• Home
  • ਕੈਪਟਨ ਨੇ ਮੋਦੀ ਦੀ ਕੀਤੀ ਸ਼ਿਕਾਇਤ! ਕਮਿਸ਼ਨ ਤੇ ਉਂਗਲੀ ਚੁੱਕਦਿਆਂ ਕਿਹਾ ਕਿ ਮੋਦੀ ਤੇ ਕਾਰਵਾਈ ਕਿਉਂ ਨਹੀਂ?

ਕੈਪਟਨ ਨੇ ਮੋਦੀ ਦੀ ਕੀਤੀ ਸ਼ਿਕਾਇਤ! ਕਮਿਸ਼ਨ ਤੇ ਉਂਗਲੀ ਚੁੱਕਦਿਆਂ ਕਿਹਾ ਕਿ ਮੋਦੀ ਤੇ ਕਾਰਵਾਈ ਕਿਉਂ ਨਹੀਂ?

ਚੰਡੀਗੜ, 10 ਅਪ੍ਰੈਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਚੋਣ ਰੈਲੀ ਦੌਰਾਨ ਭਾਰਤੀ ਫੌਜਾਂ ਦੀ ਸਫ਼ਲਤਾ ਅਤੇ ਬੀਤੇ ’ਚ ਭਾਰਤੀ ਸੁਰੱਖਿਆ ਬਲਾਂ ਦੀਆਂ ਕੁਰਬਾਨੀਆਂ ਦੇ ਸਿਆਸੀ ਲਾਹੇ ਲਈ ਜ਼ਿਕਰ ਕਰਨ ’ਤੇ ਸਖ਼ਤ ਇਤਰਾਜ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਪ੍ਰਧਾਨ ਮੰਤਰੀ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ।  ਮੁੱਖ ਮਤਰੀ ਨੇ ਮੋਦੀ ਦੇ ਮਹਾਰਾਸ਼ਟਰ ਵਿੱਚ ਦਿੱਤੇ ਭਾਸ਼ਣ ਨੂੰ ‘ਬੇਹਦ ਸ਼ਰਮਨਾਕ’ ਕਰਾਰ ਦਿੰਦਿਆਂ ਕਿਹਾ ਕਿ ਇਹ ਸਪਸ਼ਟ ਤੌਰ ’ਤੇ ਆਦਰਸ਼ ਚੋਣ ਜ਼ਾਬਤੇ, ਜੋ ਆਜ਼ਾਦ ਤੇ ਨਿਰਪੱਖ ਚੋਣਾਂ ਕਰਾਉਣ ਦਾ ਆਧਾਰ ਹੈ, ਦੀ ਉਲੰਘਣਾ ਹੈ ਅਤੇ ਚੋਣ ਕਮਿਸ਼ਨ ਵੱਲੋਂ ਅਜਿਹੇ ਮਾਮਲਿਆਂ ’ਤੇ ਪੈਨੀ ਨਜ਼ਰ ਰੱਖਣ ’ਚ ਅਸਫਲ ਰਹਿਣਾ ਪੱਖਪਾਤ ਦਰਸਾਉਂਦਾ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਲਿਖੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਹਵਾਈ ਫੌਜ ਦੇ ਬਾਲਾਕੋਟ ਹਵਾਈ ਹਮਲੇ ਅਤੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀ ਕੁਰਬਾਨੀ ਰਾਹੀਂ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਭਰਮਾਉਣ ’ਤੇ ਸਖ਼ਤ ਇਤਰਾਜ਼ ਜਤਾਇਆ।  ਮੁੱਖ ਮੰਤਰੀ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨੂੰ ਅਜਿਹੇ ਸ਼ਰਮਨਾਕ ਕਾਰਿਆਂ ਵਿੱਚ ਲਿਪਤ ਨਹੀਂ ਹੋਣਾ ਚਾਹੀਦਾ ਜਿਸ ਨਾਲ ਚੋਣਾਂ ਦੀ ਲੋਕਤੰਤਰਿਕ ਪ੍ਰਕਿਰਿਆ ਹਾਸੋਹੀਣ ਬਣੇ ਅਤੇ ਚੋਣ ਕਮਿਸ਼ਨ ਦੇ ਨਾਲ-ਨਾਲ ਹਥਿਆਰਬੰਦ ਫੌਜਾਂ ਦੀ ਆਜ਼ਾਦੀ ਨੂੰ ਢਾਹ ਲੱਗੇ, ਜਿਨਾਂ ਨੂੰ ਹਮੇਸ਼ਾਂ ਆਪਣੇ ਧਰਮ ਨਿਰਪੱਖਤਾ ਵਾਲੇ ਅਕਸ ’ਤੇ ਮਾਣ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਪੂਰੀ ਤਰਾਂ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਕਿਸਮ ਦੇ ਪੱਖਪਾਤ ਲਈ ਆਗਿਆ ਦਿੱਤੀ ਜਾ ਰਹੀ ਹੈ ਅਤੇ ਪਿਛਲੇ ਕਈ ਹਫ਼ਤਿਆਂ ਤੋਂ ਚੋਣ ਕਮਿਸ਼ਨ ਚੋਣ ਜਾਬਤੇ ਦੀ ਉਲੰਘਣਾ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਵੋਟਰਾਂ ਨੂੰ ਭਰਮਾਉਣ ਲਈ ਲਗਾਤਾਰ ਇਸ ਤਰਾਂ ਦੇ ਸਿਆਸੀ ਢਕਵੰਜ ਲਈ ਆਗਿਆ ਦਿੱਤੀ ਗਈ ਹੈ ਜਿਸ ਨੇ ਚੋਣ ਕਮਿਸ਼ਨ ਦੇ ਪੱਖ ਤੋਂ ਪੱਖਪਾਤ ਕੀਤੇ ਜਾਣ ਲਈ ਸ਼ੰਕੇ ਖੜੇ ਕੀਤੇ ਹਨ। ਇਸ ਤੋਂ ਇਹ ਪ੍ਰਭਾਵ ਪੈਦਾ ਹੋ ਗਿਆ ਹੈ ਕਿ ਚੋਣ ਜਾਬਤੇ ਦੀ ਉਲੰਘਣਾ ਲਈ ਚੋਣ ਕਮਿਸ਼ਨ ਯੋਗ ਕਾਰਵਾਈ ਨਹੀਂ ਕਰ ਰਿਹਾ।  ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀ ਨੂੰ ਆਪਣੀ ਮੁਹਿੰਮ ਦੌਰਾਨ ਰੱਖਿਆ ਫੌਜਾਂ ਦੇ ਮੁਲਾਜਮਾਂ ਦੀਆਂ ਤਸਵੀਰਾਂ ਦੀ ਵਰਤੋਂ ਨਾ ਕਰਨ ਬਾਰੇ ਆਖੇ ਜਾਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਦੇਸ਼ ਦੀਆਂ ਹਥਿਆਰਬੰਦ ਫੌਜਾਂ ਉਸ ਦੀਆਂ ਸਰਹੱਦਾਂ, ਸੁਰੱਖਿਆ ਅਤੇ ਸਿਆਸੀ ਪ੍ਰ੍ਰਣਾਲੀ ਦੀਆਂ ਰੱਖਿਅਕ ਹੁੰਦਿਆਂ ਹਨ। ਉਹ ਗੈਰ ਸਿਆਸੀ ਅਤੇ ਆਧੁਨਿਕ ਜਮਹੂਰੀਅਤ ਵਿੱਚ ਬੇਲਾਗ ਦਾਅਵੇਦਾਰ ਹੁੰਦੀਆਂ ਹਨ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਸਿਆਸੀ ਪਾਰਟੀਆਂ ਅਤੇ ਆਗੂ ਆਪਣੀ ਸਿਆਮੀ ਮੁਹਿੰਮ ਦੌਰਾਨ ਹਥਿਆਰਬੰਦ ਫੌਜਾਂ ਦਾ ਕੋਈ ਹਵਾਲਾ ਦੇਣ ਵੇਲੇ ਬਹੁਤ ਜ਼ਿਆਦਾ ਸਾਵਧਾਨੀ ਵਰਤਣ। ਅਸਲ ਵਿੱਚ ਨਿਰਪੱਖਤਾ ਨੂੰ ਯਕੀਨੀ ਬਨਾਉਣ ਲਈ ਭਾਰਤੀ ਸਵਿੰਧਾਨ ਨੇ ਰਾਸ਼ਟਰਪਤੀ ਨੂੰ ਦੇਸ਼ ਦੀਆਂ ਹਥਿਆਰਬੰਦ ਫੌਜਾਂ ਦਾ ਸੁਪਰੀਮ ਕਮਾਂਡਰ ਬਣਾਇਆ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਲਗਾਤਾਰ ਆਪਣੇ ਸੌੜੇ ਸਿਆਸੀ ਹਿਤਾਂ ਲਈ ਵੋਟਾਂ ਪ੍ਰਾਪਤ ਕਰਨ ਵਾਸਤੇ ਸ਼ਹੀਦਾਂ ਦੀਆਂ ਕੁਰਬਾਨੀ ਨੂੰ ਵਰਤਣ ਦਾ ਯਤਨ ਕਰਕੇ ਉਨਾਂ ਦੀਆਂ ਸ਼ਹੀਦੀਆਂ ਨੂੰ ਘਟਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਾਲਾਕੋਟ ਹਵਾਈ ਹਮਲੇ ਅਤੇ ਸੁਰੱਖਿਆ ਫੋਰਸਾਂ ਦੇ ਸ਼ਹੀਦਾਂ ਸਬੰਧੀ ਲੋਕਾਂ ਦੀਆਂ ਭਾਵਨਾਵਾਂ ਦਾ ਵੋਟਾਂ ਲਈ ਵਰਤੋਂ ਕਰਨ ਲਈ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨਾਂ ਕਿਹਾ ਕਿ ਟੈਲੀਵੀਜ਼ਨ ਵਿੱਚ ਇਸ਼ਤਿਹਾਰਾਂ ਦੇ ਰਾਹੀਂ ਵੀ ਇਸ ਖੇਡ ਨੂੰ ਖੇਡਆ ਜਾ ਰਿਹਾ ਹੈ ਜੋ ਕਿ ਚੋਣ ਜਾਬਤੇ ਦੀ ਘੋਰ ਉਲੰਘਣਾ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਮੁਲਾਜਮਾਂ ਦੀ ਕੁਰਬਾਨੀ ਬਾਰੇ ਰੱਤੀ ਭਰ ਵੀ ਚਿੰਤਾ ਹੈ ਤਾਂ ਉਨਾਂ ਨੂੰ ਹਰੇਕ ਸ਼ਹੀਦ ਦੇ ਪਰਿਵਾਰਾਂ ਲਈ ਇੱਕ ਕਰੋੜ ਰੁਪਏ ਦੀ ਰਾਹਤ ਦਾ ਐਲਾਨ ਕਰਨਾ ਚਾਹੀਦਾ ਹੈ ਨਾ ਕਿ ਆਪਣੇ ਨਿੱਜੀ ਹਿੱਤਾਂ ਨੂੰ ਬੜਾਵਾ ਦੇਣ ਲਈ ਸ਼ਹੀਦਾਂ ਬਾਰੇ ਲੋਕ ਭਾਵਨਾਵਾਂ ਦਾ ਸੋਸ਼ਣ ਕਰਨਾ ਚਾਹੀਦਾ ਹੈ।  ਮੁੱਖ ਮੰਤਰੀ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਮੁੱਖ ਚੋਣ ਕਮਿਸ਼ਨਰ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਇਸ ਵਿੱਚ ਨਿੱਜੀ ਦਖ਼ਲ ਦੇ ਕੇ ਸੱਤਾਧਾਰੀ ਧਿਰ ਅਤੇ ਇਸ ਦੇ ਆਗੂਆਂ ਨੂੰ ਠੱਲ ਪਾਉਣ ਤਾਂ ਜੋ ਚੋਣ ਜ਼ਾਬਤੇ ਦੀ ਉਲੰਘਣਾ ਰੋਕੀ ਜਾ ਸਕੇ। ਉਨਾਂ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਚੋਣ ਪ੍ਰਕਿਰਿਆ ਹੀ ਨਹੀਂ ਗੜਬੜਾਉਂਦੀ ਸਗੋਂ ਚੋਣ ਕਮਿਸ਼ਨ ਦੀ ਪਵਿੱਤਰਤਾ ਅਤੇ ਮਰਿਯਾਦਾ ਨੂੰ ਵੀ ਢਾਹ ਲੱਗਦੀ ਹੈ।  ਮੁੱਖ ਮੰਤਰੀ ਨੇ ਮੰਗ ਕੀਤੀ ਕਿ ਨਿਰਪੱਖ ਚੋਣਾਂ ਚੋਣ ਮਰਿਯਾਦਾ, ਲੋਕਤੰਤਰੀ ਵਿਵਸਥਾ ਦੇ ਵੱਡੇਰੇ ਹਿੱਤਾਂ ਅਤੇ ਸੁਰੱਖਿਆ ਫੌੋਜਾਂ ਦੀ ਧਰਮ-ਨਿਪਪੱਖ ਭਰੋਸੇ ਯੋਗਤਾ ਨੂੰ ਬਰਕਰਾਰ ਲਈ ਇਸ ਮਾਮਲੇ ਵਿੱਚ ਬਿਨਾਂ ਕਿਸੇ ਹੋਰ ਦੇਰੀ ਤੋਂ ਕਾਰਵਾਈ ਹੋਣੀ ਚਾਹੀਦੀ ਹੈ।