• Home
  • ਕਰਤਾਰਪੁਰ ਸਾਹਿਬ ਲਾਂਘਾ ਮਾਮਲਾ: ਸਿੱਧੂ ਨੇ ਬਾਦਲਕਿਆਂ ਨੂੰ ਕੀਤਾ ਕਟਹਿਰੇ ‘ਚ ਖੜਾ

ਕਰਤਾਰਪੁਰ ਸਾਹਿਬ ਲਾਂਘਾ ਮਾਮਲਾ: ਸਿੱਧੂ ਨੇ ਬਾਦਲਕਿਆਂ ਨੂੰ ਕੀਤਾ ਕਟਹਿਰੇ ‘ਚ ਖੜਾ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਭਾਵੇਂ ਕਰਤਾਰਪੁਰ ਸਾਹਿਬ ਲਾਂਘੇ 'ਚ ਰੁਕਾਵਟ ਪਾਉਣ ਲਈ ਅਕਾਲੀ ਦਲ ਸਮੇਤ ਭਾਜਪਾਈ ਪੂਰੇ ਉਤਾਵਲੇ ਦਿਖਾਈ ਦੇ ਰਹੇ ਹਨ ਪਰ ਨਵਜੋਤ ਸਿੰਘ ਸਿੱਧੂ ਲਗਾਤਾਰ ਮੈਦਾਨ 'ਚ ਡਟੇ ਹੋਏ ਹਨ। ਉਹ ਜਿਥੇ ਸਿਆਸੀ ਵਿਰੋਧੀਆਂ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ ਉਥੇ ਹੀ ਦਲੀਲਾਂ ਸਮੇਤ ਆਪਣੀ ਗੱਲ ਰੱਖ ਵੀ ਰਹੇ ਹਨ। ਬੀਤੇ ਦਿਨ ਜਦੋਂ ਬੀਬੀ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਭੈਣ ਭਰਾ ਦੀ ਜੋੜੀ ਨੇ ਸਿੱਧੂ 'ਤੇ ਹਮਲੇ ਤੇਜ਼ ਕੀਤੇ ਤਾਂ ਨਾਨਕ ਨਾਮ ਲੇਵਾ ਸੰਗਤ ਨੂੰ ਬਹੁਤ ਬੁਰਾ ਲਗਿਆ ਜਿਸ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ ਨੂੰ ਖ਼ੂਬ ਰਗੜੇ ਲਾਏ। ਉਨਾਂ ਕਿਹਾ ਕਿ ਸੰਵਿਧਾਨ ਨੂੰ ਪਾੜਨ ਵਾਲੇ ਅਕਾਲੀ ਆਗੂ ਮੈਨੂੰ ਦੇਸ਼ ਭਗਤੀ ਦਾ ਪਾਠ ਪੜਾ ਰਹੇ ਹਨ। ਉਨਾਂ ਪੁਛਿਆ ਕਿ ਜਿਹੜਾ ਬਾਦਲ ਪਰਵਾਰ ਅੱਜ ਇੰਨਾ ਰੌਲਾ ਪਾ ਰਿਹਾ ਹੈ, ਉਹ ਹੁਣ ਤਕ ਕਰਤਾਰਪੁਰ ਸਾਹਿਬ ਲਾਂਘਾ ਕਿਉਂ ਨਹੀਂ ਖੁਲਵਾ ਸਕਿਆ। ਸਿੱਧੂ ਨੇ ਕਿਹਾ ਕਿ ਮੈਂ ਕੋਈ ਨਿੱਜੀ ਜਾਂ ਸਿਆਸੀ ਲੜਾਈ ਨਹੀਂ ਲੜ ਰਿਹਾ ਸਗੋਂ ਗੁਰੂ ਸਾਹਿਬ ਦੀ ਯਾਦ 'ਚ ਬਣੇ ਗੁਰਦਵਾਰਾ ਸਾਹਿਬ ਦੇ ਖੁਲੇ ਦਰਸ਼ਨ ਦੀਦਾਰੇ ਦੀ ਵਕਾਲਤ ਕਰ ਰਿਹਾ ਹਾਂ।

ਉਨਾਂ ਕਿਹਾ ਕਿ ਮੈਨੂੰ ਕਿਸੇ ਪ੍ਰਸਿੱਧੀ ਦੀ ਲੋੜ ਨਹੀਂ ਹੈ। ਜੇਕਰ ਇਨਾਂ ਲੋਕਾਂ ਨੂੰ ਲਗਦਾ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਣ ਨਾਲ ਮੇਰਾ ਸਿਆਸੀ ਕੱਦ ਉਚਾ ਹੋ ਜਾਵੇਗਾ ਤਾਂ ਸੁਖਬੀਰ ਬਾਦਲ ਅੱਗੇ ਲੱਗਣ ਤੇ ਮੈਂ ਪਿਛੇ ਲੱਗ ਕੇ ਚੱਲਣ ਨੂੰ ਤਿਆਰ ਹਾਂ। ਉਨਾਂ ਕਿਹਾ ਕਿ ਜੇਕਰ ਇਹ ਲੋਕ ਇਸੇ ਤਰਾਂ ਇਸ ਮਹਾਨ ਕਾਰਜ 'ਚ ਅੜਿੱਕਾ ਅੜਾਉਂਦੇ ਰਹੇ ਤਾਂ ਸੰਗਤ ਕਦੇ ਵੀ ਇਨਾਂ ਨੂੰ ਮੁਆਫ਼ ਨਹੀਂ ਕਰੇਗੀ।

ਸਿੱਧੂ ਨੇ ਤੰਜ ਕਸਦਿਆਂ ਕਿਹਾ ਕਿ ਕੁਝ ਲੋਕ ਮੇਰੀ ਪਾਕਿ ਫੌਜ ਮੁਖੀ ਨਾਲ ਪਾਈ ਜੱਫ਼ੀ ਨੂੰ ਉਛਾਲ ਰਹੇ ਹਨ ਪਰ ਇਹ ਘਟਨਾ ਕੋਈ ਰਾਫੇਲ ਸੌਦਾ ਥੋੜਾ ਹੈ ਜਿਹੜੀ ਚੁੱਪ ਚਪੀਤੇ ਕਰ ਲਿਆ ਗਿਆ। ਮੇਰੀ ਜੱਫੀ ਤਾਂ ਜੱਗ ਜਾਹਿਰ ਹੈ ਕਿਉਂਕਿ ਪਾਕਿ ਨੇ ਵਿਸ਼ਵਾਸ ਦਿੱਤਾ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦਿੱਤਾ ਜਾਵੇਗਾ।
ਸਿੱਧੂ ਲੇ ਕਿਹਾ ਕਿ ਪਾਕਿਸਤਾਨ ਤਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਾਕਾਰਮਤਕ ਭਰੋਸਾ ਦੇ ਰਿਹਾ ਹੈ ਪਰ ਆਪਣੇ ਹੀ ਲੋਕ ਰੰਗ 'ਚ ਭੰਗ ਪਾ ਰਹੇ ਹਨ। ਉਨਾਂ ਕਿਹਾ ਕਿ ਹੁਣ ਭਾਰਤ ਦਾ ਫ਼ਰਜ਼ ਬਣਦਾ ਹੈ ਕਿ ਉਹ ਪਾਕਿਸਤਾਨ ਕੋਲ ਆਪਣੀ ਗੱਲ ਰੱਖੇ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝੇ।

ਸਿੱਧੂ ਨੇ ਕਿਹਾ ਕਿ ਸਿੱਖ ਹੋਣ ਦੇ ਨਾਤੇ ਬਾਦਲ ਪਰਵਾਰ ਨੂੰ ਅੱਗੇ ਲੱਗ ਕੇ ਇਸ ਮਸਲੇ ਨੂੰ ਹੱਲ ਕਰਵਾਉਣਾ ਚਾਹੀਦਾ ਹੈ ਤੇ ਪ੍ਰਧਾਨ ਮੰਤਰੀ 'ਤੇ ਦਬਾਅ ਪਾ ਕੇ ਪਾਕਿਸਤਾਨ ਨਾਲ ਗੱਲ ਕਰਨ ਲਈ ਮਜਬੂਰ ਕਰਨਾ ਚਾਹੀਦਾ ਹੈ।