• Home
  • ਰਵਨੀਤ ਸਿੰਘ ਬਿੱਟੂ ਅਤੇ ਸਮਰਥਕ 8 ਮਾਰਚ ਨੂੰ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਾਉਣਗੇ-ਕੰਪਨੀ ਵੱਲੋਂ ਪ੍ਰੋਜੈਕਟ ਦਾ ਕੰਮ ਮੁਕੰਮਲ ਨਾ ਕਰਨ ’ਤੇ ਮਜ਼ਬੂਰੀ ਵੱਸ ਲਿਆ ਫੈਸਲਾ-ਬਿੱਟੂ

ਰਵਨੀਤ ਸਿੰਘ ਬਿੱਟੂ ਅਤੇ ਸਮਰਥਕ 8 ਮਾਰਚ ਨੂੰ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਾਉਣਗੇ-ਕੰਪਨੀ ਵੱਲੋਂ ਪ੍ਰੋਜੈਕਟ ਦਾ ਕੰਮ ਮੁਕੰਮਲ ਨਾ ਕਰਨ ’ਤੇ ਮਜ਼ਬੂਰੀ ਵੱਸ ਲਿਆ ਫੈਸਲਾ-ਬਿੱਟੂ

ਲੁਧਿਆਣਾ, 4 ਮਾਰਚ -ਰਾਸ਼ਟਰੀ ਮਾਰਗ ਪ੍ਰੋਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਨਾ ਕਰਨ ਦੇ ਰੋਸ ਵਜੋਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਮਿਤੀ 8 ਮਾਰਚ ਨੂੰ ਲਾਡੋਵਾਲ ਟੋਲ ਪਲਾਜ਼ਾ ਤੋਂ ਰਾਹਗੀਰਾਂ ਤੋਂ ਪਰਚੀ ਕੱਟਣੀ ਬੰਦ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਸ੍ਰ. ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਬੰਧਤ ਕੰਪਨੀ ਵੱਲੋਂ ਲੁਧਿਆਣਾ ਵਿੱਚੋਂ ਲੰਘਦੇ ਪੁੱਲ੍ਹਾਂ ਦੇ ਕੰਮ ਨੂੰ ਮੁਕੰਮਲ ਕਰਨ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਲੋਕ ਹਿੱਤ ਵਿੱਚ ਇਹ ਟੋਲ ਬੰਦ ਕਰਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਇਸ ਪ੍ਰੋਜੈਕਟ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਾਇਆ ਜਾਵੇ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਇਸ ਦਿਸ਼ਾ ਵਿੱਚ ਕਿਸੇ ਵੀ ਧਿਰ ਵੱਲੋਂ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਗਿਆ। ਇਸੇ ਕਰਕੇ ਹੀ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਲਾਡੋਵਾਲ ਟੋਲ ਪਲਾਜ਼ਾ ਉਦੋਂ ਤੱਕ ਨਹੀਂ ਚਾਲੂ ਹੋਣ ਦੇਣਗੇ, ਜਦੋਂ ਤੱਕ ਇਸ ਸਮੁੱਚੇ ਪ੍ਰੋਜੈਕਟ ਨੂੰ ਮੁਕੰਮਲ ਨਹੀਂ ਕੀਤਾ ਜਾਂਦਾ। ਦੱਸਣਯੋਗ ਹੈ ਕਿ ਲੁਧਿਆਣਾ ਸ਼ਹਿਰ ਵਿੱਚ ਪੈਂਦੇ ਸ਼ੇਰਪੁਰ ਚੌਕ, ਓਸਵਾਲ ਹਸਪਤਾਲ ਚੌਕ, ਤਾਜਪੁਰ ਚੌਕ ਅਤੇ ਬਸਤੀ ਜੋਧੇਵਾਲ ਸਥਿਤ ਪ੍ਰੋਜੈਕਟ ਦਾ ਕੰਮ ਲੰਮੇ ਸਮੇਂ ਤੋਂ ਰੁਕਿਆ ਹੋਇਆ ਹੈ। ਜਿਸ ਕਾਰਨ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਇਲਾਵਾ ਆਏ ਦਿਨ ਸੜਕ ਹਾਦਸੇ ਵੀ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਪੂਰੇ ਦੇਸ਼ ਨਾਲੋਂ ਵੱਧ ਹਨ। ਸ਼ਹਿਰਵਾਸੀ ਇਹ ਲੁੱਟ ਜਾਰੀ ਨਹੀਂ ਰਹਿਣ ਦੇਣਗੇ।