• Home
  • ਸੁੱਖਾ ਕਾਹਲਵਾਂ ਗੈਂਗ ਦੇ ਦੋ ਖਤਰਨਾਕ ਗੈਂਗਸਟਰ ਪੁਲਿਸ ਵੱਲੋਂ ਕਾਬੂ – ਤਿੰਨ ਹੋਰ ਦੇ ਫਰਾਰ ਹੋਣ ਦਾ ਖੁਲਾਸਾ

ਸੁੱਖਾ ਕਾਹਲਵਾਂ ਗੈਂਗ ਦੇ ਦੋ ਖਤਰਨਾਕ ਗੈਂਗਸਟਰ ਪੁਲਿਸ ਵੱਲੋਂ ਕਾਬੂ – ਤਿੰਨ ਹੋਰ ਦੇ ਫਰਾਰ ਹੋਣ ਦਾ ਖੁਲਾਸਾ

ਮੁਲਾਂਪੁਰ ਦਾਖਾ/ ਗਿੱਲ
ਅੱਜ ਜਦੋਂ ਇੱਕ ਸਿਰ ਫਿਰੇ ਨੌਜਵਾਨ ਵੱਲੋਂ ਸ਼ਰੇ ਬਜ਼ਾਰ ਗੋਲੀਆਂ ਚਲਾ ਕੇ ਇੱਕ ਲੜਕੀ ਨੂੰ ਜਖਮੀ ਕੀਤਾ ਗਿਆ ਐਨ ਉਸੇ ਸਮੇਂ ਜਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਦੇ ਮੁੱਖੀ ਵਰਿੰਦਰ ਸਿੰਘ ਬਰਾੜ ਨੇ ਪ੍ਰੈਸ ਕਾਨਫਰੰਸ ਕਰਕੇ ਅੰਤਰਰਾਜੀ ਗੈਂਗਸਟਰ ਸੁੱਖਾ ਕਾਹਲਵਾਂ ਗੈਂਗ ਦੇ ਦੋ ਗੈਂਗਸਟਰਾਂ ਮਨਮਿੰਦਰ ਸਿੰਘ ਮਨੀ ਉਰਫ ਮੈਂਟਲ ਪੁੱਤਰ ਜਸਵੀਰ ਸਿੰਘ ਵਾਸੀ ਨਾਰੰਗਵਾਲ ਕਲਾਂ ਥਾਣਾ ਡੇਹਲੋਂ ਅਤੇ ਜਸਦੀਪ ਸਿੰਘ ਉਰਫ ਸੈਂਡੀ ਪੁੱਤਰ ਕੁਲਦੀਪ ਸਿੰਘ ਵਾਸੀ ਮਹਿਮਾ ਸਿੰਘ ਵਾਲਾ ਨੂੰ ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜ ਦਿਨ ਪਹਿਲਾਂ 26 ਮਾਰਚ ਨੂੰ ਜਦੋਂ ਅਮਰਵੀਰ ਸਿੰਘ ਉਰਫ ਲਾਲੀ ਵਾਸੀ ਬੁੱਲੇਵਾਲ ਜਿਲ੍ਹਾ ਕਪੂਰਥਲਾ ਅਤੇ ਉਸ ਦੇ ਸਾਥੀ ਕੁਲਦੀਪ ਸਿੰਘ ਕਾਕਾ ਵਾਸੀ ਤਲਵੰਡੀ ਭਾਈ ਜਿਲ੍ਹਾ ਫਿਰੋਜਪੁਰ ਨੂੰ ਦੋਰਾਹਾ ਲਾਗੇ ਇੱਕ ਮੁੱਠਭੇੜ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਕਤ ਮਨਮਿੰਦਰ ਸਿੰਘ ਮਨੀ ਉਰਫ ਮੈਂਟਲ ਅਤੇ ਕੁਲਦੀਪ ਸਿੰਘ ਮੁਠਭੇੜ ਵਿੱਚ ਬੱਚ ਨਿਕਲੇ ਸਨ।
ਜਿਲ੍ਹਾ ਪੁਲਿਸ ਮੁੱਖੀ ਬਰਾੜ ਅਨੁਸਾਰ ਥਾਣਾ ਜੋਧਾਂ ਦੀ ਪੁਲਿਸ ਨੇ ਮੁੱਖਬਰ ਦੀ ਇਤਲਾਹ ‘ਤੇ ਦੋਲੋਂ ਕਲਾਂ ਦੇ ਬੇਆਬਾਦ ਪਲਾਟਾਂ ਵਿੱਚ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਇੰਨ੍ਹਾਂ ਕਥਿਤ ਅਪਰਾਧੀਆਂ ਨੂੰ ਸੀ.ਆਈ.ਏ ਜਗਰਾਉਂ ਦੀ ਟੀਮ ਦੀ ਸਹਾਇਤਾ ਨਾਲ ਛਾਪੇਮਾਰੀ ਕਰਕੇ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਪੁਲਿਸ ਦੀ ਘੇਰੇਬੰਦੀ ਦੇ ਬਾਵਜੂਦ ਹਨੇਰੇ ਦਾ ਲਾਭ ਉਠਾ ਕੇ ਜੱਗਾ ਪੁੱਤਰ ਸੁਖਦੇਵ ਸਿੰਘ ਵਾਸੀ ਅਰਾਈਆਂ (ਮੱਖੂ), ਗੁਰਚੇਤਨ ਉਰਫ ਸੋਨੂੰ ਪੁੱਤਰ ਰੇਸ਼ਮ ਸਿੰਘ ਵਾਸੀ ਕਾਲਾ ਸੰਘਿਆ ਸਮੇਤ ਇੰਨ੍ਹਾਂ ਦੇ ਤਿੰਨ ਹੋਰ ਸਾਥੀ ਆਈ 20 ਕਾਰ ਰਾਹੀਂ ਫਰਾਰ ਹੋਣ ਵਿੱਚ ਸਫਲ ਰਹੇ। ਪੁਲਿਸ ਨੇ ਇੰਨ੍ਹਾਂ ਕੋਲੋਂ .32 ਬੋਰ ਦੇ ਦੋ ਪਿਸਤੌਲ ਸਮੇਤ 10 ਕਾਰਤੂਸ, .12 ਬੋਰ ਦਾ ਪਿਸਤੌਲ ਸਮੇਤ 40 ਕਾਰਤੂਸ, ਇੱਕ ਮੋਟਰ ਸਾਈਕਲ ਅਤੇ ਐਕਟਿਵਾ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਵਰਿੰਦਰ ਸਿੰਘ ਬਰਾੜ ਅਨੁਸਾਰ ਜੂਨ 2012 ਵਿੱਚ ਇਸੇ ਗੈਂਗ ਨੇ ਸੁਖਾ ਕਾਹਲਵਾਂ ਨੂੰ ਪਟਿਆਲਾ ਪੁਲਿਸ ਦੀ ਗ੍ਰਿਫਤ ਵਿੱਚੋਂ ਛੁੱਡਵਾ ਕੇ ਭਜਾਉਣ ਲਈ ਜਿੰਮੇਵਾਰ ਹਨ ਅਤੇ ਕਈ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦੇ ਹਨ।