• Home
  • ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਾ : ਖਹਿਰਾ ਤੇ ਉਨਾਂ ਦੇ ਸਮਰਥਕ 7 ਨੂੰ ਕੱਢਣਗੇ ਰੋਸ ਮਾਰਚ

ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਾ : ਖਹਿਰਾ ਤੇ ਉਨਾਂ ਦੇ ਸਮਰਥਕ 7 ਨੂੰ ਕੱਢਣਗੇ ਰੋਸ ਮਾਰਚ

ਚੰਡੀਗੜ, (ਖ਼ਬਰ ਵਾਲੇ ਬਿਊਰੋ)।: ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ 'ਆਪ' ਦੇ ਬਾਗੀ ਨੇਤਾ ਸੁਖਪਾਲ ਖਹਿਰਾ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਸਮਾਪਤ ਹੋ ਗਈ ਹੈ। ਮੀਟਿੰਗ ਦੇ ਤਰੰਤ ਬਾਅਦ ਖਹਿਰਾ ਨੇ ਮੀਟਿੰਗ 'ਚ ਹੋਈ ਕਾਰਵਾਈ ਬਾਰੇ ਮੀਡੀਆ ਨੂੰ ਪੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ।
ਖਹਿਰਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਅਤੇ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਉਹ ਆਪਣੇ ਵਚਨ 'ਤੇ ਪੱਕੇ ਹਨ। ਉਨਾਂ ਦਸਿਆ ਕਿ ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ 11 ਮੈਂਬਰੀ ਐਕਸਨ ਕਮੇਟੀ ਦਾ ਗਠਨ ਕੀਤਾ ਜਾਵੇਗਾ ਤੇ ਇਹ ਕਮੇਟੀ ਅਗਲੇ ਪ੍ਰੋਗਰਾਮ ਤੈਅ ਕਰੇਗੀ।
ਖਹਿਰਾ ਨੇ ਦਸਿਆ ਕਿ ਇਸ ਕਮੇਟੀ ਦੇ ਗਠਨ ਤੋਂ ਪਹਿਲਾਂ 7 ਅਕਤੂਬਰ ਨੂੰ ਕੋਟਕਪੂਰਾ ਤੋਂ ਲੈ ਕੇ ਬਰਗਾੜੀ ਤਕ ਸ਼ਾਂਤੀਪੂਰਵਕ ਰੋਸ ਮਾਰਚ ਕਢਿਆ ਜਾਵੇਗਾ। ਇਹ ਮਾਰਚ ਸ਼ਹੀਦ ਗੁਰਜੀਤ ਸਿੰਘ ਦੇ ਪਿੰਡ 'ਚੋਂ ਹੁੰਦਾ ਹੋਇਆ ਬਹਿਬਲ ਕਲਾਂ ਤੇ ਬਰਗਾੜੀ ਪਹੁੰਚੇਗਾ ਤੇ ਇਥੇ ਇਨਸਾਫ ਮੋਰਚੇ ਨੂੰ ਸਮਰਥਨ ਦਿੱਤਾ ਜਾਵੇਗਾ। ਉਨਾਂ ਇਸ ਸਮੇਂ ਪੰਜਾਬ ਦੇ ਸਾਰੇ ਵਰਗਾਂ, ਧਰਮਾਂ ਤੇ ਕਿਸਾਨਾਂ-ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਰੋਸ ਮਾਰਚ 'ਚ ਸ਼ਾਮਲ ਹੋਣ।
ਦਸ ਦਈਏ ਕਿ ਬੀਤੇ ਦਿਨੀਂ ਖਹਿਰਾ ਨੇ ਐਲਾਨ ਕੀਤਾ ਸੀ ਕਿ 22 ਸਤੰਬਰ ਨੂੰ ਇਕ ਮੀਟਿੰਗ ਕਰ ਕੇ ਸਰਕਾਰ ਵਿਰੁਧ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਖਹਿਰਾ ਦੀ ਇਸ ਮੀਟਿੰਗ ਤੋਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਆਗੂਆਂ ਨੇ ਦੂਰੀ ਬਣਾਈ ਰੱਖੀ ਤੇ ਉਥੇ ਹੀ ਮੀਟਿੰਗ 'ਚ ਡਾ. ਧਰਮਵੀਰ ਗਾਂਧੀ ਸਮੇਤ ਬੈਂਸ ਭਰਾ ਮੌਜੂਦ ਸਨ।। ਇਸ ਤੋਂ ਇਲਾਵਾ ਕਈ ਸਿੱਖ ਜੱਥੇਬੰਦੀਆਂ ਦੇ ਆਗੂ ਅਤੇ ਕਿਸਾਨ ਆਗੂ ਵੀ ਪਾਰਟੀ 'ਚ ਮੌਜੂਦ ਸਨ।। ਦਸਿਆ ਜਾ ਰਿਹਾ ਹੈ ਕਿ ਮੀਟਿੰਗ 'ਚ ਕਈ ਸਿੱਖ ਬੁੱਧੀਜੀਵੀ ਵੀ ਮੌਜੂਦ ਸਨ।