• Home
  • ਵੈਟਨਰੀ ਯੂਨੀਵਰਸਿਟੀ ਨੇ ਸੂਬਾ ਪੱਧਰੀ “ਝਾਕੀ ” ਮੁਕਾਬਲੇ ਵਿਚ ਜਿੱਤਿਆ ਪਹਿਲਾ ਇਨਾਮ

ਵੈਟਨਰੀ ਯੂਨੀਵਰਸਿਟੀ ਨੇ ਸੂਬਾ ਪੱਧਰੀ “ਝਾਕੀ ” ਮੁਕਾਬਲੇ ਵਿਚ ਜਿੱਤਿਆ ਪਹਿਲਾ ਇਨਾਮ

ਲੁਧਿਆਣਾ (ਖ਼ਬਰ ਵਾਲੇ ਬਿਊਰੋ )-
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪੰਜਾਬ ਕਲਾ ਪਰਿਸ਼ਦ, ਚੰਡੀਗੜ ਵੱਲੋਂ ਕਰਵਾਏ ਅੰਤਰ-ਕਾਲਜ ਸੱਭਿਆਚਾਰਕ ਝਾਕੀ ਮੁਕਾਬਲੇ ਵਿਚ ਸੂਬੇ ਵਿਚੋਂ ਪਹਿਲਾ ਇਨਾਮ ਹਾਸਿਲ ਕੀਤਾ ਹੈ।ਇਹ ਮੁਕਾਬਲਾ ਪੰਜਾਬ ਕਲਾ ਪਰਿਸ਼ਦ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਰਵਾਏ ਗਏ ਪੰਜ ਦਿਨਾ ਸਮਾਗਮ ਦਾ ਹਿੱਸਾ ਸੀ।ਪੰਜਾਬ ਦੀਆਂ ਕੁੱਲ 11 ਟੀਮਾਂ ਨੇ ਇਸ ਵਿਚ ਹਿੱਸਾ ਲਿਆ ਸੀ।


ਇਸ ਸੱਭਿਆਚਾਰਕ ਝਾਕੀ ਦਾ ਨਾਅਰਾ ਸੀ 'ਸਾਂਭੋ ਧੀਓ ਪੁੱਤਰੋ ਸਾਂਭੋ, ਧਰਤੀ ਪੌਣ ਤੇ ਪਾਣੀ; ਨਾ ਸਾਂਭੇ ਤਾਂ ਮਾਨਵਤਾ ਦੀ ਹੋ ਜਾਉ ਖਤਮ ਕਹਾਣੀ'।ਇਹ ਵਿਸ਼ਾ ਪੰਜਾਬ ਵਿਚ ਪਰਾਲੀ ਸਾੜਨ ਨਾਲ ਵੱਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਰੱਖਿਆ ਗਿਆ ਸੀ ਜਿਸ ਵਿਚ 30 ਵਿਦਿਆਰਥੀਆਂ ਨੇ ਹਿੱਸਾ ਲਿਆ।ਭਲਾਈ ਅਫ਼ਸਰ ਸ਼੍ਰੀਮਤੀ ਨਿਧੀ ਸ਼ਰਮਾ ਨੇ ਦੱਸਿਆ ਕਿ ਪਰਾਲੀ ਨੂੰ ਸਾੜਨ ਦਾ ਮੁੱਦਾ ਇਸ ਵੇਲੇ ਬਹੁਤ ਅਹਿਮ ਮਸਲਾ ਬਣਿਆ ਹੋਇਆ ਹੈ ਜਿਸ ਨੂੰ ਕਈ ਨਵੀਆਂ ਤਕਨੀਕਾਂ ਅਤੇ ਸੰਦਾਂ ਨਾਲ ਹੱਲ ਕੀਤਾ ਜਾ ਸਕਦਾ ਹੈ।
ਡਾ. ਅਮਰਜੀਤ ਸਿੰਘ ਨੰਦਾ, ਉਪ-ਕੁਲਪਤੀ ਵੈਟਨਰੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਉਨਾਂ ਨੂੰ ਵਧਾਈ ਦਿੱਤੀ ਅਤੇ ਸ਼ਲਾਘਾ ਕੀਤੀ ਕਿ ਸਾਡੇ ਵਿਦਿਆਰਥੀ ਬੜੀ ਸੁਚੱਜੀ ਕਲਾ ਕਾਬਲੀਅਤ ਰੱਖਦੇ ਹਨ।ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ. ਸਤਿਆਵਾਨ ਰਾਮਪਾਲ ਨੇ ਕਿਹਾ ਕਿ ਵਿਦਿਆਰਥੀਆਂ ਨੇ ਇਸ ਲਈ ਬੜੀ ਤਨਦੇਹੀ ਨਾਲ ਮਿਹਨਤ ਕੀਤੀ ਸੀ ਅਤੇ ਭਵਿੱਖ ਵਿਚ ਵੀ ਉਹ ਯੂਨੀਵਰਸਿਟੀ ਲਈ ਨਾਮਣਾ ਖੱਟਦੇ ਰਹਿਣਗੇ।
ਜੇਤੂ ਟੀਮ ਨੂੰ ਡਾ. ਬਲਦੇਵ ਸਿੰਘ ਢਿੱਲੋਂ, ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡਾ. ਸੁਰਜੀਤ ਪਾਤਰ, ਚੇਅਰਮੈਨ, ਪੰਜਾਬ ਕਲਾ ਪਰਿਸ਼ਦ, ਸਮਾਗਮ ਦੇ ਮੁੱਖ ਮਹਿਮਾਨ ਸ. ਕਾਹਨ ਸਿੰਘ ਪੰਨੂ, ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਡਾ. ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ, ਪੰਜਾਬ ਯੂਨੀਵਰਸਿਟੀ ਨੇ ਇਨਾਮ ਦੇ ਕੇ ਨਿਵਾਜਿਆ।