• Home
  • ਬਹਿਬਲ ਕਲਾਂ ਗੋਲੀਬਾਰੀ ਦੇ ਮਾਮਲੇ ’ਚ ਐਸ.ਆਈ.ਟੀ. ਵੱਲੋਂ ਅਕਾਲੀਆਂ ਨੂੰ ਕੋਈ ਕਲੀਨ ਚਿੱਟ ਨਹੀਂ-ਕੈਪਟਨ ਅਮਰਿੰਦਰ ਸਿੰਘ‘ਜਾਂਚ ਅਜੇ ਵੀ ਜਾਰੀ, ਮੀਡੀਆ ’ਤੇ ਚੋਣਵੀਂ ਸੂਚਨਾ ਨੂੰ ਤੋੜਨ-ਮਰੋੜਨ ਦਾ ਦੋਸ਼’

ਬਹਿਬਲ ਕਲਾਂ ਗੋਲੀਬਾਰੀ ਦੇ ਮਾਮਲੇ ’ਚ ਐਸ.ਆਈ.ਟੀ. ਵੱਲੋਂ ਅਕਾਲੀਆਂ ਨੂੰ ਕੋਈ ਕਲੀਨ ਚਿੱਟ ਨਹੀਂ-ਕੈਪਟਨ ਅਮਰਿੰਦਰ ਸਿੰਘ‘ਜਾਂਚ ਅਜੇ ਵੀ ਜਾਰੀ, ਮੀਡੀਆ ’ਤੇ ਚੋਣਵੀਂ ਸੂਚਨਾ ਨੂੰ ਤੋੜਨ-ਮਰੋੜਨ ਦਾ ਦੋਸ਼’

ਫਿਰੋਜ਼ਪੁਰ/ਰੂਪਨਗਰ, 29 ਅਪ੍ਰੈਲ ਬਹਿਬਲ ਕਲਾਂ ਗੋਲੀਬਾਰੀ ਦੇ ਮਾਮਲੇ ਵਿੱਚ ਅਕਾਲੀ ਲੀਡਰਸ਼ਿਪ ਨੂੰ ਐਸ.ਆਈ.ਟੀ. ਵੱਲੋਂ ਕਲੀਨ ਚਿੱਟ ਦਿੱਤੇ ਜਾਣ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੇ ਤੱਕ ਅਦਾਲਤ ਵਿੱਚ ਇਕਹਿਰਾ ਚਲਾਨ ਪੇਸ਼ ਕੀਤਾ ਗਿਆ ਹੈ ਜਿਸ ਦਾ ਵਿਸ਼ਲੇਸ਼ਣ ਗਲਤ ਢੰਗ ਨਾਲ ਕਰਕੇ ਇਸ ਦਾ ਅਰਥ ਇਹ ਕੱਢਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਅਕਾਲੀ ਬੇਗੁਨਾਹ ਹਨ। ਫਿਰੋਜ਼ਪੁਰ ਤੋਂ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਗਦੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੀਡੀਆ ਚੋਣਵੀਂ ਸੂਚਨਾ ਨੂੰ ਤੋੜ-ਮਰੋੜ ਕੇ ਇਸ ਦੇ ਗਲਤ ਅਰਥ ਕੱਢ ਰਿਹਾ ਹੈ ਜਿਸ ਦਾ ਐਸ.ਆਈ.ਟੀ. ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸ੍ਰੀ ਘੁਬਾਇਆ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਚੋਣ ਲੜ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਐਸ.ਆਈ.ਟੀ. ਨੇ ਪਹਿਲਾਂ ਹੀ ਸਪੱਸ਼ਟ ਕੀਤਾ ਹੋਇਆ ਹੈ ਕਿ ਇਸ ਮਾਮਲੇ ਵਿੱਚ ਜਾਂਚ-ਪੜਤਾਲ ਅਜੇ ਚੱਲ ਰਹੀ ਹੈ ਅਤੇ ਇਹ ਪਹਿਲਾਂ ਪੇਸ਼ ਕੀਤੇ ਚਲਾਨ ਜੋ ਕਿ ਇਕ ਪੁਲੀਸ ਅਧਿਕਾਰੀ ਖਿਲਾਫ਼ ਦਰਜ ਕੀਤਾ ਗਿਆ ਹੈ, ਤੋਂ ਇਲਾਵਾ ਸਪਲੀਮੈਂਟਰੀ ਚਲਾਨ ਪੇਸ਼ ਕਰੇਗੀ। ਮੁੱਖ ਮੰਤਰੀ ਨੇ ਸਵਾਲ ਕਰਦੇ ਹੋਏ ਪੁੱਛਿਆ ਹੋਇਆ ਕਿ ਇਕ ਅੰਸ਼ਕ ਜਾਂਚ ਅਤੇ ਇਕਹਿਰੇ ਚਲਾਨ ਤੋਂ ਅਕਾਲੀਆਂ ਨੂੰ ਕਲੀਨ ਚਿੱਟ ਦਿੱਤੇ ਹੋਣ ਦਾ ਮਤਲਬ ਕਿਸ ਤਰਾਂ ਕੱਢਿਆ ਜਾ ਸਕਦਾ ਹੈ? ਮੁੱਖ ਮੰਤਰੀ ਨੇ ਦੁਹਰਾਇਆ ਕਿ ਜਦੋਂ ਇਸ ਮਾਮਲੇ ਵਿੱਚ ਇਕ ਵਾਰੀ ਜਾਂਚ ਮੁਕੰਮਲ ਹੋ ਜਾਵੇਗੀ ਤਾਂ ਇਸ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ਅਤੇ ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਯਕੀਨੀ ਬਣਾਈ ਜਾਵੇਗੀ। ਉਨਾਂ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਉਹ ਬਾਦਲਾਂ ਜਾਂ ਕਿਸੇ ਹੋਰ ਵਿਰੁੱਧ ਇਸ ਜਾਂ ਹੋਰ ਮਾਮਲਿਆਂ ਵਿੱਚ ਸਿਆਸੀ ਬਦਲਾਖੋਰੀ ਨਹੀਂ ਅਪਣਾਉਣਗੇ।  ਇਸ ਤੋਂ ਪਹਿਲਾਂ ਰੂਪਨਗਰ ਵਿਖੇ ਮਨੀਸ਼ ਤਿਵਾੜੀ ਦੇ ਕਾਂਗਰਸ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਮੁੱਖ ਮੰਤਰੀ ਨੇ ਹਰਿਆਣਾ ’ਚ ਆਪਣੇ ਹਮਰੁਤਬਾ ਦੀਆਂ ਪੰਜਾਬ ਦੀਆਂ ਚੋਣਾਂ ਦੇ ਸੰਦਰਭ ਵਿੱਚ ਰਾਹੁਲ ਗਾਂਧੀ ਉਪਰ ਕੀਤੀਆਂ ਟਿੱਪਣੀਆਂ ’ਤੇ ਸਖ਼ਤ ਇਤਰਾਜ਼ ਕੀਤਾ। ਉਨਾਂ ਨੇ ਐਮ.ਐਲ. ਖੱਟੜ ਨੂੰ ਪੰਜਾਬ ਅਤੇ ਕਾਂਗਰਸ ਲੀਡਰਸ਼ਿਪ ’ਤੇ ਟਿੱਪਣੀਆਂ ਬੰਦ ਕਰਨ ਲਈ ਆਖਿਆ ਅਤੇ ਉਨਾਂ ਨੂੰ ਆਪਣੇ ਸੂਬੇ ਅਤੇ ਆਪਣੇ ਲੀਡਰ ਨਰੇਂਦਰ ਮੋਦੀ ਬਾਰੇ ਗੱਲ ਕਰਨ ਲਈ ਕਿਹਾ। 

 ਚੋਣ ਮੁਹਿੰਮ ਦੌਰਾਨ ਪੰਜਾਬ ਦੇ ਕਾਂਗਰਸੀ ਲੀਡਰਾਂ ਵੱਲੋਂ ਰਾਹੁਲ ਗਾਂਧੀ ਦਾ ਨਾਂਅ ਨਾ ਲੈਣ ਬਾਰੇ ਖੱਟੜ ਦੀ ਟਿਪੱਣੀ ਦੀ ਖਿੱਲੀ ਉਡਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਸ ਦਾ ਰੱਤੀ ਭਰ ਵੀ ਨਹੀਂ ਪਤਾ ਕਿ ਪੰਜਾਬ ਜਾਂ ਕਾਂਗਰਸ ਵਿੱਚ ਕੀ ਹੋ ਰਿਹਾ ਹੈ ਜਿਸ ਕਰਕੇ ਉਸ ਨੂੰ ਸਾਡੇ ਸੂਬੇ ਨਾਲ ਸਬੰਧਤ ਮੁੱਦਿਆਂ ਬਾਰੇ ਬੋਲਣ ਦਾ ਕੋਈ ਹੱਕ ਨਹੀਂ। ਖੱਟਰ ਕੋਲ ਉਸਾਰੂ ਮੁੱਦਿਆਂ ਦੀ ਅਣਹੋਂਦ ਦੀ ਗੱਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ,‘‘ਉਹ ਮੋਦੀ ਅਤੇ ਹਰਿਆਣਾ ਦੀ ਭਾਜਪਾ ਬਾਰੇ ਗੱਲ ਕਿਉਂ ਨਹੀਂ ਕਰਦੇ?’’ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਬਾਰੇ ਵੀ ਆਪਣੇ ਪੁਰਾਣੇ ਰੁਖ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਕਾਂਗਰਸ ਨੂੰ ਉਸ ਧੜੇ ਦੀ ਕੋਈ ਵੀ ਲੋੜ ਨਹੀਂ ਹੈ, ਜਿਸ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ ਹੈ। ਉਨਾਂ ਕਿਹਾ ਕਿ ਕਾਂਗਰਸ ਆਪਣੇ ਸਿਰ ’ਤੇ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਹੂੰਝਾ ਫੇਰਨ ਦੀ ਸਥਿਤੀ ਵਿੱਚ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗਾ ਵਿਰੁੱਧ ਵੱਢੀ ਦੇ ਲਾਏ ਗਏ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨਾਂ ਦੋਸ਼ਾਂ ਦੀ ਐਸ.ਡੀ.ਐਮ. ਨੇ ਪਹਿਲਾਂ ਹੀ ਜਾਂਚ ਕਰ ਲਈ ਹੈ ਅਤੇ ਇਹ ਪੂਰੀ ਤਰਾਂ ਗਲਤ ਸਿੱਧ ਹੋਏ ਹਨ। ਉਨਾਂ ਕਿਹਾ ਕਿ ਵਿਰੋਧੀ ਧਿਰ ਕੋਲ ਚੋਣਾਂ ਲੜਨ ਲਈ ਕੋਈ ਮੁੱਦਾ ਨਹੀਂ ਹੈ ਜਿਸ ਕਰਕੇ ਉਹ ਝੂਠ ਅਤੇ ਬੇਬੁਨਿਆਦ ਦੋਸ਼ਾਂ ਰਾਹੀਂ ਵੋਟਰਾਂ ਨੂੰ ਗੁੰਮਰਾਹ ਕਰਨ ’ਚ ਰੁੱਝੀ ਹੋਈ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਗੁਰਦਾਸਪੁਰ ਹਲਕੇ ਤੋਂ ਸਨੀਲ ਜਾਖੜ ਠੋਕ ਵਜਾ ਕੇ ਜਿੱਤ ਹਾਸਲ ਕਰਨਗੇ ਜਦਕਿ ਭਾਜਪਾ ਵੱਲੋਂ ਰਾਤੋ-ਰਾਤ ਲਿਆਂਦਾ ਉਮੀਦਵਾਰ ਸੰਨੀ ਦਿਓਲ ਚੋਣਾਂ ਤੋਂ ਬਾਅਦ ਛੰੂ-ਮੰਤਰ ਹੋ ਜਾਵੇਗਾ। ਉਨਾਂ ਕਿਹਾ ਕਿ ਦਿਓਲ ਦੀ ਰੈਲੀ ਪੂਰੀ ਤਰਾਂ ਫਲਾਪ ਰਹੀ ਹੈ। ਕਿਸਾਨ ਅੰਦੋਲਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਕਿਸਾਨਾਂ ਨੂੰ ਪਹਿਲਾਂ ਹੀ ਕਰਜ਼ੇ ਤੋਂ ਰਾਹਤ ਦਿੱਤੀ ਹੈ ਅਤੇ ਜਿਉਂ ਹੀ ਸੂਬੇ ਦੀ ਵਿੱਤੀ ਸਥਿਤ ’ਚ ਸੁਧਾਰ ਹੋਵੇਗਾ ਤਾਂ ਉਨਾਂ ਨੂੰ ਹੋਰ ਸਹਾਇਤਾ ਦਿੱਤੀ ਜਾਵੇਗੀ।  ਬੇਮੌਸਮੇ ਮੀਂਹ ਨਾਲ ਫਸਲਾਂ ਨੂੰ ਹੋਏ ਨੁਕਸਾਨ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਨਾਂ ਦੀ ਸਰਕਾਰ ਕਣਕ ਦੇ ਬਦਰੰਗ ਹੋਣ ਕਾਰਨ ਖਰੀਦ ਵੇਲੇ ਭਾਅ ਵਿੱਚ ਕਿਸੇ ਵੀ ਤਰਾਂ ਦੀ ਕੇਂਦਰ ਸਰਕਾਰ ਨੂੰ ਕੋਈ ਕਟੌਤੀ ਨਹੀਂ ਲਾਉਣ ਦੇਵੇਗੀ। ਉਨਾਂ ਪੁੱਛਿਆ,‘‘ਕੁਦਰਤੀ ਆਫ਼ਤ ਲਈ ਕਿਸਾਨ ਕਿਉਂ ਨੁਕਸਾਨ ਉਠਾਉਣ?’’ ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਕੇਂਦਰ ਕੋਲ ਪਹੁੰਚ ਕਰਕੇ ਇਹ ਯਕੀਨੀ ਬਣਾਏਗੀ ਕਿ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਪੁੱਜੇ।