• Home
  • ਗੁੰਡਾ ਪਰਚੀ ਨਾਲ ਜ਼ੋਰਾਂ ‘ਤੇ ਹੋ ਰਹੀ ਹੈ ਨਜਾਇਜ਼ ਮਾਈਨਿੰਗ-ਆਪ

ਗੁੰਡਾ ਪਰਚੀ ਨਾਲ ਜ਼ੋਰਾਂ ‘ਤੇ ਹੋ ਰਹੀ ਹੈ ਨਜਾਇਜ਼ ਮਾਈਨਿੰਗ-ਆਪ

ਚੰਡੀਗੜ੍ਹ, 13 ਅਪ੍ਰੈਲ,
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ 'ਚ ਹੋ ਰਹੀ ਨਜਾਇਜ਼ ਮਾਈਨਿੰਗ ਵਿਰੁੱਧ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਰੇਤ ਮਾਫ਼ੀਆ ਦੀ ਅੱਤ ਨੂੰ ਨਾ ਰੋਕਿਆ ਤਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਰੇਤ ਮਾਫ਼ੀਆ ਵਿਰੁੱਧ ਖ਼ੁਦ ਡਟੇਗੀ, ਜਿਸ ਦੀ ਸ਼ੁਰੂਆਤ ਰੋਪੜ ਤੋਂ ਕੀਤੀ ਜਾਵੇਗੀ।
'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਟਰਾਂਸਪੋਰਟ ਵਿੰਗ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਸੰਦੋਆ, ਐਨ.ਆਰ.ਆਈ ਵਿੰਗ ਦੇ ਸੂਬਾ ਪ੍ਰਧਾਨ ਜੈ ਕਿਸ਼ਨ ਸਿੰਘ ਰੋੜੀ (ਦੋਵੇਂ ਵਿਧਾਇਕ) ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਰੇਤ ਮਾਫ਼ੀਆ ਅਤੇ ਓਵਰਲੋਡ ਟਰੱਕ ਟਿੱਪਰਾਂ ਨੇ ਅੱਤ ਮਚਾਈ ਹੋਈ ਹੈ ਅਤੇ ਇਸ ਮਾਫ਼ੀਆ ਨੂੰ ਵੀ ਉਸੇ ਤਰ੍ਹਾਂ ਹੀ ਸੱਤਾਧਾਰੀ ਕਾਂਗਰਸ, ਪੁਲਿਸ ਅਤੇ ਪ੍ਰਸ਼ਾਸਨ ਦੀ ਉਸੇ ਤਰ੍ਹਾਂ ਅੰਨ੍ਹੀ ਸਰਪ੍ਰਸਤੀ ਦੇ ਰਿਹਾ ਹੈ, ਜਿਵੇਂ ਬਾਦਲਾਂ ਦੇ ਰਾਜ 'ਚ ਮਿਲਦੀ ਸੀ। ਜਿਸ ਕਰਕੇ ਗੁੰਡਾ ਪਰਚੀ ਲਾ ਕੇ ਧੜੱਲੇ ਨਾਲ ਨਜਾਇਜ਼ ਮਾਈਨਿੰਗ ਕਰ ਰਹੇ ਹਨ। ਗੁੰਡਾਗਰਦੀ ਸਿਖ਼ਰਾਂ 'ਤੇ ਹੈ ਅਤੇ ਓਵਰਲੋਡ ਟਰੱਕ-ਟਿਪੱਰ ਪੰਜਾਬ ਭਰ ਦੀਆਂ ਸੜਕਾਂ 'ਤੇ ਮੌਤ ਬਣਕੇ ਦੌੜ ਰਹੇ ਹਨ, ਕੋਈ ਪੁੱਛ ਨਹੀਂ ਅਤੇ ਕੋਈ ਜਾਂਚ ਨਹੀਂ ਹੋ ਰਹੀ। ਕੈਪਟਨ ਅਮਰਿੰਦਰ ਸਿੰਘ ਸਮੇਤ ਪੂਰਾ ਪ੍ਰਸ਼ਾਸਨ ਸੁੱਤਾ ਪਿਆ ਹੈ।
ਸੰਦੋਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੇਜ਼ ਕਸਦਿਆਂ ਕਿਹਾ ਕਿ ਉਹ ਰੋਪੜ-ਸ੍ਰੀ ਆਨੰਦਰਪੁਰ ਸਾਹਿਬ ਦੇ ਸੁਹਾਂ, ਸੈਦਪੁਰ, ਐਲਗਰਾਂ, ਅਗੰਮ ਅਤੇ ਹਰੀਪੁਰ ਵਰਟਾ ਆਦਿ ਇਲਾਕਿਆਂ 'ਤੇ ਹੈਲੀਕਾਪਟਰ ਰਾਹੀਂ ਹੀ ਗੇੜਾ ਮਾਰ ਕੇ ਰੇਤ ਮਾਫ਼ੀਆ ਵੱਲੋਂ ਮਚਾਈ ਤਬਾਹੀ ਦਾ ਮੰਜਰ ਆਪਣੇ ਅੱਖੀਂ ਵੇਖ ਲੈਣ।