• Home
  • ਡਿਪਟੀ ਕਮਿਸ਼ਨਰ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਪੋਲਿੰਗ ਸਟੇਸ਼ਨਾਂ ਤੇ ਬੂਥਾਂ ਦੇ ਵਰਗੀਕਰਨ ਸਬੰਧੀ ਵਿਸਥਾਰਤ ਵਿਚਾਰ-ਵਟਾਂਦਰਾ

ਡਿਪਟੀ ਕਮਿਸ਼ਨਰ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਪੋਲਿੰਗ ਸਟੇਸ਼ਨਾਂ ਤੇ ਬੂਥਾਂ ਦੇ ਵਰਗੀਕਰਨ ਸਬੰਧੀ ਵਿਸਥਾਰਤ ਵਿਚਾਰ-ਵਟਾਂਦਰਾ

14 ਮਾਰਚ ਨੂੰ ਸਮੀਖਿਆ ਮੀਟਿੰਗ ਵਿੱਚ ਲਿਆ ਜਾਵੇਗਾ ਪੋਲਿੰਗ ਸਟੇਸ਼ਨ ਅਤੇ ਬੂਥਾਂ ਦੇ ਵਰਗੀਕਰਨ ਸਬੰਧੀ ਅੰਤਮ ਫ਼ੈਸਲਾ

ਫ਼ਾਜ਼ਿਲਕਾ, 11 ਮਾਰਚ: ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਅੱਜ ਆਗਾਮੀ ਲੋਕ ਸਭਾ ਚੋਣਾਂ ਦੇ ਸਨਮੁਖ ਜ਼ਿਲ੍ਹੇ ਵਿੱਚ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਅਤੇ ਬੂਥਾਂ ਦੇ ਵਰਗੀਕਰਨ ਲਈ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪਿਛਲੀਆਂ ਚੋਣਾਂ 'ਚ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਅਤੇ ਬੂਥਾਂ ਬਾਰੇ ਚਰਚਾ ਦੇ ਨਾਲ-ਨਾਲ ਭਵਿੱਖ ਦੇ ਕਿਆਸਿਆਂ ਨੂੰ ਵੇਖਦਿਆਂ ਹੋਰ ਪੋਲਿੰਗ ਸਟੇਸ਼ਨ ਤੇ ਬੂਥ ਸ਼ਾਮਲ ਕਰਨ ਦੇ ਨਜ਼ਰੀਏ 'ਤੇ ਗਹੁ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਸ. ਛੱਤਵਾਲ ਨੇ ਪੁਲਿਸ ਅਧਿਕਾਰੀਆਂ ਨੂੰ ਪਹਿਲੀ ਨਜ਼ਰੇ ਸ਼ੱਕੀ ਲਗਦੇ ਪੋਲਿੰਗ ਸਟੇਸ਼ਨ ਅਤੇ ਬੂਥਾਂ ਦਾ ਵਰਗੀਕਰਨ ਕਰਨ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਰੌਸ਼ਨੀ ਵਿੱਚ ਇਸ ਨਾਲ ਸਬੰਧਤ ਸਾਰੇ ਪੱਖਾਂ 'ਤੇ ਧਿਆਨ ਕੇਂਦਰਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ 14 ਮਾਰਚ ਨੂੰ ਪੋਲਿੰਗ ਸਟੇਸ਼ਨ ਅਤੇ ਬੂਥਾਂ ਦੇ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਐਲਾਨੇ ਜਾਣੇ ਸਬੰਧੀ ਮੁੜ ਸਮੀਖਿਆ ਮੀਟਿੰਗ ਕਰਕੇ ਅੰਤਮ ਫ਼ੈਸਲਾ ਲਿਆ ਜਾਵੇਗਾ।ਮੀਟਿੰਗ ਦੌਰਾਨ ਐਸ.ਡੀ.ਐਮ. ਫ਼ਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ, ਐਸ.ਡੀ.ਐਮ. ਅਬੋਹਰ ਮੈਡਮ ਪੂਨਮ ਸਿੰਘ, ਐਸ.ਡੀ.ਐਮ. ਜਲਾਲਾਬਾਦ ਸ਼੍ਰੀ ਕੇਸ਼ਵ ਗੋਇਲ, ਡੀ.ਐਸ.ਪੀ. (ਹੈੱਡਕੁਆਰਟਰ) ਹਰਪਿੰਦਰ ਕੌਰ, ਡੀ.ਐਸ.ਪੀ. ਅਬੋਹਰ (ਦਿਹਾਤੀ) ਸੰਦੀਪ ਸਿੰਘ, ਡੀ.ਐਸ.ਪੀ. ਅਬੋਹਰ ਕੁਲਦੀਪ ਸਿੰਘ, ਡੀ.ਐਸ.ਪੀ. ਫ਼ਾਜ਼ਿਲਕਾ ਜਗਦੀਸ਼ ਕੁਮਾਰ, ਤਹਿਸੀਲਦਾਰ ਚੋਣਾਂ ਸ਼੍ਰੀ ਸਤਪਾਲ ਬਾਂਸਲ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਬੋਹਰ ਸ਼੍ਰੀ ਜਸਵੰਤ ਸਿੰਘ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਖੂਈਆਂ ਸਰਵਰ ਸ਼੍ਰੀ ਵਰਿੰਦਰ ਕੁਮਾਰ ਆਦਿ ਹਾਜ਼ਰ ਸਨ।