• Home
  • ਡੇਰਾ ਸੱਚਾ ਸੌਦਾ ਨੇ ਪੰਜਾਬ ਚ 10 ਥਾਵਾਂ ਤੇ ਨਾਮ ਚਰਚਾਵਾਂ ਘਰਾਂ ਚ ਪੁਲਿਸ ਸੁਰੱਖਿਆ ਛੱਤਰੀ ਹੇਠ ਕੀਤਾ ਸ਼ਕਤੀ ਪ੍ਰਦਰਸ਼ਨ

ਡੇਰਾ ਸੱਚਾ ਸੌਦਾ ਨੇ ਪੰਜਾਬ ਚ 10 ਥਾਵਾਂ ਤੇ ਨਾਮ ਚਰਚਾਵਾਂ ਘਰਾਂ ਚ ਪੁਲਿਸ ਸੁਰੱਖਿਆ ਛੱਤਰੀ ਹੇਠ ਕੀਤਾ ਸ਼ਕਤੀ ਪ੍ਰਦਰਸ਼ਨ

ਚੰਡੀਗੜ੍ਹ / ਸੰਗਰੂਰ :-(ਐੱਚ ਐੱਸ ਸੰਮੀ )- ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਸੀਬੀਆਈ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜਾ ਸੁਣਾਉਣ ਉਪਰੰਤ ਤੇ ਪੰਚਕੂਲਾ ਵਿਖੇ ਹੋਏ ਦੰਗਿਆਂ ਤੋਂ ਬਾਅਦ ਪੰਜਾਬ ਚ ਬੰਦ ਪਏ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਅੱਜ ਅਚਾਨਕ ਪੁਲਸ ਸੁਰੱਖਿਆ ਛੱਤਰੀ ਹੇਠ ਖੁੱਲ੍ਹ ਗਏ। ਪੰਜਾਬ ਚ 10 ਅਲੱਗ ਅਲੱਗ ਹਲਕਿਆਂ ਨਾਲ ਸੰਬੰਧਤ ਨਾਮ ਚਰਚਾਵਾਂ ਘਰਾਂ ਚ ਡੇਰਾ ਪ੍ਰੇਮੀਆਂ ਨੇ ਇਕੱਠ ਕਰਕੇ ਜਿੱਥੇ ਰਾਜਨੀਤਿਕ ਪਾਰਟੀਆਂ ਨੂੰ ਹਿਲਾ ਕੇ ਰੱਖ ਦਿੱਤਾ ਉਥੇ ਡੇਰੇ ਦੇ ਰਾਜਨੀਤਿਕ ਵਿੰਗ ਦੇ ਦੋ ਤੋਂ ਤਿੰਨ ਮੈਂਬਰਾਂ ਵੱਲੋਂ ਹਰ ਪ੍ਰੋਗਰਾਮ ਚ ਸ਼ਮੂਲੀਅਤ ਕਰਕੇ ਇਹ ਦਰਸਾ ਦਿੱਤਾ ਕਿ ਅਸੀਂ ਵੋਟਾਂ ਦੀ ਰਾਜਨੀਤੀ ਵੀ ਕਰਨਾ ਜਾਣਦੇ ਹਾਂ ।

ਡੇਰੇ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕੀ ਪੰਜਾਬ ਦੇ ਸਾਰੇ ਡੇਰਿਆਂ ਚ ਪਿੱਛਲੇ ਹਫ਼ਤੇ ਤੋਂ ਨਾਮ ਚਰਚਾ ਸ਼ੁਰੂ ਕਰ ਦਿੱਤੀ ਗਈ ਹੈ ।ਦੱਸਿਆ ਗਿਆ ਹੈ ਕਿ ਅੱਜ ਸਿਰਫ ਪੰਜਾਬ ਦੇ ਦਸ ਲੋਕ ਸਭਾ ਹਲਕਿਆਂ ਨਾਲ ਸਬੰਧਤ ਇੱਕ -ਇੱਕ ਨਾਮ ਚਰਚਾ ਘਰ ਚੁਣਿਆ ਗਿਆ । ਜਿੱਥੇ ਸਬੰਧਤ ਹਲਕੇ ਦੇ ਹੀ ਪ੍ਰੇਮੀ ਇਕੱਠੇ ਹੋਏ ਸਨ। ਇਹ ਪਤਾ ਲੱਗਾ ਹੈ ਕਿ ਰਾਜਨੀਤਿਕ ਵਿੰਗ ਦੀਆਂ ਕਮੇਟੀਆਂ ਨੇ ਪਹਿਲਾਂ ਤਾਂ ਸਾਰਿਆਂ ਤੋਂ ਉਨ੍ਹਾਂ ਦੇ ਮਨ ਦੀ ਇੱਛਾ ਜਾਣਨੀ ਚਾਹੀ ਕਿ ਵੋਟਾਂ ਕਿਸ ਨੂੰ ਪਾਉਣੀਆਂ ਚਾਹੀਦੀਆਂ ਹਨ ਤੇ ਕਿਹੜੀ ਪਾਰਟੀ ਨੂੰ ਨਹੀਂ । ਭਾਵੇਂ ਕਿ ਡੇਰਾ ਪ੍ਰੇਮੀਆਂ ਦੇ ਸਾਰੀਆਂ ਪਾਰਟੀਆਂ ਸਬੰਧੀ ਅਲੱਗ ਅਲਗ ਵਿਚਾਰ ਸਨ ,ਪਰ ਅਖੀਰ ਚ ਡੇਰੇ ਸੱਚਾ ਸੌਦਾ ਦੀ ਪ੍ਰਥਾ ਅਨੁਸਾਰ ਸਾਰਿਆਂ ਦੇ ਹੱਥ ਖੜ੍ਹੇ ਕਰਵਾ ਕੇ ਇਹ ਸਹਿਮਤੀ ਲੈ ਲਈ ਜੇਕਰ ਡੇਰੇ ਦਾ ਰਾਜਨੀਤਿਕ ਵਿੰਗ ਫ਼ੈਸਲਾ ਕਰਦਾ ਹੈ ਤਾਂ ਉਹ ਸਭ ਨੂੰ ਮਨਜ਼ੂਰ ਹੋਵੇਗਾ । ਅੱਜ ਸੰਗਰੂਰ ਤੋਂ ਇਲਾਵਾ ਪਟਿਆਲਾ ਹਲਕੇ ਦਾ ਪਾਤੜਾਂ ਵਿਖੇ ,ਲੁਧਿਆਣਾ ਹਲਕੇ ਦਾ ਰਾਏਕੋਟ ਚ,ਅਨੰਦਪੁਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਹਲਕੇ ਦਾ ਗੋਬਿੰਦਗੜ੍ਹ ਵਿਖੇ ,ਫਿਰੋਜ਼ਪੁਰ ਗੁਰਦਾਸਪੁਰ ਬਠਿੰਡਾ ਤੇ ਜਲੰਧਰ ਵਿਖੇ ਡੇਰਾ ਪ੍ਰੇਮੀਆਂ ਨੇ ਸ਼ਕਤੀ ਪ੍ਰਦਰਸ਼ਨ ਕੀਤੇ ।