• Home
  • ਪੁਲੀਸ ਵੱਲੋਂ ਕਾਰ ਚੋਰ ਗਿਰੋਹ ਦਾ ਪਰਦਾਫਾਸ਼, 8 ਕਾਰਾਂ ਬਰਾਮਦ

ਪੁਲੀਸ ਵੱਲੋਂ ਕਾਰ ਚੋਰ ਗਿਰੋਹ ਦਾ ਪਰਦਾਫਾਸ਼, 8 ਕਾਰਾਂ ਬਰਾਮਦ

ਐਸ.ਏ.ਐਸ. ਨਗਰ, 5 ਅਪ੍ਰੈਲਐਸ.ਏ.ਐਸ. ਨਗਰ ਪੁਲਿਸ ਨੇ ਇਕ ਕਾਰ ਚੋਰ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਅੱਠ ਕਾਰਾਂ ਅਤੇ ਇਕ ਸਕੂਟਰੀ (1-ਟੋਆਇਟਾ ਲੀਵਾ, 2 ਸਵਿੱਫਟ ਡਿਜ਼ਾਇਰ, 2 ਵਰਨਾ, 1 ਇਨੋਵਾ, 1 ਸਵਿੱਫਟ ਵੀ.ਡੀ.ਆਈ., 1 ਆਲਟੋ ਅਤੇ 1 ਮਾਇਸਟਰੋ ਸਕੂਟਰੀ) ਬਰਾਮਦ ਕੀਤੀਆਂ ਹਨ।ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਗਿਰੋਹ ਕੋਲੋਂ ਗੱਡੀਆਂ ਚੋਰੀ ਕਰਨ ਸਮੇਂ ਵਰਤੇ ਜਾਂਦੇ ਔਜ਼ਾਰ ਅਤੇ 9 ਗੱਡੀਆਂ ਦੀ ਆਰ.ਸੀਜ਼. ਵੀ ਬਰਾਮਦ ਕੀਤੀਆਂ ਗਈਆਂ ਹਨ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਥਾਣਾ ਸੋਹਾਣਾ ਵਿਖੇ ਸੱਚਪਾਲ ਵਾਸੀ ਮਕਾਨ ਨੰਬਰ 14 ਟੀ 12 ਪੀ.ਜੀ.ਆਈ. ਕੰਪਲੈਕਸ ਸੈਕਟਰ 12 ਚੰਡੀਗੜ੍ਹ ਨੇ ਇਤਲਾਹ ਦਿੱਤੀ ਸੀ ਕਿ ਮਿਤੀ 18 ਮਾਰਚ 2019 ਨੂੰ ਮੈਸਟਰਿਕ ਆਰਕ ਪੈਲੇਸ ਸੈਕਟਰ 109 ਪਿੰਡ ਰਾਏਪੁਰ ਕਲਾਂ (ਬਨੂੜ -ਲਾਂਡਰਾ ਰੋਡ ਨੇੜੇ) ਤੋਂ ਉਸ ਦੀ ਸਵਿੱਫਟ ਡਿਜ਼ਾਇਰ ਗੱਡੀ (ਸੀ.ਐਚ.01-ਏ.ਐਕਸ-4349) ਚੋਰੀ ਹੋ ਗਈ। ਸੱਚਪਾਲ ਦੇ ਬਿਆਨ ਉਤੇ ਭਾਰਤੀ ਦੰਡ ਵਿਧਾਨ ਦੀ ਧਾਰਾ 379 ਤਹਿਤ ਥਾਣਾ ਸੋਹਾਣਾ ਵਿੱਚ ਕੇਸ ਦਰਜ ਕੀਤਾ ਗਿਆ ਸੀ।ਸ. ਭੁੱਲਰ ਨੇ ਦੱਸਿਆ ਕਿ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਕੰਟਰੋਲ ਕਰਨ ਅਤੇ ਚੋਰੀ ਹੋਏ ਵਾਹਨਾਂ ਨੂੰ ਟਰੇਸ ਕਰਵਾਉਣ ਲਈ ਐਸ.ਪੀ.(ਜਾਂਚ) ਸ੍ਰੀ ਵਰੁਣ ਸ਼ਰਮਾ ਅਤੇ ਡੀ.ਐਸ.ਪੀ.(ਜਾਂਚ) ਮੁਹਾਲੀ ਸ. ਗੁਰਦੇਵ ਸਿੰਘ ਧਾਲੀਵਾਲ ਦੀ ਡਿਊਟੀ ਲਾਈ ਗਈ ਸੀ। ਇਨ੍ਹਾਂ ਦੀ ਅਗਵਾਈ ਵਿੱਚ ਇੰਚਾਰਜ ਸੀ.ਆਈ.ਏ. ਸਟਾਫ ਮੁਹਾਲੀ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਗੁਰਪ੍ਰਤਾਪ ਸਿੰਘ ਨੇ ਇਸ ਕੇਸ ਦੀ ਤਫ਼ਤੀਸ਼ ਕੀਤੀ, ਜਿਸ ਦੌਰਾਨ ਖ਼ੁਫ਼ੀਆ ਇਤਲਾਹ ਦੇ ਆਧਾਰ ਉਤੇ 4 ਅਪ੍ਰੈਲ 2019 ਨੂੰ ਇਕ ਵਰਨਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਕਾਰਾਂ ਦੇ ਤਾਲੇ ਤੋੜਨ ਲਈ ਵਰਤੇ ਜਾਂਦੇ ਔਜ਼ਾਰ ਬਰਾਮਦ ਹੋਏ। ਕਾਰ ਸਵਾਰ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਦੀ ਪਛਾਣ ਸੁਰਜੀਤ ਸਿੰਘ (46) ਵਾਸੀ ਮਕਾਨ ਨੰਬਰ ਐਸ/70 ਗਲੀ ਨੰਬਰ 8 ਸਰੂਪ ਨਗਰ ਥਾਣਾ ਪਲਸਵਾ ਡੇਰੀ ਨਿਊ ਦਿੱਲੀ, ਗੁਰਸੇਵਕ ਸਿੰਘ ਉਰਫ ਸੇਵਕ (48) ਵਾਸੀ ਮਕਾਨ ਨੰਬਰ 19/472 ਸਥੇਰੀ ਖੁਰਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਬਲਜਿੰਦਰ ਸਿੰਘ ਉਰਫ ਬਿੰਦਾ (29) ਵਾਸੀ ਪਿੰਡ ਭੂਰਾ ਕੋਨਾ ਥਾਣਾ ਖੇਮਕਰਨ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਇਹ ਡਿਜ਼ਾਇਰ ਕਾਰ ਚੋਰੀ ਕੀਤੀ ਸੀ।ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਮੁੱਢਲੀ ਪੁੱਛ-ਪੜਤਾਲ ਦੌਰਾਨ ਇਨ੍ਹਾਂ ਪਾਸੋਂ 8 ਕਾਰਾਂ ਅਤੇ ਇਕ ਮਾਇਸਟਰੋ ਸਕੂਟਰੀ ਤੋਂ ਇਲਾਵਾ ਗੱਡੀ ਚੋਰੀ ਕਰਨ ਸਮੇਂ ਵਰਤੇ ਜਾਣ ਵਾਲੇ ਔਜ਼ਾਰ, ਨੰਬਰ ਪਲੇਟਾਂ, ਗੱਡੀਆਂ ਦੇ ਸ਼ੀਸ਼ੇ, ਚਾਬੀਆਂ ਦੇ ਸੈਂਸਰ, ਕਟਰ ਮਸ਼ੀਨ, ਗ੍ਰਾਂਈਡਰ, ਲੌਕ ਕੋਡ ਮਸ਼ੀਨ, ਡ੍ਰਿਲ ਮਸ਼ੀਨ ਅਤੇ ਹੋਰ ਵੱਖ-ਵੱਖ ਮਾਰਕਾ ਗੱਡੀਆਂ ਦੀਆਂ ਆਰ.ਸੀਜ਼ ਅਤੇ ਏ.ਸੀ.ਐਮ. ਬਰਾਮਦ ਹੋਏ। ਇਨ੍ਹਾਂ ਮੁਲਜ਼ਮਾਂ ਨੇ ਦੱਸਿਆ ਕਿ ਇਹ ਬੀਮਾ ਕੰਪਨੀਆਂ ਤੋਂ ਟੋਟਲ ਡੈਮੇਜ ਗੱਡੀਆਂ ਖਰੀਦ ਕੇ ਉਨ੍ਹਾਂ ਦੀਆਂ ਆਰ.ਸੀਜ਼/ਕਾਗਜ਼ਾਤ ਅਤੇ ਮਾਡਲ ਮੁਤਾਬਿਕ ਗੱਡੀਆਂ ਚੋਰੀ ਕਰਦੇ ਸਨ ਅਤੇ ਚੋਰੀ ਕੀਤੀਆਂ ਗੱਡੀਆਂ ਉਪਰ ਟੋਟਲ ਡੈਮੇਜ ਗੱਡੀਆਂ ਦੇ ਚੈਸੀ ਅਤੇ ਇੰਜਣ ਨੰਬਰ ਲਾ ਕੇ ਅੱਗੇ ਵੇਚ ਦਿੰਦੇ ਸਨ। ਮੁਲਜ਼ਮਾਂ ਪਾਸੋਂ 9 ਕਾਰਾਂ ਦੀਆਂ ਆਰ.ਸੀਜ਼ ਮਿਲੀਆਂ ਹਨ।ਸ. ਭੁੱਲਰ ਨੇ ਅੱਗੇ ਦੱਸਿਆ ਕਿ ਇਸ ਗਿਰੋਹ ਦਾ ਮੋਹਰੀ ਸੁਰਜੀਤ ਸਿੰਘ ਹੈ, ਜਿਸ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ 7 ਕੇਸ ਦਰਜ ਹਨ ਅਤੇ ਇਹ ਕਈ ਮੁਕੱਦਮਿਆਂ ਵਿੱਚ ਉਹ ਜ਼ਮਾਨਤ ਉਤੇ ਹੈ। ਇਹ ਮੁਲਜ਼ਮ ਜਗਦੀਸ਼ ਭੋਲਾ ਡਰੱਗ ਕੇਸਾਂ ਵਿੱਚ ਵੀ ਉਸ ਦਾ ਸਾਥੀ ਰਿਹਾ ਹੈ ਅਤੇ ਉਸ ਨਾਲ ਜੇਲ੍ਹ ਕੱਟ ਕੇ ਆਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਦਿਨਾਂ ਰਿਮਾਂਡ ਹਾਸਲ ਕੀਤਾ ਗਿਆ ਹੈ।