• Home
  • ਸੁਨੀਲ ਜਾਖੜ ਨੇ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਵੰਗਾਰਿਆ ! ਪੜ੍ਹੋ ਕਿਹੜੇ ਔਖੇ ਸਵਾਲ ਪੁੱਛੇ ?

ਸੁਨੀਲ ਜਾਖੜ ਨੇ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਵੰਗਾਰਿਆ ! ਪੜ੍ਹੋ ਕਿਹੜੇ ਔਖੇ ਸਵਾਲ ਪੁੱਛੇ ?

ਬਟਾਲਾ, 4 ਮਈ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੇ ਅੱਜ ਬਟਾਲਾ ਹਲਕੇ ਵਿਚ ਵੱਖ ਵੱਖ ਥਾਂਈ ਚੋਣ ਪ੍ਰਚਾਰ ਕਰਦਿਆਂ ਭਾਜਪਾ ਦੇ ਹਲਕੇ ਤੋਂ ਉਮੀਦਵਾਰ ਅਤੇ ਉਸਦੇ ਕੁਝ ਲਾਈਨਾਂ ਦੇ ਸੰਖੇਪ ਜਿਹੇ ਭਾਸ਼ਣਾਂ ਦੀ ਸਕਰਿਪਟ ਲਿਖ ਕੇ ਦੇਣ ਵਾਲੇ ਭਾਜਪਾਈਆਂ ਨੂੰ ਵੰਗਾਰਦਿਆਂ ਪੁੱਛਿਆ ਹੈ ਕਿ ਪਿੱਛਲੇ 5 ਸਾਲ ਵਿਚ ਮੋਦੀ ਸਰਕਾਰ ਵੱਲੋਂ ਪੰਜਾਬ ਲਈ ਦਿੱਤੇ ਕਿਸੇ ਵਿਸੇਸ਼ ਪੈਕੇਜ ਬਾਰੇ ਦੱਸਣ।
ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਲਗਾਤਾਰ ਪੰਜਾਬ ਨਾਲ ਪੱਖਪਾਤ ਕੀਤਾ ਹੈ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਵੱਲੋਂ ਦੇਸ਼ ਨੂੰ ਖਰੀਦ ਕਰਕੇ ਦਿੱਤੇ ਜਾਂਦੇ ਅਨਾਜ ਬਦਲੇ ਪੰਜਾਬ ਦੇ ਮੱਥੇ 31000 ਕਰੋੜ ਦਾ ਕਰਜ ਮੜ ਦਿੱਤਾ ਅਤੇ ਪੰਜਾਬ ਨਾਲ ਇਹ ਬੇਵਫਾਈ ਵਿਚ ਪੰਜਾਬ ਦੀ ਅਕਾਲੀ ਸਰਕਾਰ ਵੀ ਬਰਾਬਰ ਦੀ ਭਾਗੀਦਾਰ ਹੈ ਜਿਸ ਨੇ ਸੱਤਾ ਛੱਡਣ ਤੋਂ ਇਕ ਦਿਨ ਪਹਿਲਾਂ 31000 ਕਰੋੜ ਦਾ ਕਰਜ ਸੂਬੇ ਸਿਰ ਚੜਵਾ ਲਿਆ। ਇਸ ਤੋਂ ਬਿਨਾਂ ਮੋਦੀ ਸਰਕਾਰ ਨੇ ਗੁਰੂ ਘਰ ਦੇ ਲੰਗਰਾਂ ਤੇ ਟੈਕਸ ਲਗਾ ਦਿੱਤਾ ਸੀ ਪਰ ਅਖੌਤੀ ਫਖਰ ਏ ਕੌਮ ਨੇ ਇਕ ਵਜੀਰੀ ਦੇ ਲਾਲਚ ਵਿਚ ਮੋਦੀ ਸਰਕਾਰ ਕੋਲ ਇਸ ਖਿਲਾਫ ਮੁੰਹ ਤੱਕ ਨਹੀਂ ਖੋਲਿਆ ਸੀ।
ਸ੍ਰੀ ਜਾਖੜ ਨੇ ਅੱਗੇ ਬੋਲਦਿਆਂ ਕਿਹਾ ਕਿ ਹੋਰ ਤਾਂ ਹੋਰ ਇਸ ਸਾਲ ਨੂੰ ਜਦ ਦੁਨੀਆਂ ਭਰ ਵਿਚ ਸਰਵਸਾਂਝੀਵਾਲਤਾ ਦੇ ਪ੍ਰਤੀਕ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਵਜੋਂ ਮਨਾਇਆ ਜਾ ਰਿਹਾ ਹੈ ਤਾਂ ਇਸ ਪਵਿੱਤਰ ਕਾਰਜ ਲਈ ਵੀ ਮੋਦੀ ਸਰਕਾਰ ਨੇ ਕੋਈ ਫੰਡ ਨਹੀਂ ਦਿੱਤਾ ਜਦ ਕਿ ਪੰਜਾਬ ਸਰਕਾਰ 3200 ਕਰੋੜ ਰੁਪਏ ਖਰਚ ਕਰ ਰਹੀ ਹੈ। ਉਨਾਂ ਨੇ ਵੋਟਰਾਂ ਨੂੰੂ ਅਪੀਲ ਕੀਤੀ ਕਿ ਸਾਨੂੰ ਵੋਟ ਦਾ ਹੱਕ ਸਾਡੇ ਸ਼ਹੀਦਾਂ ਦੀਆਂ ਵੱਡੀਆਂ ਕੁਰਬਾਨੀਆਂ ਨਾਲ ਮਿਲਿਆ ਹੈ ਅਤੇ ਉਮੀਦਵਾਰ ਦੀ ਚੋਣ ਉਸਦੇ ਕੰਮ ਕਰਨ ਦੀ ਸਮੱਰਥਾ, ਉਸਦੇ ਤਜਰਬੇ ਨੂੰ ਵੇਖਦਿਆਂ ਕਰਨੀ ਚਾਹੀਦੀ ਹੈ। ਉਨਾਂ ਨੇ ਆਪਣੇ 16 ਮਹੀਨਿਆਂ ਦੇ ਕੰਮ ਦੱੋਸਦਿਆਂ ਕਿਹਾ ਕਿ ਹਲਕੇ ਵਿਚ ਦੋ ਗੰਨਾਂ ਮਿੱਲਾਂ ਦੀ ਸਮਰੱਥਾ ਵਿਚ ਵਾਧਾ, ਦੋ ਮੈਡੀਕਲ ਕਾਲਜਾਂ ਦੀ ਮੰਜੂਰੀ, ਡਿਗਰੀ ਕਾਲਜ, ਸੜਕਾਂ, ਪੁੱਲ ਵਰਗੇ ਕੰਮ ਕਰਵਾਏ ਹਨ ਅਤੇ ਆਉਣ ਵਾਲੇ 5 ਸਾਲਾਂ ਵਿਚ ਉਹ ਹਲਕੇ ਦੀ ਨੁਹਾਰ ਬਦਲ ਦੇਣਗੇ।
ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਐਲਾਣੀ ਨਿਆਏ ਯੋਜਨਾ ਦੀ ਗੱਲ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇਸ ਯੋਜਨਾ ਤਹਿਤ ਉਨਾਂ ਸਾਰੇ ਪਰਿਵਾਰਾਂ ਨੂੰ ਜਿੰਨਾਂ ਦੀ ਮਹੀਨਾਵਾਰ ਆਮਦਨ 12000 ਰੁਪਏ ਤੋਂ ਘੱਟ ਹੈ ਉਨਾਂ ਨੂੰ ਕੇਂਦਰ ਸਰਕਾਰ ਵੱਲੋਂ 6000 ਰੁਪਏ ਮਹੀਨਾ ਦੀ ਮਦਦ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਪੰਜਾਬ ਦੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਜੋਰ ਦੇ ਕੇ ਪੰਜਾਬ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ ਕਿ ਪੰਥ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਆਗੂਆਂ, ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿਚ ਸੁੱਟਣ ਵਾਲੇ ਮਗਰਮੱਛਾਂ ਨੂੰ ਬਖਸਿਆ ਨਹੀਂ ਜਾਵੇਗਾ। ਉਨਾਂ ਨੇ ਕਿਹਾ ਕਿ ਸਾਰੀ ਸਿਆਸਤ ਪੰਥ ਦੇ ਨਾਂਅ ਤੇ ਕਰਨ ਵਾਲਿਆਂ ਨੇ ਹੀ ਪੰਥ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ।
ਸੀਨਿਅਰ ਕਾਂਗਰਸੀ ਆਗੂ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਬਟਾਲਾ ਦੇ ਲੋਕ ਤਾਂ ਵਿਧਾਨ ਸਭਾ ਚੌਣਾਂ ਵਿਚ ਇਕ ਕਲਾਕਾਰ ਦਾ ਛਲਾਵਾ ਪਹਿਲਾਂ ਹੀ ਵੇਖ ਚੁੱਕੇ ਹਨ ਜਿਸ ਨੇ ਚੋਣਾਂ ਬਾਅਦ ਕਦੇ ਹਲਕੇ ਵਿਚ ਦਰਸ਼ਨ ਨਹੀਂ ਦਿੱਤੇ ਅਤੇ ਹੁਣ ਭਾਜਪਾ ਦੇ ਊਮੀਦਵਾਰ ਨੇ ਵੀ 19 ਮਈ ਤੋਂ ਬਾਅਦ ਹਲਕਾ ਗੁਰਦਾਸਪੁਰ ਤਾਂ ਕੀ ਪੰਜਾਬ ਵਿਚ ਵੀ ਵਿਖਾਈ ਨਹੀਂ ਦੇਣਾ ਇਸ ਲਈ ਲੋਕ ਦੁਬਾਰਾ ਕਿਸੇ ਕਲਾਕਾਰ ਦੇ ਝਾਂਸੇ ਵਿਚ ਨਹੀਂ ਆਉਣਗੇ।