• Home
  • ਹਲਵਾਰਾ ਏਅਰਪੋਰਟ ਬਣਨ ਤੋਂ ਪਹਿਲਾਂ ਹੀ ਕਾਨੂੰਨੀ ਘੁੰਮਣਘੇਰੀ ‘ਚ ਫਸਿਆ !ਪੜ੍ਹੋ:- ਕਿਸ ਦੀ ਮੇਹਰਬਾਨੀ ਨਾਲ ?

ਹਲਵਾਰਾ ਏਅਰਪੋਰਟ ਬਣਨ ਤੋਂ ਪਹਿਲਾਂ ਹੀ ਕਾਨੂੰਨੀ ਘੁੰਮਣਘੇਰੀ ‘ਚ ਫਸਿਆ !ਪੜ੍ਹੋ:- ਕਿਸ ਦੀ ਮੇਹਰਬਾਨੀ ਨਾਲ ?

ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ 'ਤੇ ਰੱਖਣ ਦੀ ਮੰਗ

ਗੁਰੂਸਰ ਸੁਧਾਰ / ਸੰਤੋਖ ਗਿੱਲ
ਪਿੰਡ ਐਤੀਆਣਾ ਦਾ ਮਾਲ ਰਿਕਾਰਡ ਇਨ੍ਹਾਂ ਗੰਧਲਾ ਹੋਇਆ ਪਿਆ ਹੈ ਕਿ ਹਰ ਪਿੰਡ ਵਾਸੀ ਇਸ ਤੋਂ ਦੁਖੀ ਹੈ, ਪਰ ਹੁਣ ਜਦੋਂ ਗਲਾਡਾ ਅਧਿਕਾਰੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਮਨੁੱਖੀ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਪ੍ਰਸਤਾਵਿਤ ਹਵਾਈ ਅੱਡੇ ਵਾਸਤੇ ਲੋੜੀਂਦੀ ਜ਼ਮੀਨ ਗ੍ਰਹਿਣ ਕਰਨ ਲਈ ਮੁੱਢਲੀ ਪ੍ਰਕਿਰਿਆ ਲਗਭਗ ਪੂਰੀ ਕਰ ਲਈ ਹੈ ਤਾਂ ਪਿੰਡ ਐਤੀਆਣਾ ਦੇ ਪ੍ਰਭਾਵਿਤ ਹੋਣ ਵਾਲੇ ਕਿਸਾਨ "ਕਚਹਿਰੀਆਂ ਦੇ ਰਾਹ" ਪੈਣ ਲਈ ਮਜਬੂਰ ਹੋਏ ਬੈਠੇ ਹਨ। ਅੱਜ ਪਿੰਡ ਦੇ ਸਰਪੰਚ ਲਖਵੀਰ ਸਿੰਘ ਦੇ ਘਰ ਪਿੰਡ ਦੇ ਮੁਹਤਬਰ ਸੱਜਣਾਂ ਅਤੇ ਪ੍ਰਭਾਵਿਤ ਕਿਸਾਨ ਪਰਿਵਾਰਾਂ ਦੇ ਮੁਖੀਆਂ ਨੇ ਇੱਕ ਸੁਰ ਵਿਚ ਸਰਕਾਰ ਤੋਂ ਮੰਗ ਕੀਤੀ ਹੈ ਕਿ ਜ਼ਮੀਨ ਗ੍ਰਹਿਣ ਕਰਨ ਲਈ ਹੋਰ ਕਦਮ ਚੁੱਕਣ ਤੋਂ ਪਹਿਲਾਂ ਪਿੰਡ ਐਤੀਆਣਾ ਦਾ ਮਾਲ ਰਿਕਾਰਡ ਦਰੁਸਤ ਕਰਵਾਇਆ ਜਾਵੇ ਨਹੀਂ ਤਾਂ ਹਵਾਈ ਅੱਡੇ ਦਾ ਪ੍ਰਸਤਾਵ ਕਾਨੂੰਨੀ ਘੁੰਮਣ-ਘੇਰੀਆਂ ਵਿਚ ਫਸ ਕੇ ਰਹਿ ਜਾਵੇਗਾ।
ਕਲਕੱਤੇ ਵਿਚ ਟਰਾਂਸਪੋਰਟ ਦੇ ਕਾਰੋਬਾਰੀ ਭਰਾਵਾਂ ਸੋਹਣ ਸਿੰਘ ਅਤੇ ਮੋਹਣ ਸਿੰਘ ਦੇ ਪਰਿਵਾਰ ਤੋਂ ਬਾਅਦ ਮਹਿੰਦਰ ਸਿੰਘ ਸਿੱਧੂ ਅਤੇ ਇੰਦਰਜੀਤ ਸਿੰਘ ਸਿੱਧੂ ਦੇ ਪਰਿਵਾਰ ਦੀ ਸਭ ਤੋਂ ਵੱਧ ਜ਼ਮੀਨ ਪ੍ਰਸਤਾਵਿਤ ਹਵਾਈ ਅੱਡੇ ਦੇ ਘੇਰੇ ਵਿਚ ਆਉਂਦੀ ਹੈ ਅਤੇ ਇਨ੍ਹਾਂ ਦੋਵੇਂ ਪਰਿਵਾਰਾਂ ਦੇ ਮੁਖੀਆਂ ਨੇ ਅੱਜ ਪੰਚਾਇਤ ਸਾਹਮਣੇ ਦੁਖੀ ਮਨ ਨਾਲ ਦੱਸਿਆ ਕਿ ਕੁੱਝ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਜਾਣ ਬਾਅਦ ਲੱਖ ਯਤਨਾਂ ਦੇ ਬਾਵਜੂਦ ਉਨ੍ਹਾਂ ਦੀ ਵਿਰਾਸਤ ਦਾ ਇੰਤਕਾਲ ਮਾਲ ਵਿਭਾਗ ਰਿਕਾਰਡ ਵਿਚ ਦਰਜ ਕਰਨ ਤੋਂ ਆਨਾਕਾਨੀ ਕਰਦਾ ਆ ਰਿਹਾ ਹੈ। ਬੀਬੀ ਗੁਰਦਿਆਲ ਕੌਰ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੀਆਂ ਵੀ ਮਾਲ ਵਿਭਾਗ ਨੇ ਹੀਲਾਂ ਕਰਵਾ ਦਿੱਤੀਆਂ ਹਨ ਪਰ ਇੰਤਕਾਲ ਦਰਜ ਨਹੀਂ ਹੋਇਆ। ਹੰਸ ਰਾਜ, ਬਲਦੇਵ ਸਿੰਘ ਪੁੱਤਰ ਵਕੀਲ ਸਿੰਘ, ਗੁਰਿੰਦਰ ਸਿੰਘ ਪਨੈਚ ਪੁੱਤਰ ਲਾਭ ਸਿੰਘ, ਦਰਸ਼ਨ ਸਿੰਘ ਪੁੱਤਰ ਲਾਭ ਸਿੰਘ ਨੇ ਵੀ ਇਹੀ ਰੋਣਾ ਰੋਇਆ ਕਿ ਤਹਿਸੀਲ ਦੇ ਗੇੜੇ ਕੱਢਦਿਆਂ ਜੁੱਤੀਆਂ ਘਸ ਗਈਆਂ ਪਰ ਕੋਈ ਵਿਰਾਸਤ ਦਰਜ ਕਰਨ ਨੂੰ ਪੱਲਾ ਨਹੀਂ ਫੜਾ ਰਿਹਾ। ਬਜ਼ੁਰਗ ਅਜਾਇਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਕੁੱਝ ਅਰਸਾ ਪਹਿਲਾਂ ਕੁੱਝ ਜ਼ਮੀਨ ਖ਼ਰੀਦੀ ਸੀ, ਪਰ ਉਸ ਦਾ ਇੰਤਕਾਲ ਹਾਲੇ ਵੀ ਮਨਜ਼ੂਰ ਨਹੀਂ ਹੋ ਸਕਿਆ ਅਤੇ ਜ਼ਮੀਨ ਦੇ ਕੁੱਝ ਨੰਬਰ ਉਨ੍ਹਾਂ ਦੇ ਨਾਮ ਹੀ ਨਹੀਂ ਚੜ੍ਹਾਏ ਗਏ। ਸਾਬਕਾ ਸਰਪੰਚ ਅਤੇ ਸਿਰਕੱਢ ਕਾਂਗਰਸੀ ਆਗੂ ਗੁਰਮੀਤ ਸਿੰਘ ਨੇ ਕਿਹਾ ਕਿ ਮਾਲ ਵਿਭਾਗ ਦਾ ਤਾਂ ਬਾਬਾ ਆਦਮ ਹੀ ਨਿਰਾਲਾ ਹੈ, ਉੱਥੇ ਤਾਂ ਸੱਤਾਧਾਰੀਆਂ ਦੀ ਵੀ ਕੋਈ ਪੁੱਛ ਪ੍ਰਤੀਤ ਨਹੀਂ ਹੈ।
ਇਸ ਸਬੰਧੀ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਮਾਲ ਵਿਭਾਗ ਦਾ ਰਿਕਾਰਡ ਦਰੁਸਤ ਕੀਤੇ ਬਗੈਰ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਸਾਰਥਿਕ ਨਤੀਜੇ ਨਹੀਂ ਕੱਢ ਸਕਦੀ ਸਗੋਂ ਪ੍ਰਭਾਵਿਤ ਪਰਿਵਾਰਾਂ ਕੋਲ ਅਦਾਲਤੀ ਚਾਰਾਜੋਈ ਬਿਨਾਂ ਹੋਰ ਕੋਈ ਰਾਹ ਨਹੀਂ ਬਚਦਾ ਹੈ। ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਪ੍ਰਭਾਵਿਤ ਹੋਣ ਵਾਲੇ ਡੇਢ ਸੌ ਤੋਂ ਵਧੇਰੇ ਪਰਿਵਾਰਾਂ ਵਿਚੋਂ ਇੱਕ ਵੀ ਅਜਿਹਾ ਨਹੀਂ ਜਿਸ ਦੀ ਜ਼ਮੀਨ ਦਾ ਮਾਲ ਰਿਕਾਰਡ ਸਹੀ ਹੋਵੇ। ਇਸ ਸਬੰਧੀ ਐਸ.ਡੀ.ਐਮ ਰਾਏਕੋਟ ਡਾਕਟਰ ਹਿਮਾਂਸ਼ੂ ਗੁਪਤਾ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਬਾਰੇ ਕੋਈ ਮਾਮਲਾ ਹੁਣ ਤੱਕ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ, ਉਨ੍ਹਾਂ ਕਿਸਾਨ ਪਰਿਵਾਰਾਂ ਨੂੰ ਕਿਹਾ ਕਿ ਮਾਲ ਵਿਭਾਗ ਵਿਚ ਕਿਸੇ ਤਰ੍ਹਾਂ ਦੀ ਦਰੁਸਤੀ ਲਈ ਜੇਕਰ ਉਹ ਕੋਈ ਦਰਖਾਸਤ ਦੇਣਗੇ ਤਾਂ ਉਸ ਨੂੰ ਨਿਸ਼ਚਿਤ ਸਮੇਂ ਦੇ ਅੰਦਰ ਅੰਦਰ ਹੱਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਜਿਹੀਆਂ ਦਰਖਾਸਤਾਂ ਦੀ ਗਿਣਤੀ ਵਧੇਰੇ ਹੋਈ ਤਾਂ ਉਹ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਪਿੰਡ ਵਿਚ ਮਾਲ ਵਿਭਾਗ ਦੀ ਲੋਕ ਅਦਾਲਤ ਲਾ ਕੇ ਨਿਪਟਾਰਾ ਕਰਨ ਦਾ ਯਤਨ ਕਰਨਗੇ। ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ ਐਤੀਆਣਾ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਨੂੰ ਮਿਲਣ ਵਾਲੇ ਮੁਆਵਜ਼ੇ 'ਤੇ ਕੋਈ ਟੀ.ਡੀ.ਐਸ ਜਾਂ ਹੋਰ ਕਟੌਤੀ ਨਾ ਕੀਤੀ ਜਾਵੇ ਸਗੋਂ ਬਦਲੇ ਵਿਚ ਹੋਰ ਜ਼ਮੀਨ ਖ਼ਰੀਦਣ ਵੇਲੇ ਕਿਸਾਨਾਂ ਨੂੰ ਅਸ਼ਟਾਮ ਫ਼ੀਸ ਵੀ ਮੁਆਫ਼ ਕੀਤੀ ਜਾਵੇ।