਲੀ ਦਲ ਨੂੰ ਅਜਿਹੇ ਦਿਨ ਦੇਖਣੇ ਨਾ ਪੈਂਦੇ ।
ਸਰਦਾਰ ਬ੍ਰਹਮਪੁਰਾ ਨੇ ਆਪਣੇ ਇੰਟਰਵਿਊ ਚ ਇਹ ਵੀ ਸਪੱਸ਼ਟ ਕੀਤਾ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਦੇ ਗੋਲੀ ਕਾਂਡ ਚ ਅਕਾਲੀ ਦਲ ਦੀ ਸਿੱਧੇ ਤੌਰ ਤੇ ਕੋਈ ਭੂਮਿਕਾ ਨਹੀਂ ਸੀ ।
ਇਸ ਸਮੇਂ ਬ੍ਰਹਮਪੁਰਾ ਨੇ ਇਹ ਵੀ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਅਕਾਲ ਤਖ਼ਤ ਦੇ  ਜਥੇਦਾਰ ਵੱਲੋਂ ਮੁਆਫ਼ੀ ਦੇਣੀ ਅਕਾਲੀ ਦਲ ਦੀ ਸਭ ਤੋਂ ਵੱਡੀ ਗਲਤੀ ਸੀ ,ਉਨ੍ਹਾਂ ਕਿਹਾ ਕਿ ਭਾਵੇਂ ਇਸ ਮੁਆਫੀ ਨੂੰ ਇੱਕ ਮਹੀਨੇ ਬਾਅਦ ਵਾਪਸ ਲੈ ਲਿਆ ਗਿਆ ,ਪਰ ਅਕਾਲੀ ਦਲ ਵੱਲੋਂ ਇਸ ਮਾਮਲੇ ਨੂੰ ਸੰਜੀਦਾ ਢੰਗ ਨਾਲ ਨਹੀਂ ਲਿਆ ਗਿਆ ।
ਲੋਕ ਸਭਾ ਹਲਕਾ ਤਰਨ ਤਾਰਨ ਤੋਂ ਸੰਸਦ ਮੈਂਬਰ ਸਰਦਾਰ ਬ੍ਰਹਮਪੁਰਾ ਨੇ  ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਝਿਜਕ ਹੋ ਕੇ ਸੰਗਤ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਸਭ ਕੁਝ ਕਿਵੇਂ ਵਾਪਰਿਆ ।
ਉਨ੍ਹਾਂ ਇਸ ਸਮੇਂ ਸੁਖਬੀਰ ਸਿੰਘ ਬਾਦਲ ਦਾ ਨਾਮ ਲਏ ਤੋਂ ਬਿਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਸਮੂਹਿਕ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਝੁਕਣ ਤੋਂ ਕੋਈ ਗੁਰੇਜ਼ ਨਹੀਂ ਹੋਵੇਗਾ ।

ਇੱਕ ਹੋਰ ਸਵਾਲ ਦੇ ਜਵਾਬ ਚ ਬ੍ਰਹਮਪੁਰਾ ਨੇ ਕਿਹਾ ਕਿ ਮੈਂ ਕੈਨੇਡਾ ਚ ਆਪਣੇ ਨਿੱਜੀ ਦੌਰੇ ਤੇ ਆਇਆ ਹਾਂ ਨਾ ਕਿ ਕੋਈ ਇੱਥੇ ਸਿਆਸਤ ਕਰਨ ।
ਉਨ੍ਹਾਂ ਇਸ ਸਮੇਂ ਅਕਾਲੀ ਦਲ ਦੇ ਹਾਲਾਤਾਂ ਬਾਰੇ ਬੋਲਦਿਆਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ ਕਾਂਗਰਸ ਨੇ ਬਲਦੀ ਤੇ ਤੇਲ ਪਾ ਕੇ ਅਕਾਲੀ ਦਲ ਦੀ ਹਾਲਤ ਹੋਰ ਨਾਜ਼ੁਕ ਕਰ ਦਿੱਤੀ ਹੈ ।
ਇਸ ਸਮੇਂ ਬ੍ਰਹਮਪੁਰਾ ਨੇ ਕਿਹਾ ਕਿ ਫਿਰ ਵੀ ਉਨ੍ਹਾਂ ਨੂੰ ਆਸ ਹੈ ਕਿ ਪਾਰਟੀ ਇਸ ਸੰਕਟ ਚੋਂ ਛੇਤੀ ਨਿਕਲ ਆਵੇਗੀ ।