• Home
  • ਗਿ: ਗੁਰਬਚਨ ਸਿੰਘ ਦੇ ਪੁੱਤਰ ਨੂੰ ਨਹੀਂ ਮਿਲਿਆ ਪਸ਼ੂ ਮੇਲਿਆਂ ਦਾ ਠੇਕਾ

ਗਿ: ਗੁਰਬਚਨ ਸਿੰਘ ਦੇ ਪੁੱਤਰ ਨੂੰ ਨਹੀਂ ਮਿਲਿਆ ਪਸ਼ੂ ਮੇਲਿਆਂ ਦਾ ਠੇਕਾ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪੁੱਤਰ ਅਤੇ ਸਾਬਕਾ ਅਕਾਲੀ ਚੇਅਰਮੈਨ ਮਨਜਿੰਦਰ ਸਿੰਘ ਬਿੱਟੂ ਦੀ ਇਸ ਵਾਰ ਸਿਆਸੀ ਪਹੁੰਚ ਨਹੀਂ ਚੱਲ ਸਕੀ ਕਿਉਂਕਿ ਅਕਾਲੀ ਦਲ ਸੱਤਾ 'ਚ ਬਾਹਰ ਹੈ। ਜਿਸ ਕਾਰਨ ਉਨਾਂ ਨੂੰ ਐਤਕੀਂ ਪਸ਼ੂ ਮੇਲਿਆਂ ਦਾ ਠੇਕਾ ਨਹੀਂ ਮਿਲ ਸਕਿਆ।।ਬਿੱਟੂ ਨੇ ਇਸ ਵਾਰ ਸਾਲ 2018-19 ਲਈ ਪੰਜਾਬ ਦੇ ਪਸ਼ੂ ਮੇਲਿਆਂ ਦਾ ਠੇਕਾ ਲੈਣ ਲਈ ਸਰਕਾਰੀ ਪੱਧਰ 'ਤੇ ਪਹੁੰਚ ਕੀਤੀ ਸੀ।।।
ਆਰਟੀਆਈ ਰਾਹੀਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਮਾਲੀ ਸਾਲ ਦੌਰਾਨ ਪੰਚਾਇਤ ਵਿਭਾਗ ਨੇ ਪੰਜਾਬ ਦੇ ਪਸ਼ੂ ਮੇਲਿਆਂ ਦਾ 1 ਜੁਲਾਈ 2017 ਤੋਂ 30 ਜੂਨ 2018 ਤਕ ਦਾ ਠੇਕਾ 'ਯੂਨਾਈਟਿਡ ਕੈਟਲ ਫੇਅਰ ਆਰਗੇਨਾਈਜ਼ਰ' ਨੂੰ 105.50 ਕਰੋੜ ਵਿਚ ਦਿਤਾ ਸੀ ਜਿਸ ਵਿਚ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਵੀ ਹਿੱਸੇਦਾਰ ਸੀ।। ਜਾਣਕਾਰੀ ਅਨੁਸਾਰ ਪੰਚਾਇਤ ਵਿਭਾਗ ਨੇ ਐਤਕੀਂ ਪਸ਼ੂ ਮੇਲਿਆਂ ਦਾ ਠੇਕਾ ਰਾਜਪੁਰਾ ਦੀ ਫ਼ਰਮ ਨੂੰ ਦਿਤਾ ਹੈ।। ਪੰਚਾਇਤ ਵਿਭਾਗ ਕੋਲ 2018-19 ਦੇ ਪਸ਼ੂ ਮੇਲਿਆਂ ਦਾ ਠੇਕਾ ਲੈਣ ਲਈ ਬਿੱਟੂ ਨੇ 9 ਜੁਲਾਈ 2018 ਨੂੰ ਸਕਿਉਰਿਟੀ ਡਰਾਫ਼ਟ ਜਮਾਂ ਕਰਾਇਆ ਸੀ।। ਇਸ ਮੌਕੇ ਹੋਰ 12 ਬੋਲੀਕਾਰਾਂ ਨੇ ਵੀ ਅਜਿਹੇ ਡਰਾਫ਼ਟ ਜਮਾਂ ਕਰਾਏ ਸਨ।।
ਹਾਲਾਂਕਿ ਉਹ ਇਹ ਕਾਰੋਬਾਰ ਨਿਯਮਾਂ ਅਨੁਸਾਰ ਅਤੇ ਸਰਕਾਰੀ ਖ਼ਜ਼ਾਨੇ ਨੂੰ ਠੇਕੇ ਦੀ ਪੂਰੀ ਰਾਸ਼ੀ ਤਾਰ ਕੇ ਕਰ ਰਹੇ ਸਨ ਪਰ ਜਥੇਦਾਰ ਦੇ ਪਰਿਵਾਰ ਵਿਚੋਂ ਹੋਣ ਕਰਕੇ ਉਸ 'ਤੇ ਨੈਤਿਕ ਨਜ਼ਰੀਏ ਤੋਂ ਉਂਗਲ ਉਠ ਰਹੀ ਸੀ।। ਦੂਜੇ ਪਾਸੇ ਸਾਬਕਾ ਚੇਅਰਮੈਨ ਬਿੱਟੂ ਦਾ ਕਹਿਣਾ ਹੈ ਕਿ ਬੀਤੇ ਸਾਲ ਵੱਡਾ ਘਾਟਾ ਪੈਣ ਕਾਰਨ ਐਤਕੀਂ ਉਨਾਂ ਕੰਮ ਨਹੀਂ ਲਿਆ।। ਉਨਾਂ ਕਿਹਾ ਕਿ ਕੰਮ ਕਰਨਾ ਕੋਈ ਪਾਪ ਨਹੀਂ, ਠੱਗੀ ਮਾਰਨਾ ਮਾੜੀ ਗੱਲ ਹੈ।।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹਰ ਮਹੀਨੇ 42 ਪਸ਼ੂ ਮੇਲੇ ਲੱਗਦੇ ਹਨ ਜਿਥੋਂ ਠੇਕੇਦਾਰਾਂ ਨੂੰ ਭਾਰੀ ਆਮਦਨ ਹੁੰਦੀ ਹੈ।