• Home
  • ਤੇਰਾ ਟਵੀਟ ਤੇਰੇ ਪੜਦਾਦੇ ਦੇ ਜਨਰਲ ਡਾਇਰ ਨੂੰ ਦਿੱਤੇ ਭੋਜ ਨੂੰ ਜਾਇਜ਼ ਨਹੀਂ ਠਹਿਰਾ ਸਕਦਾ ! ਪੜ੍ਹੋ ਕੈਪਟਨ ਅਮਰਿੰਦਰ ਨੇ ਹਰਸਿਮਰਤ ਨੂੰ ਕੀ ਮਾਰਿਆ ਤਾਅਨਾ ?

ਤੇਰਾ ਟਵੀਟ ਤੇਰੇ ਪੜਦਾਦੇ ਦੇ ਜਨਰਲ ਡਾਇਰ ਨੂੰ ਦਿੱਤੇ ਭੋਜ ਨੂੰ ਜਾਇਜ਼ ਨਹੀਂ ਠਹਿਰਾ ਸਕਦਾ ! ਪੜ੍ਹੋ ਕੈਪਟਨ ਅਮਰਿੰਦਰ ਨੇ ਹਰਸਿਮਰਤ ਨੂੰ ਕੀ ਮਾਰਿਆ ਤਾਅਨਾ ?

ਚੰਡੀਗੜ, 14 ਅਪ੍ਰੈਲ: ਹਰਸਿਮਰਤ ਕੌਰ ਬਾਦਲ ਦੀ ਬੇਸਮਝੀ ‘ਤੇ ਚੁਟਕੀ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਖੁਦ ਦੇ ਵਾਸਤੇ ਕੁਝ ਸਮਾਂ ਗੁਜਾਰਨ ਤੇ ਇਤਿਹਾਸ ਦਾ ਗਿਆਨ ਹਾਸਲ ਕਰਨ ਲਈ ਆਖਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹਰਸਿਮਰਤ ਨੂੰ ਉਨਾਂ ਦੇ ਵਿਰੁੱਧ ਟਵੀਟਰ ’ਤੇ ਟਿੱਪਣੀਆਂ ਰਾਹੀਂ ਸਾਰਾ ਸਮਾਂ ਫਜੂਲ ਨਾ ਗੁਆਉਣ ਦੀ ਸਲਾਹ ਦਿੱਤੀ ਹੈ।  ਹਰਸਿਮਰਤ ਨੇ ਕੈਪਟਨ ਅਮਰਿੰਦਰ ਸਿੰਘ ਦੇ ਦਾਦੇ ਵਿਰੁੱਧ ਗਲਤ ਤੱਥਾਂ ਵਾਲੀਆਂ ਲੜੀਵਾਰ ਪੋਸਟਾਂ ਪਾ ਕੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵੋਟਰਾਂ ਨੂੰ ਲਈ ਗੁੰਮਰਾਹ ਕਰਨ ਅਤੇ ਭਰਮਾਉਣ ਦੀ ਨਿਰਾਸ਼ਾਜਨਕ ਕੋਸ਼ਿਸ਼ ਕੀਤੀ ਹੈ। ਇਸ ’ਤੇ ਟਿੱਪਣੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਉਹ ਉਸਦੇ ਪੜਦਾਦੇ ਵੱਲੋਂ ਜਲਿਆਂਵਾਲਾ ਬਾਗ਼ ਕਤਲੇਆਮ ਦੇ ਬਾਅਦ ਦਿੱਤੇ ਗਏ ਚਰਚਿਤ ਸ਼ਾਹੀ ਭੋਜ ਦੇ ਮਾਮਲੇ ਵਿੱਚ ਸਪਸ਼ਟੀਕਰਨ ਦੇਣ ’ਚ ਅਸਫ਼ਲ ਰਹਿਣ ਕਰਕੇ ਅਜਿਹੀਆਂ ਕੋਸ਼ਿਸ਼ਾਂ ਕਰ ਰਹੀ ਹੈ।  ਆਪਣੇ ਦਾਦੇ ਦੇ ਜਨਰਲ ਡਾਇਰ ਨਾਲ ਸਬੰਧਾਂ ਦੇ ਬਾਰੇ ਗਲਤ ਅਤੇ ਤੱਥ ਰਹਿਤ ਤਸਵੀਰਾਂ ਅਤੇ ਵੀਡੀਓ ਪੋਸਟ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਇਕ ਵਾਰ ਫਿਰ ਉਸ ਨੂੰ ਝੂਠ ਦਾ ਸਹਾਰਾ ਲੈਣ ਦੀ ਥਾਂ ਜਨਰਲ ਡਾਇਰ ਨੂੰ ਉਸ ਦੇ ਪੜਦਾਦੇ ਵੱਲੋਂ ਦਿੱਤੇ ਭੋਜ ਬਾਰੇ ਸਪਸ਼ਟ ਕਰਨ ਲਈ ਆਖਿਆ।  ਮੁੱਖ ਮੰਤਰੀ ਨੇ ਕਿਹਾ ਕਿ ਸਪਸ਼ਟ ਤੌਰ ’ਤੇ ਕੇਂਦਰੀ ਮੰਤਰੀ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀ ਹੈ ਕਿ ਉਹ, ਉਸ ਦੇ ਭਰਾ ਬਿਕਰਮ ਮਜੀਠੀਆ, ਪਤੀ ਸੁਖਬੀਰ ਬਾਦਲ ਅਤੇ ਉਸਦਾ ਪਿਤਾ ਪ੍ਰਕਾਸ਼ ਸਿੰਘ ਬਾਦਲ ਉਸ ਦੇ ਪੜਦਾਦੇ ਦੇ ਸ਼ਰਮਨਾਕ ਕਾਰਿਆਂ ਦੇ ਸਬੰਧ ਵਿੱਚ ਮੁਆਫੀ ਮੰਗਣ ਤੋਂ ਕਿਉਂ ਅਸਫਲ ਰਹੇ ਹਨ।  ਕੈਪਟਨ ਅਮਰਿੰਦਰ ਸਿੰਘ ਨੇ ਉਸ ਦੇ ਮੂਰਖਤਾਪੂਰਨ ਟਵੀਟ ’ਤੇ ਟਿੱਪਣੀ ਕਰਦਿਆਂ ਕਿਹਾ,‘‘ਹਰਸਿਮਰਤ ਬਾਦਲ ਤੂੰ ਮੈਨੂੰ ਗਲਤ ਇਤਿਹਾਸ ਪੜਣ ਲਈ ਆਖ ਰਹੀ ਹੈਂ? ਮੇਰੇ ਦਾਦੇ ਦੇ ਲੰਡਨ ਦੌਰੇ ਦੀ ਰੈਂਡਮ ਵੀਡੀਓ ਦਾ ਜਲਿਆਂਵਾਲਾ ਬਾਗ਼ ਦੇ ਕਤਲੇਆਮ ਨਾਲ ਕੋਈ ਸਬੰਧ ਨਹੀਂ ਹੈ। ਕਤਲੇਆਮ ਵਾਲੇ ਦਿਨ ਜਨਰਲ ਡਾਇਰ ਨੂੰ ਤੇਰੇ ਪੜਦਾਦੇ ਵੱਲੋਂ ਦਿੱਤੇ ਸ਼ਾਹੀ ਭੋਜ ’ਤੇ ਪਰਦਾ ਪਾਉਣ ਲਈ ਇਹ ਮਦਦਗਾਰ ਨਹੀਂ ਹੋਵੇਗੀ।’’ ਮੁੱਖ ਮੰਤਰੀ ਨੇ ਕਿਹਾ,‘‘ਤੂੰ ਆਪਣੀ ਸਵੈ-ਇੱਛਾ ਨਾਲ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਲਗਾਤਾਰ ਅਣਗੌਲਦੀ ਆ ਰਹੀ ਏਂ। ਮੈਂ ਤੈਨੂੰ ਗੰਭੀਰਤਾ ਨਾਲ ਸਲਾਹ ਦਿੰਦਾ ਹਾਂ ਕਿ ਤੂੰ ਆਪਣਾ ਇਤਿਹਾਸ ਇਕ ਪਾਸੇ ਰੱਖ ਅਤੇ ਚੋਣਾਂ ਤੋਂ ਬਾਅਦ ਇਤਿਹਾਸ ਦੀ ਖੂਬ ਪੜਾਈ ਕਰ ਕਿਉਂਕਿ ਤੈਨੂੰ ਲੋਕ ਘਰ ਬਹਾਲਣਗੇ ਅਤੇ ਤੇਰੇ ਕੋਲ ਵਾਧੂ ਸਮਾਂ ਹੋਵੇਗਾ। ਹੈਪੀ ਰੀਡਿੰਗ।’’ ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਸਥਿਤੀ ਵਿਚੋਂ ਬਾਹਰ ਨਿਕਲਣ ਲਈ ਅੱਕੀਂ-ਪਲਾਹੀ ਹੱਥ ਮਾਰ ਰਹੀ ਹੈ ਅਤੇ ਉਸ ਕੋਲ ਆਪਣੇ ਪੜਦਾਦੇ ਦੇ ਦੇਸ਼ਦ੍ਰੋਹੀ ਅਤੇ ਰਾਸ਼ਟਰ ਵਿਰੋਧੀ ਨਾ ਹੋਣ ਦੀ ਪੈਰਵੀ ਕਰਨ ਲਈ ਕੋਈ ਵੀ ਤੱਥ ਨਹੀਂ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਜਲਿਆਂਵਾਲਾ ਬਾਗ਼ ਦੀ ਸ਼ਤਾਬਦੀ ਦੇ ਸਿਆਸੀਕਰਨ ਕਰਨ ਲਈ ਅਕਾਲੀ ਆਗੂ ਦੀ ਤਿੱਖੀ ਆਲੋਚਣਾ ਕੀਤੀ ਜੋ ਕਿ ਆਪਣੇ ਸਿਆਸੀ ਆਕਾ ਭਾਰਤੀ ਜਨਤਾ ਪਾਰਟੀ ਦੀ ਤਰਫੋ ਕਰ ਰਹੀ ਹੈ। ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਦੀ ਤਰਜ਼ ’ਤੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਸਮਾਰੋਹ ਵਿੱਚ ਸ਼ਾਮਲ ਨਾ ਹੋ ਕੇ ਜਲਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਲੀਡਰਸ਼ਿਪ ਦੇ ਰਾਹ ਚੱਲ ਰਹੀ ਹੈ ਅਤੇ ਇਹ ਵੋਟਰਾਂ ਨੂੰ ਭਰਮਾਉਣ ਲਈ ਜਲਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਵਰਤੋਂ ਕਰ ਰਹੀ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਸਣੇ ਬਾਦਲ ਕੁੰਨਬੇ ਨੇ ਆਪਣੇ ਆਪ ਨੂੰ ਬੀ.ਜੇ.ਪੀ. ਦੀ ਕੱਠਪੁਤਲੀ ਬਣਾ ਲਿਆ ਹੈ। ਉਨਾਂ ਕਿਹਾ ਕਿ ਭਾਜਪਾ ਅਤੇ ਇਸ ਦੇ ਭਾਈਵਾਲਾਂ ਕੋਲ ਕੋਈ ਵੀ ਉਸਾਰੂ ਚੋਣ ਏਜੰਡਾ ਨਹੀਂ ਹੈ ਜਿਸ ਕਰਕੇ ਉਹ ਸਾਰੇ ਤਰਾਂ ਦਾ ਝੂਠ ਫੈਲਾ ਰਹੇ ਹਨ ਅਤੇ ਸੱਤਾ ਹਥਿਆਉਣ ਲਈ ਹੇਠਲੇ ਪੱਧਰ ਦੀ ਸੌੜੀ ਸਿਆਸਤ ’ਤੇ ਉੱਤਰ ਆਏ ਹਨ।