• Home
  • ਕਾਂਗਰਸ ਸਰਕਾਰ ਵੱਲੋਂ ‘ਅਧਿਆਪਕ ਐਵਾਰਡਾਂ’ ਦੀ ਰਾਸ਼ੀ ਬੰਦ ਕਰਨਾ ਮੰਦਭਾਗਾ: ਦਲਜੀਤ ਚੀਮਾ

ਕਾਂਗਰਸ ਸਰਕਾਰ ਵੱਲੋਂ ‘ਅਧਿਆਪਕ ਐਵਾਰਡਾਂ’ ਦੀ ਰਾਸ਼ੀ ਬੰਦ ਕਰਨਾ ਮੰਦਭਾਗਾ: ਦਲਜੀਤ ਚੀਮਾ

ਚੰਡੀਗੜ• (ਖ਼ਬਰ ਵਾਲੇ ਬਿਊਰੋ )- :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਹਰ ਸਾਲ 2 ਅਧਿਆਪਕਾਂ ਨੂੰ 'ਲਾਈਫਟਾਇਮ ਐਵਾਰਡ' ਅਤੇ ਲਗਭਗ 40 ਅਧਿਆਪਕਾਂ ਨੂੰ 'ਸਟੇਟ ਐਵਾਰਡ' ਦਿੱਤੇ ਜਾਣ ਦੀ ਰਵਾਇਤ ਨੂੰ ਬੰਦ ਕਰਨਾ ਪੰਜਾਬ ਸਰਕਾਰ ਦੀ ਇੱਕ ਨਿਰਾਸ਼ ਕਰਨ ਵਾਲੀ ਕਾਰਵਾਈ ਹੈ। ਇਸ ਨਾਲ ਅਧਿਆਪਨ ਦੇ ਨਵੇਂ ਢੰਗਾਂ ਨੂੰ ਸਿੱਖਣ ਪ੍ਰਤੀ ਅਧਿਆਪਕਾਂ ਅੰਦਰ ਮੁਕਾਬਲੇ ਦੀ ਭਾਵਨਾ ਨੂੰ ਡਾਢੀ ਸੱਟ ਵੱਜੀ ਹੈ।
ਇੱਥੇ ਇੱਕ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨੌਜਵਾਨ ਪੀੜ•ੀ ਨੂੰ ਤਰਾਸ਼ ਕੇ ਰਾਸ਼ਟਰ ਨਿਰਮਾਣ ਵਿਚ ਹਿੱਸਾ ਪਾਉਣ ਵਾਲੇ ਅਧਿਆਪਕਾਂ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਵਧਾਉਣ ਲਈ ਅਜਿਹੀਆਂ ਚੰਗੀਆਂ ਰਵਾਇਤਾਂ ਨੂੰ ਅਪਣਾਇਆ ਅਤੇ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਧਿਆਪਕ ਦੀ ਭੂਮਿਕਾ ਸਿਰਫ ਗਿਆਨ ਦੇਣ ਤਕ ਸੀਮਤ ਨਹੀਂ ਹੁੰਦੀ, ਸਗੋਂ ਉਹਨਾਂ ਨੇ ਵਿਦਿਆਰਥੀਆਂ ਅੰਦਰ ਕਿਰਦਾਰ ਉਸਾਰੀ ਅਤੇ ਰਾਸ਼ਟਰ ਦੇ ਨਿਰਮਾਣ ਨਾਲ ਜੁੜੀਆਂ ਨੈਤਿਕ ਕਦਰਾਂ ਕੀਮਤਾਂ ਦਾ ਵੀ ਸੰਚਾਰ ਕਰਨਾ ਹੁੰਦਾ ਹੈ।
ਉਹਨਾਂ ਕਿਹਾ ਕਿ ਲਾਈਫ ਟਾਈਮ ਐਵਾਰਡ ਕੈਟਾਗਰੀ ਤਹਿਤ ਇੱਕ ਪੁਰਸ਼ ਅਤੇ ਇੱਕ ਮਹਿਲਾ ਅਧਿਆਪਕ ਨੂੰ 5 ਸਤੰਬਰ ਨੂੰ ਅਧਿਆਪਕ ਦਿਵਸ ਉੱਤੇ ਇੱਕ  ਰਾਜ ਪੱਧਰੀ ਸਮਾਗਮ ਦੌਰਾਨ ਇੱਕ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਂਦਾ ਸੀ। ਇਹ ਅਧਿਆਪਕ ਨੌਕਰੀ ਕਰ ਰਹੇ ਜਾਂ ਸੇਵਾ ਮੁਕਤ ਵੀ ਹੋ ਸਕਦੇ ਸਨ, ਕਿਉਂਕਿ ਇਹ ਇੱਕੋ ਵਾਰ ਦਿੱਤਾ ਜਾਣ ਵਾਲਾ ਐਵਾਰਡ ਸੀ। ਇਸ ਤੋਂ ਇਲਾਵਾ ਲਗਭਗ 40 ਅਧਿਆਪਕਾਂ ਨੂੰ 'ਸਟੇਟ ਐਵਾਰਡ' ਦਿੱਤਾ ਜਾਂਦਾ ਸੀ, ਜਿਸ ਦੀ ਰਾਸ਼ੀ 10 ਹਜ਼ਾਰ ਰੁਪਏ ਸੀ ਅਤੇ ਡਾਕਟਰ ਚੀਮਾ ਨੇ ਇਹ ਰਾਸ਼ੀ ਵਧਾ ਕੇ 25 ਹਜ਼ਾਰ ਰੁਪਏ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਨਾਮ ਨਾਲ ਨਗਦ ਰਾਸ਼ੀ ਦੇਣੀ ਬੰਦ ਕਰ ਦਿੱਤੀ ਹੈ ਅਤੇ ਇਨਾਮ ਜਿੱਤਣ ਵਾਲੇ ਅਧਿਆਪਕਾਂ ਨੂੰ ਸਿਰਫ ਸਰਟੀਫਿਕੇਟ ਦਿੱਤੇ ਜਾਣ ਲੱਗੇ ਹਨ।
ਡਾਕਟਰ ਚੀਮਾ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਅਧਿਆਪਕਾਂ ਦਾ ਸਨਮਾਨ ਕਰਕੇ  ਉਹਨਾਂ ਪ੍ਰਤੀ ਸ਼ੁਕਰਾਨੇ ਦਾ ਇਜ਼ਹਾਰ ਕਰਨ ਵਾਲੀ ਨੇਕ ਰਵਾਇਤ ਨੂੰ ਮਹਿਜ ਸੁਸਤੀ ਅਤੇ ਲਾਪਰਵਾਹੀ ਕਰਕੇ ਤਿਆਗ ਦਿੱਤਾ ਗਿਆ ਹੈ। ਉਹਨਾਂ ਸਵਾਲ ਕੀਤਾ ਕਿ ਸਰਕਾਰ ਬਿਨਾਂ ਕੋਈ ਠੋਸ ਕਾਰਣ ਦੱਸੇ ਅਜਿਹੀ ਨੇਕ ਰਵਾਇਤ ਨੂੰ ਕਿਵੇਂ ਬੰਦ ਕਰ ਸਕਦੀ ਹੈ?
ਡਾਕਟਰ ਚੀਮਾ ਨੇ ਸਰਕਾਰ ਨੂੰ ਇਸ ਰਵਾਇਤ ਨੂੰ ਜਾਰੀ ਰੱਖਣ, ਵਧੀ ਮਹਿੰਗਾਈ ਅਨੁਸਾਰ ਇਨਾਮ ਦੀ ਰਾਸ਼ੀ ਵਧਾਉਣ ਅਤੇ ਸਟੇਟ ਐਵਾਰਡ ਜੇਤੂਆਂ ਦੀ ਗਿਣਤੀ ਵਧਾਉਣ ਦੀ ਅਪੀਲ ਕੀਤੀ ਤਾਂ ਕਿ ਵੱਧ ਤੋਂ ਵੱਧ ਅਧਿਆਪਕ ਸਿੱਖਿਆ ਦੀ ਗੁਣਵੱਤਾ ਸੁਧਾਰਨ ਲਈ ਅਧਿਆਪਨ ਦੇ ਨਵੇਂ ਢੰਗਾਂ ਵਿਚ ਦਿਲਚਸਪੀ ਲੈਣ ਅਤੇ  ਅੱਗੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਪੜ•ਾਉਣ।