• Home
  • ਮੁੱਖ ਮੰਤਰੀ ਨੇ ਬੂਟਾ ਮੰਡੀ ‘ਚ ਰੱਖਿਆ ਲੜਕੀਆਂ ਦੇ ਡਿਗਰੀ ਕਾਲਜ ਦਾ ਨੀਂਹ ਪੱਥਰ-ਅਗਲੇ ਤਿੰਨ ਸਾਲਾਂ ਵਿੱਚ ਸੂਬੇ ‘ਚ 50 ਕਾਲਜ ਸਥਾਪਿਤ ਕਰਨ ਦਾ ਐਲਾਨ

ਮੁੱਖ ਮੰਤਰੀ ਨੇ ਬੂਟਾ ਮੰਡੀ ‘ਚ ਰੱਖਿਆ ਲੜਕੀਆਂ ਦੇ ਡਿਗਰੀ ਕਾਲਜ ਦਾ ਨੀਂਹ ਪੱਥਰ-ਅਗਲੇ ਤਿੰਨ ਸਾਲਾਂ ਵਿੱਚ ਸੂਬੇ ‘ਚ 50 ਕਾਲਜ ਸਥਾਪਿਤ ਕਰਨ ਦਾ ਐਲਾਨ

ਜਲੰਧਰ, 28 ਫਰਵਰੀ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਥਾਨਿਕ ਬੂਟਾ ਮੰਡੀ ਵਿਖੇ ਲੜਕੀਆਂ ਵਾਸਤੇ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਅਗਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਵਿੱਚ 50 ਕਾਲਜ ਸਥਾਪਿਤ ਕਰਨ ਦਾ ਟੀਚਾ ਪੂਰਾ ਕਰਨ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿਰਫ਼ ਦੋ ਸਾਲਾਂ ਵਿੱਚ 17 ਕਾਲਜ ਸਥਾਪਿਤ ਕਰਨ ਦੀ ਪ੍ਰਕਿਰਿਆ ਆਰੰਭ ਕੀਤੀ ਹੈ ਜਦਕਿ ਪਿਛਲੀ ਸਰਕਾਰ ਨੇ ਆਪਣੇ ਇੱਕ ਦਹਾਕੇ ਦੇ ਸ਼ਾਸਨ ਦੌਰਾਨ ਕੇਵਲ 30 ਕਾਲਜ ਸਥਾਪਿਤ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ–ਭਾਜਪਾ ਸਰਕਾਰ ਨੇ ਸਾਲ 2008 ਵਿੱਚ ਏਥੇ ਕਾਲਜ ਬਨਾਉਣ ਦਾ ਐਲਾਨ ਕੀਤਾ ਸੀ ਪਰ ਇਸ ਸਬੰਧ ਵਿੱਚ ਕੋਈ ਵੀ ਪ੍ਰਗਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਦਾ ਕੇਵਲ ਨਾਂ ਦੀ ਖਾਤਰ ਐਲਾਨ ਕੀਤਾ ਸੀ ਪਰ ਇਸ ਨੂੰ ਪੂਰਾ ਨਹੀਂ ਕੀਤਾ।

ਬੂਟਾ ਮੰਡੀ ਵਿਖੇ ਉਸਾਰੇ ਜਾ ਰਹੇ ਡਿਗਰੀ ਕਾਲਜ ਬਾਰੇ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਸ ਖਿੱਤੇ ਦੀ ਇਕ ਬਹੁਤ ਪੁਰਾਣੀ ਮੰਗ ਸੀ ਜਿਸ ਨੂੰ ਪਹਿਲੀ ਵਾਰ 1992 ਵਿੱਚ ਉਠਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਕਾਲਜ 3 ਏਕੜ ਰਕਬੇ 'ਤੇ 13 ਕਰੋੜ ਰੁਪਏ ਦੀ ਲਾਗਤ ਨਾਲ ਡੇਢ ਸਾਲ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਇਹ ਜ਼ਮੀਨ ਮੰਡੀ ਬੋਰਡ ਵੱਲੋਂ ਉੱਚ ਸਿੱਖਿਆ ਵਿਭਾਗ ਨੂੰ ਤਬਦੀਲ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਰਾਬਰਤਾ ਦੇ ਸਿਧਾਂਤਾਂ 'ਤੇ ਸਮਾਜ ਦੇ ਨਿਰਮਾਣ ਅਤੇ ਸਮਾਜਿਕ ਨਿਆਂ ਦੇ ਵਾਸਤੇ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ ਅਤੇ ਉੱਚ ਸਿੱਖਿਆ ਦਾ ਪਸਾਰ ਸਮੱਸਿਆ ਦੀ ਹਰ ਮਰਜ਼ ਦੀ ਦਵਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਤੌਰ 'ਤੇ ਬੂਟਾ ਮੰਡੀ ਸਮਾਜਿਕ ਅਤੇ ਆਰਥਿਕ ਤੌਰ 'ਤੇ ਹਾਸ਼ੀਏ 'ਤੇ ਪਹੁੰਚੇ ਵਰਗਾਂ ਦਾ ਖੇਤਰ ਸੀ ਜਿਨ੍ਹਾਂ ਨੂੰ ਲੰਮਾਂ ਸਮਾਂ ਉੱਚ ਸਿੱਖਿਆ ਦੇ ਮੌਕਿਆਂ ਤੋਂ ਵਾਂਝੇ ਰੱਖਿਆ ਗਿਆ। ਕਾਲਜ ਦੀ ਇਸ ਇਮਾਰਤ ਵਿੱਚ ਪ੍ਰਬੰਧਕੀ ਬਲਾਕ, ਆਰਟਸ ਤੇ ਸਾਇੰਸ ਬਲਾਕ, ਜ਼ੂਆਲੋਜੀ/ਬੋਟਨੀ ਲੈਬ ਅਤੇ ਵੱਖ-ਵੱਖ ਸੱਭਿਆਚਾਰਕ/ਵਿਦਿਅਕ ਸਰਗਰਮੀਆਂ ਲਈ ਬਹੁਮੰਤਵੀ ਹਾਲ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਕਾਂਗਰਸ ਸਰਕਾਰ ਉਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਨਵੇਂ ਡਿਗਰੀ ਕਾਲਜ ਖੋਲ੍ਹੇਗੀ ਜਿਨ੍ਹਾਂ ਵਿੱਚ ਡਿਗਰੀ ਕਾਲਜ ਨਹੀਂ ਹਨ। ਇਸ ਦਾ ਉਦੇਸ਼ ਪੰਜਾਬ ਦੇ ਸਾਰੇ ਜ਼ਰੂਰਤਮੰਦ ਵਰਗਾਂ ਨੂੰ ਮਿਆਰੀ ਸਿੱਖਿਆ ਮੁਹਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਦੋ ਡਿਗਰੀ ਕਾਲਜ ਮਿਲਣਗੇ ਜਿਨ੍ਹਾਂ ਵਿੱਚ ਇੱਕ ਬੂਟਾ ਮੰਡੀ ਅਤੇ ਦੂਜਾ ਸ਼ਾਹਕੋਟ ਵਿਖੇ ਹੋਵੇਗਾ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਲਈ ਅੱਜ ਦਾ ਦਿਨ ਬਹੁਤ ਇਤਿਹਾਸਕ ਹੈ ਜਦੋਂ ਕਾਂਗਰਸ ਸਰਕਾਰ ਨੇ ਲੜਕੀਆਂ ਦੇ ਡਿਗਰੀ ਕਾਲਜ ਸਬੰਧੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਜਲੰਧਰ ਪੱਛਮੀ ਹਲਕੇ ਦੇ ਲੋਕਾਂ ਨੇ ਕਾਲਜ ਸਥਾਪਿਤ ਕਰਨ ਬਾਰੇ ਇਸ ਮੰਗ ਲਈ 107 ਦਿਨ ਲੰਮਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਯਤਨ ਇਸ ਖਿਤੇ ਵਿੱਚ ਹੋਰ ਪਸਾਰ ਕਰੇਗਾ। ਉਨ੍ਹਾਂ ਨੇ ਇਸ ਖਿੱਤੇ ਲਈ ਮੈਡੀਕਲ ਕਾਲਜ ਦੀ ਵੀ ਮੰਗ ਕੀਤੀ ਤਾਂ ਜੋ ਦੋਆਬਾ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾ ਸਕਣ। ਰਿੰਕੂ ਨੇ ਮੁੱਖ ਮੰਤਰੀ ਨੂੰ 85ਵੀਂ ਸਵਿਧਾਨਕ ਸੋਧ ਇਸ ਦੀ ਅਸਲ ਭਾਵਨਾ ਅਨੁਸਾਰ ਲਾਗੂ ਕਰਨ ਦੀ ਅਪੀਲ ਕੀਤੀ।

ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਥੋੜ੍ਹੇ ਸਮੇਂ ਵਿੱਚ ਹੀ ਕਾਲਜ ਦੀ ਲੰਮੇ ਸਮਾਂ ਤੋਂ ਲੰਬਿਤ ਪਈ ਮੰਗ ਨੂੰ ਪ੍ਰਵਾਨ ਕਰ ਲਿਆ ਹੈ ਜਿਸ ਦਾ ਐਲਾਨ ਜਲੰਧਰ ਵਿਖੇ ਪਿਛਲੇ ਸਾਲ ਡਾ. ਬੀ.ਆਰ.ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਕੀਤਾ ਗਿਆ ਸੀ। ਸੰਸਦ ਮੈਂਬਰ ਨੇ ਜਲੰਧਰ ਵਿਖੇ ਟਾਟਾ ਗਰੁੱਪ ਵੱਲੋਂ 112 ਕਰੋੜ ਦੇ ਨਾਲ ਸ਼ੁਰੂ ਕੀਤੇ ਜਾ ਰਹੇ ਹੁਨਰ ਵਿਕਾਸ ਪ੍ਰੋਜੈਕਟ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਸਬੰਧੀ ਸਹਿਮਤੀ ਪੱਤਰ 'ਤੇ ਪਹਿਲਾਂ ਹੀ ਹਸਤਾਖਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਜਲੰਧਰ ਵਿਖੇ ਅਤਿਆਧੁਨਿਕ ਸੁਪਰ ਸਪੈਸ਼ਿਲਟੀ ਹਸਪਤਾਲ ਅਤੇ ਮੈਡੀਕਲ ਕਾਲਜ ਦੀ ਵੀ ਮੰਗ ਕੀਤੀ। ਉਨ੍ਹਾਂ ਨੇ 85ਵੀ ਸੋਧ ਨੂੰ ਇਸ ਦੀ ਅਸਲ ਭਾਵਨਾ ਅਨੁਸਾਰ ਲਾਗੂ ਕਰਨ ਲਈ ਮੁੱਖ ਮੰਤਰੀ ਨੂੰ ਬੇਨਤੀ ਕੀਤੀ।

ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਸਰਹੱਦ 'ਤੇ ਲਗਾਤਾਰ ਤਣਾਅ ਬਣਿਆ ਹੋਇਆ ਹੈ ਅਤੇ ਸਾਨੂੰ ਸਮੁੱਚੇ ਦੇਸ਼ ਦੀ ਭਲਾਈ ਲਈ ਅਰਦਾਸ ਕਰਨੀ ਚਾਹੀਦੀ ਹੈ। ਸਿੱਖਿਆ ਦੇ ਖੇਤਰ ਵਿੱਚ ਨਵਾਂ ਮੀਲ ਪੱਥਰ ਕਾਇਮ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ  ਜਾਖੜ ਨੇ ਕਿਹਾ ਕਿ ਇਹ ਸਿੱਖਿਆ ਸੰਸਥਾ ਸਿਹਤਮੰਦ ਅਤੇ ਸ਼ਕਤੀਸ਼ਾਲੀ ਰਾਸ਼ਟਰ ਨਿਰਮਾਣ ਲਈ ਵੱਡਾ ਤੋਹਫਾ ਹੈ। ਉਨ੍ਹਾਂ ਨੇ ਅਨੁਸੂਚਿਤ ਜਾਤਾਂ ਦੇ ਹਿੱਤਾਂ ਖਾਸਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਅਣਗੌਲਣ ਲਈ ਕੇਂਦਰ ਸਰਕਾਰ ਦੀ ਤਿੱਖੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਭਨਾਂ ਲਈ ਸਿੱਖਿਆ ਮੁਹਈਆ ਕਰਵਾਉਣ ਦੇ ਡਾ. ਬੀ.ਆਰ.ਅੰਬੇਡਕਰ ਦੇ ਸੁਪਨੇ ਨੂੰ ਹਕੀਕਤ ਵਿੱਚ ਲਿਆਉਣ ਲਈ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਦੌਰਾਨ ਦੇਸ਼ ਦੇ ਲੋਕ ਫੈਸਲਾਕੁੰਨ ਫੈਸਲਾ ਲੈਣਗੇ।

ਇਸ ਦੌਰਾਨ ਚੌਧਰੀ ਸੰਤੋਖ ਸਿੰਘ, ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਪਰਗਟ ਸਿੰਘ, ਚੌਧਰੀ ਸੁਰਿੰਦਰ ਸਿੰਘ, ਰਜਿੰਦਰ ਬੇਰੀ, ਅਵਤਾਰ ਸਿੰਘ ਬਾਵਾ ਹੈਨਰੀ, ਹਰਦੇਵ ਸਿੰਘ ਲਾਡੀ , ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਅਤੇ ਕੌਂਸਲਰ ਸੁਨੀਤਾ ਰਿੰਕੂ ਨੇ ਡਾ. ਬੀ ਆਰ ਅੰਬੇਦਕਰ ਦੀ ਤਸਵੀਰ ਦੇ ਕੇ ਮੁੱਖ ਮੰਤਰੀ ਦਾ ਸਨਮਾਨ ਕੀਤਾ।

ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਰਾਜ ਕੁਮਾਰ ਚੱਬੇਵਾਲ, ਮੇਅਰ ਜਗਦੀਸ਼ ਰਾਜ ਰਾਜਾ, ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ, ਡਿਪਟੀ ਮੇਅਰ ਹਰਸਿਮਰਜੀਤ ਸਿੰਘ ਬੰਟੀ, ਐਡੀਸ਼ਨਲ ਚੀਫ ਸੈਕਰੇਟਰੀ ਉੱਚੇਰੀ ਸਿੱਖਿਆ ਐਸ.ਕੇ. ਸੰਧੂ, ਡਿਵੀਜਨਲ ਕਮਿਸ਼ਨਰ ਬੀ ਪੁਰਸ਼ਾਰਥਾ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਤੋਂ ਇਲਾਵਾ ਓ.ਐਸ.ਡੀ.ਮੁੱਖ ਮੰਤਰੀ ਪੰਜਾਬ ਸ੍ਰੀ ਗੁਰਪ੍ਰੀਤ ਸਿੰਘ ਸੋਨੂੰ ਢੇਸੀ, ਸ੍ਰੀ ਅੰਮ੍ਰਿਤ ਖੋਸਲਾ, ਸ੍ਰੀ ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ, ਸ੍ਰੀ ਬਲਦੇਵ ਸਿੰਘ ਦੇਵ , ਸ੍ਰੀ ਸੁਖਵਿੰਦਰ ਸਿੰਘ ਲਾਲੀ, ਸ੍ਰੀ ਅਸ਼ਵਿਨ ਭੱਲਾ ਹੋਰ ਵੀ ਹਾਜ਼ਰ ਸਨ।