• Home
  • ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲਿਆਂ ’ਤੇ ਹੋਵੇਗੀ ਕਾਰਵਾਈ-ਜ਼ਿਲ੍ਹਾ ਮੈਜਿਸਟ੍ਰੇਟ

ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲਿਆਂ ’ਤੇ ਹੋਵੇਗੀ ਕਾਰਵਾਈ-ਜ਼ਿਲ੍ਹਾ ਮੈਜਿਸਟ੍ਰੇਟ

ਨਵਾਂਸ਼ਹਿਰ, 24 ਮਈ-
ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲੇ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਪਸ਼ੂਆਂ ਨੂੰ ਬੇਸਹਾਰਾ ਛੱਡਣ ’ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਬੇਸਹਾਰਾ ਛੱਡੇ ਜਾਂਦੇ ਇਨ੍ਹਾਂ ਪਸ਼ੂਆਂ ’ਚ ਗਾਂਵਾਂ/ਗਊਵੰਸ਼ ਵੀ ਸ਼ਾਮਿਲ ਹੁੰਦੇ ਹਨ, ਜੋ ਕਿ ਕੁੱਝ ਧਰਮਾਂ ’ਚ ਆਸਥਾ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਬੇਸਹਾਰਾ ਛੱਡੇ ਜਾਣ ਨਾਲ ਪਸ਼ੂ ਸੜ੍ਹਕਾਂ ’ਤੇ ਆ ਜਾਂਦੇ ਹਨ ਅਤੇ ਆਵਾਜਾਈ ’ਚ ਅੜਿੱਕਾ ਬਣਨ ਦੇ ਨਾਲ-ਨਾਲ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਬੇਸਹਾਰਾ ਪਸ਼ੂ ਸੜ੍ਹਕ ਹਾਦਸੇ ਦਾ ਕਾਰਨ ਤਾਂ ਬਣਦੇ ਹੀ ਹਨ, ਕਈ ਵਾਰ ਖੁਦ ਵੀ ਜ਼ਖਮੀ ਹੋ ਜਾਂਦੇ ਹਨ ਅਤੇ ਸੜ੍ਹਕਾਂ ਕੰਢੇ ਤੜਫ਼ਣ ਲਈ ਛੱਡ ਦਿੱਤੇ ਜਾਂਦੇ ਹਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਲੋਕਾਂ ਦੀ ਜਾਨ ਦੇ ਨਾਲ-ਨਾਲ ਇਨ੍ਹਾਂ ਬੇਜ਼ੁਬਾਨ ਪਸ਼ੂਆਂ ਦੀ ਜਾਨ ਵੀ ਬਚਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਲਈ ਜ਼ਿਲ੍ਹਾ ਪੁਲਿਸ, ਪਸ਼ੂ ਪਾਲਣ ਵਿਭਾਗ, ਬੀ ਡੀ ਪੀ ਓਜ਼, ਕਾਰਜ ਸਾਧਕ ਅਫ਼ਸਰ ਜ਼ਿੰਮੇਂਵਾਰ ਹੋਣਗੇ ਅਤੇ ਜੇਕਰ ਉਨ੍ਹਾਂ ਦੇ ਧਿਆਨ ’ਚ ਕੋਈ ਵੀ ਬੇਸਹਾਰਾ ਪਸ਼ੂ ਛੱਡਣ ਦੀ ਘਟਨਾ ਆਉਂਦੀ ਹੈ ਤਾਂ ਤੁਰੰਤ ਅਜਿਹੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ।
ਇਹ ਮਨਾਹੀ ਦੇ ਹੁਕਮ 8 ਜੂਨ ਤੋਂ 7 ਅਗਸਤ 2019 ਤੱਕ ਲਾਗੂ ਰਹਿਣਗੇ।