• Home
  • ਸ਼੍ਰੋਮਣੀ ਕਮੇਟੀ ਦੀ ਜਾਗ ਖੁੱਲ੍ਹੀ – ਗੱਤਕਾ “ਪੇਟੈਂਟ “ਕਰਵਾਉਣ ਵਾਲੀ ਕੰਪਨੀ ਨੂੰ ਕੀਤੀ ਸ਼੍ਰੋਮਣੀ ਕਮੇਟੀ ਨੇ ਤਾੜਨਾ

ਸ਼੍ਰੋਮਣੀ ਕਮੇਟੀ ਦੀ ਜਾਗ ਖੁੱਲ੍ਹੀ – ਗੱਤਕਾ “ਪੇਟੈਂਟ “ਕਰਵਾਉਣ ਵਾਲੀ ਕੰਪਨੀ ਨੂੰ ਕੀਤੀ ਸ਼੍ਰੋਮਣੀ ਕਮੇਟੀ ਨੇ ਤਾੜਨਾ

ਅੰਮ੍ਰਿਤਸਰ, 18 ਮਾਰਚ- ਬਾਣੀ ਅਤੇ ਬਾਣੇ ਅਧਾਰਤ ਸਿੱਖ ਸ਼ਸ਼ਤਰ ਕਲਾ ਗਤਕਾ ਨੂੰ ਦਿੱਲੀ ਦੀ ਇਕ ਫ਼ਰਮ ਵੱਲੋਂ ਸਿੱਖ ਸ਼ਸ਼ਤਰ ਵਿਦਿਆ ਅਤੇ ਗਤਕੇ ਦੇ ਨਾਂ ਨੂੰ ਟਰੇਡ ਮਾਰਕ ਕਨੂੰਨ ਤਹਿਤ ਪੇਟੈਂਟ ਕਰਵਾਉਣ ਦੀ ਸਖ਼ਤ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਬੰਧਤ ਫ਼ਰਮ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਿੱਖ ਕੌਮ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੁੜੀ ਗੁਰੂ ਬਖ਼ਸ਼ਿਸ਼ ਪੁਰਾਤਨ ਵਿਰਾਸਤੀ ਯੁੱਧ ਕਲਾ ਨਾਲ ਛੇੜ-ਛਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਾਰ ਅਧੀਨ ਹੈ। ਇਸ ਸਾਰੀ ਅਵੱਗਿਆ ਲਈ ਕੌਣ-ਕੌਣ ਜ਼ਿੰਮੇਵਾਰ ਹੈ, ਇਸ ਦੀ ਤਹਿ ਤੱਕ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਫ਼ਰਮ ਨੂੰ ਤੁਰੰਤ ਆਪਣੀ ਗਲਤੀ ਲਈ ਸਿੱਖ ਕੌਮ ਪਾਸੋਂ ਮਾਫ਼ੀ ਮੰਗਣ ਲਈ ਕਿਹਾ। ਭਾਰਤੀ ਟਰੇਡ ਮਾਰਕ ਕਨੂੰਨ ਅਨੁਸਾਰ ਨਵੀਂ ਕਾਢ ਨੂੰ ਹੀ ਪੇਟੈਂਟ ਕਰਵਾਇਆ ਜਾ ਸਕਦਾ ਹੈ ਪਰੰਤੂ ਗਤਕਾ ਅਤੇ ਸਿੱਖ ਸ਼ਸਤਰ ਵਿਦਿਆ ਸਾਡੇ ਧਰਮ, ਵਿਰਸੇ ਅਤੇ ਗੁਰ-ਇਤਿਹਾਸ ਦਾ ਅਟੁੱਟ ਅੰਗ ਅਤੇ ਸਮੁੱਚੀ ਕੌਮ ਦੀ ਵਿਰਾਸਤ ਹੈ। ਇਹ ਕਿਸੇ ਦੀ ਨਿੱਜੀ ਜਗੀਰ ਨਹੀਂ ਹਨ। ਉਨ੍ਹਾਂ ਕਿਹਾ ਕਿ ਫਰਮ ਦੀ ਇਸ ਕੋਝੀ ਹਰਕਤ ਨਾਲ ਸਿੱਖ ਕੌਮ ਵਿਚ ਰੋਸ ਹੈ, ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਹਰਕਤ ਦੀ ਸਖ਼ਤ ਨਿੰਦਾ ਕਰਦਿਆਂ ਸਬੰਧਤ ਫਰਮ ਨੂੰ ਤਾੜਨਾ ਕਰਦੀ ਹੈ ਕਿ ਉਹ ਤੁਰੰਤ ਆਪਣੀ ਗਲਤੀ ਦੀ ਸਿੱਖ ਕੌਮ ਪਾਸੋਂ ਮੁਆਫ਼ੀ ਮੰਗ ਕੇ ਇਸਨੂੰ ਵਾਪਸ ਲਏ ਨਹੀਂ ਤਾਂ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਨੂੰਨੀ ਕਾਰਵਾਈ ਲਈ ਵਕੀਲਾਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ।