• Home
  • ਵੱਖ ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਦੇ ਪ੍ਰਭਾਵੀ ਢੰਗ ਨਾਲ ਵੋਟਰ ਸੂਚੀਆਂ ‘ਚ ਹੋਣਗੇ ਨਾਮ ਦਰਜ – ਸੂਚੀਆਂ ਦੀ ਸੁਧਾਈ ਮੁਹਿੰਮ ਸ਼ੁਰੂ ਕਰਨ ਸਮੇਂ ਕੀਤਾ ਫ਼ੈਸਲਾ

ਵੱਖ ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਦੇ ਪ੍ਰਭਾਵੀ ਢੰਗ ਨਾਲ ਵੋਟਰ ਸੂਚੀਆਂ ‘ਚ ਹੋਣਗੇ ਨਾਮ ਦਰਜ – ਸੂਚੀਆਂ ਦੀ ਸੁਧਾਈ ਮੁਹਿੰਮ ਸ਼ੁਰੂ ਕਰਨ ਸਮੇਂ ਕੀਤਾ ਫ਼ੈਸਲਾ

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ )-
ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਇੱਥੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਫੋਟੋ ਵੋਟਰ ਸੂਚੀਆਂ ਦੀ ਸੂਧਾਈ ਸਬੰਧੀ ਸ਼ੁਰੂ ਹੋਣ ਜਾ ਰਹੀ ਮੁਹਿੰਮ ਬਾਰੇ ਮੀਟਿੰਗ ਕੀਤੀ । ਇਸ ਮੀਟਿੰਗ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਪੰਜਾਬ ਸਟੇਟ ਕਮਿਊਨਿਸਟ ਪਾਰਟੀ ਆਫ ਇੰਡੀਆ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਈ.ਉ. ਡਾ. ਰਾਜੂ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਵੋਟਰ ਸੂਚੀਆਂ ਵਿਚੋਂ ਦੋਹਰੇ ਇੰਦਰਾਜ ਜਾਂ ਦੋ ਬਾਰ ਦਰਜ ਹੋਏ ਵੇਰਵਿਆਂ ਨੂੰ ਕੱਟਣਾ, ਪੱਕੇ ਤੌਰ ਤੇ ਰਿਹਾਇਸ਼ ਬਦਲਣ ਵਾਲੇ ਅਤੇ ਮਰ ਚੁੱਕੇ ਲੋਕਾਂ ਦੀਆਂ ਵੋਟਾਂ ਕੱਟਣ ਦਾ ਕੰਮ ਕੀਤਾ ਜਾਵੇਗਾ ।
ਉਨ੍ਹਾ ਕਿਹਾ ਕਿ ਇਸ ਮੁਹਿੰਮ ਦੌਰਾਨ  ਕਲਾ, ਸੱਭਿਆਚਾਰ, ਪੱਤਰਕਾਰੀ, ਖੇਡਾਂ, ਨਿਆਪਾਲਿਕਾ ਅਤੇ ਜਨ ਸੇਵਾਵਾਂ ਦੇ ਖੇਤਰ ਦੀਆਂ ਉਘੀਆਂ ਸ਼ਖਸੀਅਤਾਂ ਦੇ ਨਾਵਾਂ ਨੂੰ ਵੋਟਰ ਸੂਚੀਆਂ ਵਿੱਚ ਪ੍ਰਭਾਵੀ ਢੰਗ ਨਾਲ ਦਰਜ ਕਰਨਾ, ਦਿਵਿਆਗ ਵੋਟਰਾਂ ਦੇ ਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਦਰਜ ਕਰਨ ਦਾ ਕੰਮ ਵੀ ਕੀਤਾ ਜਾਵੇਗਾ।
ਡਾ ਰਾਜੂ ਨੇ ਕਿਹਾ ਕਿ ਇਸ ਮੁਹਿੰਮ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਅਤੇ  ਦਫ਼ਤਰ, ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ।
ਉਨਾਂ ਦੱਸਿਆ ਕਿ 20-01-2019 ਨੂੰ ਵੋਟਰ ਬਨਣ ਵਾਲੇ ਨੌਜਵਾਨ ਵੋਟਰਾਂ ਦੇ ਇਲੈਟੋਰਲ ਫੋਟੋ ਆਈਡੈਟਿਟੀ ਕਾਰਡ ਤਿਆਰ ਕਰਕੇ ਬੀ.ਐਲ.ਉ./ਈ.ਆਰ.ਉ./ ਡੀ.ਈ.ਉ ਨੂੰ 22-01-2019 ਨੂੰ ਸੌਪ ਦਿੱਤੇ ਜਾਣਗੇ ਜੋ ਕਿ ਕੌਮੀ ਵੋਟਰ ਦਿਵਸ ਮੌਕੇ ਸਮਾਗਮ ਦੌਰਾਨ ਵੰਡੇ ਜਾਣਗੇ।
ਡਾ. ਰਾਜੂ ਨੇ ਦੱਸਿਆ ਕਿ ਮੌਜੂਦਾ ਸਮੇਂ ਰਾਜ ਵਿੱਚ ਕੁੱਲ 20112383 ਵੋਟਰ ਹਨ ਜਿਨ੍ਹਾਂ ਵਿੱਚੋਂ 10623802 ਪੁਰਸ਼ ਵੋਟਰ, 9488127 ਮਹਿਲਾ ਵੋਟਰ ਅਤੇ 454 ਥਰਡ ਜੈਂਡਰ ਵੋਟਰ ਹਨ।ਇਸ ਤੋਂ ਇਲਾਵਾ 330 ਐਨ.ਆਰ.ਆਈ. ਵੋਟਰ ਹਨ ਜਿਨ੍ਹਾਂ ਵਿੱਚੋਂ 214 ਪੁਰਸ਼ ਅਤੇ 116 ਮਹਿਲਾ ਵੋਟਰ ਹਨ । ਇਸ ਤੋਂ ਇਲਾਵਾ ਰਾਜ ਵਿੱਚ ਇਸ ਸਮੇਂ ਕੁੱਲ 23213 ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ਵਿੱਚੋਂ 6819 ਸ਼ਹਿਰੀ ਹਨ ਜਦਕਿ 16394 ਦਿਹਾਤੀ ਖੇਤਰ ਦੇ ਹਨ।
ਸੀ.ਈ.ਉ. ਨੇ ਇਸ ਮੌਕੇ ਹਾਜ਼ਰ ਸਮੂੰਹ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ਿਲ੍ਹਾ ਇਕਾਈ ਦੇ ਆਗੂਆਂ ਨੁੰ ਵੀ ਚੋਣਾਂ ਸਬੰਧੀ ਹੋਣ ਵਾਲੀਆਂ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਹਿਣ।