• Home
  • ਕਤਰਾ -ਕਤਰਾ ਨੀਰ ਕਿਸਾਨ ਕਵੀ ਪੂਰਨ ਸਿੰਘ ਸ਼ਾਹਕੋਟ ਦੀ ਸਿਆੜਾਂ ਚ ਖਿਲਰੀ ਕਵਿਤਾ ਹੈ: ਗੁਰਭਜਨ ਗਿੱਲ

ਕਤਰਾ -ਕਤਰਾ ਨੀਰ ਕਿਸਾਨ ਕਵੀ ਪੂਰਨ ਸਿੰਘ ਸ਼ਾਹਕੋਟ ਦੀ ਸਿਆੜਾਂ ਚ ਖਿਲਰੀ ਕਵਿਤਾ ਹੈ: ਗੁਰਭਜਨ ਗਿੱਲ

ਲੁਧਿਆਣਾ: 8 ਅਪਰੈਲ

86 ਬਹਾਰਾਂ ਪੱਤਝੜਾਂ ਦੇ ਗਵਾਹ
ਕਿਸਾਨ ਆਗੂ ਤੇ ਕਵੀ ਪੂਰਨ ਸਿੰਘ ਸ਼ਾਹਕੋਟ ਦੀ ਪਲੇਠੀ ਕਾਵਿ ਪੁਸਤਕ ਕਤਰਾ ਕਤਰਾ ਨੀਰ ਸਿਆੜਾਂ ਚ ਖਿੱਲਰੀ ਕਵਿਤਾ ਦਾ ਬੋਹਲ ਹੈ। ਪੰਜਾਬੀ ਪੱਤਰਕਾਰ ਤੇ ਲੇਖਕ ਗਿਆਨ ਸੈਦਪੁਰੀ ਤੇ ਦੇਸ ਰਾਜ ਜਾਫਰਵਾਲ ਨਾਲ ਮਿਲਣ ਆਏ ਪੂਰਨ ਸਿੰਘ ਸ਼ਾਹਕੋਟ ਦੀ ਪੁਸਤਕ ਹਾਸਲ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਇਹ ਸ਼ਬਦ ਕਹੇ।
ਗਿਆਨ ਸੈਦਪੁਰੀ ਨੇ ਲੇਖਕ ਨਾਲ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ
ਕਿਸਾਨ ਆਗੂ ਪੂਰਨ ਸਿੰਘ ਸ਼ਾਹਕੋਟ ਨੇ ਦੇਸ਼ ਵੰਡ ਤੋਂ ਪਹਿਲਾਂ ਲਾਇਲਪੁਰ ਦੀਆਂ ਖੁੱਲ੍ਹੀਆਂ ਜੂਹਾਂ ਦੀ ਆਬੋ ਹਵਾ ਸਾਹੀਂ ਰਮਾਈ। ਤੇਰਾਂ ਸਾਲ ਦੀ ਉਮਰੇ 1947 ਦਾ ਕਤਲੇਆਮ ਅੱਖੀਂ ਵੇਖਿਆ।
ਅਤੇ ਸ਼ਾਹਕੋਟ ਆ ਕੇ ਅਗਾਂਹਵਧੂ ਸਟੇਜੀ ਕਵੀ ਗੁਰਦਿੱਤ ਸਿੰਘ ਕੁੰਦਨ ਜੀ ਦੀ ਸੰਗਤ ਕੀਤੀ ਜੋ ਇਨ੍ਹਾਂ ਦੇ ਪਿਤਾ ਜੀ ਵੈਦ ਸ: ਚਾਨਣ ਸਿੰਘ ਜੀ ਦੇ ਪੱਗ ਵੱਟ ਭਰਾ ਸਨ। ਇਨ੍ਹਾਂ ਲਈ ਓਹੀ ਪ੍ਰਥਮ ਸਿਰਜਣਾਤਮਿਕ ਪ੍ਰੇਰਨਾ ਬਣੀ।
ਕੁੰਦਨ ਜੀ ਦੀ ਸੰਗਤ ਨੇ ਸਾਹਿੱਤਕ ਰੰਗਤ ਚਾੜ੍ਹੀ। ਸੈਦਪੁਰੀ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਚ ਉਹ ਸ: ਅਜਮੇਰ ਸਿੰਘ ਲੱਖੋਵਾਲ ਦਾ ਨਿਕਟ ਸਹਿਯੋਗੀ ਹਨ ਜਿਸ ਕਾਰਨ ਲੱਖੋਵਾਲ ਜੀ ਦੇ ਮਿੱਤਰ ਤੇਲੂ ਰਾਮ ਕੁਹਾੜਾ ਜੀ ਨਾਲ ਮਿਲਾਪ ਹੋ ਗਿਆ। ਗਿਆਨ ਸੈਦਪੁਰੀ ਦੀ ਪ੍ਰੇਰਨਾ ਤੇ ਤੇਲੂ ਰਾਮ ਦੀ ਪਹਿਰੇਦਾਰੀ ਕਾਰਨ ਸ: ਪੂਰਨ ਸਿੰਘ ਸ਼ਾਹਕੋਟ ਦਾ ਖਿੱਲਰਿਆ ਬੋਹਲ ਪੁਸਤਕ ਰੂਪ ਚ ਸਾਂਭਿਆ ਗਿਆ ਹੈ। ਇਸ ਬੋਹਲ ਨੂੰ ਕਤਰਾ ਕਤਰਾ ਨੀਰ ਨਾਮ ਹੇਠ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ।
ਉਨ੍ਹਾਂ ਦੱਸਿਆ ਕਿ 118 ਪੰਨਿਆਂ ਦੀ ਪੰਜਾਬੀ ਲੇਖਕ ਦੇਸ ਰਾਜ ਜਾਫਰਵਾਲ ਨੇ ਕਿਹਾ ਕਿ ਇਸ ਪੁਸਤਕ ਵਿੱਚ ਗੀਤ ਗ਼ਜ਼ਲਾਂ ਰੁਬਾਈਆਂ ਤੇ ਕਵਿਤਾਵਾਂ ਵੀ ਸ਼ਾਮਿਲ ਨੇ ਜੋ ਜੀਵਨ ਅਨੁਭਵ ਦਾ ਸਹਿਜ ਪ੍ਰਗਟਾਵਾ ਹੈ, ਉਚੇਚ ਨਹੀਂ।
ਕਤਰਾ ਕਤਰਾ ਨੀਰ ਵਿੱਚੋਂ ਕੁਝ ਕਵਿਤਾਵਾਂ ਪੜ੍ਹ ਕੇ ਗੁਰਭਜਨ ਗਿੱਲ ਨੇ ਕਿਹਾ ਕਿ ਪੂਰਨ ਸਿੰਘ ਸ਼ਾਹਕੋਟ ਨੇ ਲੋਕ ਭਾਸ਼ਾ ਚ ਆਮ ਫਹਿਮ ਵਿਸ਼ਿਆਂ ਤੇ ਚੰਗੀ ਕਲਮ ਅਜਮਾਈ ਕਰਕੇ ਆਪਣੇ ਮਨ ਚਿੱਤ ਨੂੰ ਕਵਿਤਾ ਚ ਉਲਥਾਇਆ ਹੈ। ਮੈਨੂੰ ਇਸ ਕਿਤਾਬ ਚੋਂ ਸਾਦਾ ਚਿੱਤ ਅਹਿਸਾਸ ਵਾਲੇ ਸੱਜਣ ਕਵੀ ਦੇ ਦਰਸ਼ਨ ਹੋਏ ਨੇ।
ਇਸ ਮੌਕੇ ਹਾਜ਼ਰ ਲੁਧਿਆਣਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲੀਸ ਸ: ਪਿਰਥੀਪਾਲ ਸਿੰਘ ਹੇਅਰ ਨੇ ਵੀ ਪੂਰਨ ਸਿੰਘ ਸ਼ਾਹਕੋਟ ਜੀ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਇਸ ਕਿਤਾਬ ਤੋਂ ਬਾਦ ਉਹ ਜੀਵਨ ਦੇ ਸੰਘਰਸ਼ ਦੀਆਂ ਯਾਦਾਂ ਆਧਾਰਿਤ ਸਵੈਜੀਵਨੀ ਲਿਖਣ ਜਿਸ ਤੋਂ ਨੌਜਵਾਨ ਪੀੜ੍ਹੀ ਸਿਦਰ ਸਬਰ ਸੰਤੋਖ ਤੇ ਕਿਰਤ ਸਭਿਆਚਾਰ ਦਾ ਸਬਕ ਲੈ ਸਕੇ।
ਸ: ਪੂਰਨ ਸਿੰਘ ਨੇ ਕਿਹਾ ਕਿ ਮੇਰੀ ਪ੍ਰਾਪਤੀ ਇਹ ਕਵਿਤਾਵਾਂ ਨਹੀਂ ਸਗੋਂ ਉਹ ਚੇਤਨਾ ਹੈ ਜਿਸ ਦੇ ਸਹਾਰੇ ਉਸ ਨੇ ਰੂਹ ਚੋਂ ਕਵਿਤਾ ਨੂੰ ਮਰਨ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਉਹ ਸਵੈਜੀਵਨੀ ਲਿਖਣ ਦੀ ਪੂਰੀ ਕੋਸ਼ਿਸ਼ ਕਰਨਗੇ।