• Home
  • ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਵੀ ਕਰ ਸਕਦੇ ਹਨ ਦਰਸ਼ਨ ਸਿੰਘ ਫੇਰੂਮਾਨ ਵਾਲੀ ਕੁਰਬਾਨੀ-ਬਾਦਲਾਂ ਤੇ ਕੈਪਟਨ ਨੂੰ ਦੱਸਿਆ ਪੰਥ ਦੋਖੀ

ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਵੀ ਕਰ ਸਕਦੇ ਹਨ ਦਰਸ਼ਨ ਸਿੰਘ ਫੇਰੂਮਾਨ ਵਾਲੀ ਕੁਰਬਾਨੀ-ਬਾਦਲਾਂ ਤੇ ਕੈਪਟਨ ਨੂੰ ਦੱਸਿਆ ਪੰਥ ਦੋਖੀ

ਅੰਮ੍ਰਿਤਸਰ, (ਜਸਬੀਰ ਸਿੰਘ ਪੱਟੀ): ਪੰਥਕ ਮੰਗਾਂ ਤੇ ਪਿਛਲੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਸੌਦਾ ਸਾਧ ਵਰਗਿਆ ਨੂੰ ਸ੍ਰੀ ਅਕਾਲ ਤਖਤ ਤੋ ਦਿੱਤੀ ਗਈ ਮੁਆਫੀ ਦੇ ਦੋਸ਼ੀਆ ਖਿਲਾਫ ਤੁਰੰਤ ਧਾਰਾ 295 ਏ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕਰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਦੋਸ਼ੀਆ ਵਿਰੁੱਧ 2019 ਦੀ ਵਿਸਾਖੀ ਤੱਕ ਕਾਰਵਾਈ ਨਾ ਕੀਤੀ ਤਾਂ ਉਹ ਵੀ ਦਰਸ਼ਨ ਸਿੰਘ ਫੇਰੂਮਾਨ ਵਾਂਗ ਆਪਣੀ ਜਿੰਦਗੀ ਕੌਮ ਦੇ ਲੇਖੇ ਲਗਾ ਜਾਣਗੇ ਤੇ ਇਸ ਤੋ ਨਿਕਲਣ ਵਾਲੇ ਸਿੱਟਿਆ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਥ ਦੋਖੀ ਬਾਦਲ ਜਿੰਮੇਵਾਰ ਹੋਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੁਲਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਤਖਤਾਂ ਦੇ ਜਥੇਦਾਰਾਂ ਕੋਲੋ ਸਰਕਾਰੀ ਸੁਰੱਖਿਆ ਤੁਰੰਤ ਵਾਪਸ ਲਈ ਜਾਵੇ ਪਰ ਸ਼ਾਇਦ ਉਹਨਾਂ ਦੇ ਸਲਾਹਕਾਰਾਂ ਨੇ ਇਹ ਪੱਤਰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਹੈ ਜਿਸ ਦਾ ਅੱਜ ਤੱਕ ਕੋਈ ਜਵਾਬ ਨਹੀ ਆਇਆ। ਉਹਨਾਂ ਕਿਹਾ ਕਿ ਸਾਬਕਾ ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਵੱਲੋ ਇੱਕ ਸੰਪਰਦਾ ਦੇ ਖਿਲਾਫ ਸਿਰਫ ਦੋ ਲਫਜ਼ ਬੋਲਣ ਉਪਰੰਤ ਭਾਂਵੇ ਉਹਨਾਂ ਨੇ ਤੁਰੰਤ ਮੁਆਫੀ ਵੀ ਮੰਗ ਲਈ ਸੀ ਪਰ ਵਿਰੋਧੀਆ ਨੇ ਇਸ ਨੂੰ ਇੱਕ ਮੁੱਦਾ ਬਣਾ ਕੇ ਉਹਨਾਂ ਨੂੰ ਜੇਲ ਭਿਜਵਾ ਦਿੱਤਾ ਪਰ ਤਖਤਾਂ ਦੇ ਜਥੇਦਾਰਾਂ ਜਿਹਨਾਂ ਨੇ ਬਾਦਲਾਂ ਦੇ ਇਸ਼ਾਰਿਆ ਤੇ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਦਲ ਨੂੰ ਫਾਇਦਾ ਦਿਵਾਉਣ ਲਈ ਸੌਦਾ ਸਾਧ ਨੂੰ ਬਿਨਾਂ ਪੇਸ਼ ਹੋਏ ਇੱਕ ਰੁੱਕੇ (ਕਾਗਜ ਦੇ ਟੁੱਕੜੇ) 'ਤੇ ਮੁਆਫੀ ਦੇ ਦਿੱਤੀ। ਸਿੱਖ ਸੰਗਤਾਂ  ਨੇ ਗੰਭੀਰ ਨੋਟਿਸ ਲੈਦਿਆ ਪੰਜਾਬ ਭਰ ਵਿੱਚ ਅੰਦੋਲਨ ਛੇੜ ਦਿੱਤਾ ਤੇ ਸਰਕਾਰ ਨੇ ਪੰਥ ਦੋਖੀ ਜਥੇਦਾਰਾਂ ਨੂੰ ਬੇਲੋੜੀ ਸੁਰੱਖਿਆ ਛੱਤਰੀ ਦੇ ਦਿੱਤੀ। ਉਹਨਾਂ ਕਿਹਾ ਕਿ ਧਰਮ ਪ੍ਰਚਾਰ ਕਰਨ ਦਾ ਦਮ ਭਰਨ ਵਾਲਿਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੰਗੀਨਾਂ ਦੀ ਛਾਂ ਹੇਠ ਲੁੱਟਮਾਰ ਤਾਂ ਹੋ ਸਕਦੀ ਹੈ ਪਰ ਪ੍ਰਚਾਰ ਤੇ ਪ੍ਰਸਾਰ ਨਹੀ ਹੋ ਸਕਦਾ। ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਮੁਆਫੀ ਦੇਣ ਦੀ ਬੱਜਰ ਗਲਤੀ ਕਰਨ ਵਾਲੇ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕਰਨ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆ ਨੂੰ ਤਾਂ ਵਿਹਲਿਆਂ ਕਰ ਦਿੱਤਾ ਗਿਆ ਪਰ ਸਿੱਖ ਪੰਥ ਨਾਲ ਧ੍ਰੋਹ ਕਮਾਉਣ ਵਾਲੇ ਜਥੇਦਾਰਾਂ ਨੂੰ ਬਾਦਲਾਂ ਸੁਰੱਖਿਆ ਪ੍ਰਦਾਨ ਕਰਕੇ ਇੱਕ ਗੁਨਾਹ ਦੇ ਨਾਲ ਦੂਸਰਾ ਗੁਨਾਹ ਕਰ ਦਿੱਤਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀ ਦੀਵਾਲੀ ਸਮੇਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਿੰਨ ਜਿਲਿਆ ਦੀ ਪੁਲਿਸ ਤਾਇਨਾਤ ਕਰ ਦਿੱਤੀ ਗਈ । ਉਹਨਾਂ ਕਿਹਾ ਕਿ ਹੁਣ ਜਦੋ ਗਿਆਨੀ ਗੁਰਮੁੱਖ ਸਿੰਘ ਨੇ 12 ਸਤੰਬਰ 2017 ਨੂੰ ਸੌਦਾ ਸਾਧ ਦੀ ਮੁਆਫੀ ਦੀ ਸਾਰੀ ਬਿੱਲੀ ਥੈਲਿਉ ਬਾਹਰ ਕਰਕੇ ਰੱਖ ਦਿੱਤੀ ਹੈ ਤਾਂ ਵੀ ਦੋਸ਼ੀ ਜਥੇਦਾਰਾਂ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ। ਸੌਦਾ ਸਾਧ ਦੀ ਮੁਆਫੀ ਨੂੰ ਸਹੀ ਸਿੱਧ ਕਰਨ ਲਈ ਗੁਰੂ ਕੀ ਗੋਲਕ ਵਿੱਚੋ 92 ਲੱਖ ਦੇ ਇਸ਼ਤਿਹਰ ਅਖਬਾਰਾਂ ਨੂੰ ਦਿੱਤੇ ਗਏ ਤੇ ਇਸ ਸਮੇਂ ਦੌਰਾਨ 16 ਕਰੋੜ ਦਾ ਘਾਟਾ ਸ਼੍ਰੋਮਣੀ ਕਮੇਟੀ ਨੂੰ ਪਿਆ। ਗਿਆਨੀ ਗੁਰਮੁੱਖ ਸਿੰਘ ਤਾਂ ਅਕਾਲ ਤਖਤ ਵਾਲੇ ਪੰਜ ਪਿਆਰਿਆ ਦੇ ਪੇਸ਼ ਹੋ ਕੇ ਭੁੱਲ ਬਖਸ਼ਾ ਚੁੱਕਾ ਹੈ ਪਰ ਬਾਕੀ ਦੋਸ਼ੀ ਹਾਲੇ ਵੀ ਆਕੀ ਹਨ। ਉਹਨਾਂ ਕਿਹਾ ਕਿ ਸੌਦਾ ਸਾਧ ਦੀ ਮੁਆਫੀ, ਬਰਗਾੜੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ਲਈ ਸਿੱਧੇ ਤੌਰ ਤੇ ਪ੍ਰਕਾਸ਼ ਸਿੰਘ ਬਾਦਲ, ਸ੍ਰੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਡੁਰਲੀ ਟੀਮ ਜਿੰਮੇਵਾਰ ਹਨ ਜਿਹਨਾਂ ਦੇ ਖਿਲਾਫ ਬਿਨਾਂ ਕਿਸੇ ਦੇਰੀ ਤੋ ਕਾਰਵਾਈ ਕੀਤੀ ਜਾਵੇ ਵਰਨਾ ਉਹ 13 ਅਪ੍ਰੈਲ 2019 ਦੀ ਵਿਸਾਖੀ ਤੋ ਬਾਅਦ ਅਖੰਡ ਪਾਠ ਕਰਵਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣਗੇ ਤੇ ਇਸ ਘਟਨਾ ਦੇ ਦੋਸ਼ੀਆ ਦੀ ਕਤਾਰ ਵਿੱਚ ਬਾਦਲ ਪਿਉ ਪੁੱਤ ਤੇ ਕੈਪਟਨ ਖੜੇ ਹੋਣਗੇ । ਉਹਨਾਂ ਕਿਹਾ ਕਿ ਆਮ ਲੋਕਾਂ ਦੀ ਧਾਰਨਾ ਬਿਲਕੁਲ ਦਰੁਸਤ ਲੱਗ ਰਹੀ ਹੈ ਕਿ ਮਹਾਰਾਜੇ ਤੇ ਰਜਵਾੜੇ ਆਪਸ ਵਿੱਚ ਰਲੇ ਹੋਏ ਹਨ ਤੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਕੋਲੋ ਭਲਾਈ ਦੀ ਕੋਈ ਆਸ ਨਹੀ ਰੱਖਣੀ ਚਾਹੀਦੀ। ਉਹਨਾਂ ਕਿਹਾ ਕਿ ਉਹਨਾਂ ਨੂੰ ਭਾਂਵੇ ਜਾਣਕਾਰੀ ਹੈ ਕਿ ਉਹਨਾਂ ਵੱਲੋ ਅਜਿਹਾ ਕਦਮ ਪੁੱਟਣ ਨਾਲ ਕੋਈ ਜਿਆਦਾ ਫਾਇਦਾ ਨਹੀ ਹੋਵੇਗਾ ਪਰ ਅੰਤਰਰਾਸ਼ਟਰੀ ਪੱਧਰ ਤੇ ਇਸ ਦੀ ਚਰਚਾ ਜਰੂਰ ਹੋਵੇਗੀ।
ਉਹਨਾਂ ਕਿਹਾ ਕਿ ਐਕਟ ਮੁਤਾਬਕ ਇਹ ਤਖਤਾਂ ਦੇ ਜਥੇਦਾਰ ਕੋਈ ਹੁਕਮਨਾਮਾ ਜਾਰੀ ਨਹੀ ਕਰ ਸਕਦੇ ਸਗੋ ਜਨਰਲ ਹਾਊਸ ਨੂੰ ਆਪਣੀ ਰਾਇ ਜਰੂਰ ਦੇ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਿੱਖਾਂ ਦੀ ਅਬਾਦੀ ਦਿਨ ਪ੍ਰਤੀ ਦਿਨ ਘੱਟ ਰਹੀ ਹੈ ਤੇ ਸਿੱਖ ਆਪਣੇ ਹੀ ਘਰ ਵਿੱਚ 62 ਤੋ 57 ਫੀਸਦੀ ਰਹਿ ਗਏ ਹਨ ਤੇ ਉਹ ਦਿਨ ਦੂਰ ਨਹੀ ਜਿਸ ਦਿਨ ਦੂਰ ਨਹੀ ਜਿਸ ਦਿਨ ਅਕਾਲੀ ਆਗੂਆਂ ਦੀਆ ਗਲਤੀਆ ਕਾਰਨ ਸਿੱਖ ਘੱਟ ਗਿਣਤੀ ਵਿੱਚ ਰਹਿ ਜਾਣਗੇ। ਉਹਨਾਂ ਕਿਹਾ ਕਿ 29 ਮਾਰਚ 2000 ਨੂੰ ਤਤਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖ ਕੇ ਆਦੇਸ਼ ਦਿੱਤਾ ਸੀ ਕਿ ਜਥੇਦਾਰ ਦੀ ਨਿਯੁਕਤੀ , ਸੇਵਾ ਮੁਕਤੀ ਤੇ ਅਧਿਕਾਰ ਖੇਤਰ ਬਾਰੇ ਵਿਧਾਨ ਬਣਾਇਆ ਜਾਵੇ ਪਰ ਵੇਦਾਂਤੀ ਨੂੰ ਇਹ ਪੱਤਰ ਲਿਖਣ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਨਾਨਕਸ਼ਾਹੀ ੰਕੈਲੰਡਰ ਨੂੰ ਜਿਸ ਤਰੀਕੇ ਨਾਲ ਖਤਮ ਕਰਨ ਲਈ ਉਹਨਾਂ ਦੋ ਵਿਅਕਤੀਆ ਦੀ ਕਮੇਟੀ ਬਣਾਈ ਗਈ ਜਿਹੜੇ ਭੂਗੋਲ ਤੇ ਖਗੋਲ ਦੀ ਕੋਈ ਜਾਣਕਾਰੀ ਨਹੀ ਰੱਖਦੇ ਤੇ ਇਸ ਰਿਪੋਰਟ ਨੂੰ ਹੀ ਆਧਾਰ ਬਣਾ ਕੇ ਕੈਲੰਡਰ ਨੂੰ 4 ਜਨਵਰੀ 2010 ਨੂੰ ਤਬਦੀਲ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਤੋ ਬਾਹਰਲੇ ਤਖਤਾਂ ਦੇ ਜਥੇਦਾਰ ਸਿੱਖ ਰਹਿਤ ਮਰਿਆਦਾ ਨੂੰ ਮਾਨਤਾ ਨਹੀ ਦਿੰਦੇ ਤੇ ਉਹਨਾਂ ਦੀ ਮਰਿਆਦਾ ਸਿਰਫ ਆਰ ਐਸ ਐਸ ਵਾਲੀ ਮਰਿਆਦਾ ਤੇ ਅਜਿਹੇ ਜਥੇਦਾਰਾਂ ਨੂੰ ਮੀਟਿੰਗਾਂ ਵਿੱਚ ਬੁਲਾਇਆ ਜਾਣਾ ਵੀ ਪੰਥ ਵਿਰੋਧੀ ਹੈ। ਉਹਨਾਂ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਇੱਕ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਕਈ ਗੋਪੀਆ ਰੱਖੀਆ ਹੋਈਆ ਹਨ ਤੇ ਬੜੀ ਢੀਠਤਾਈ ਨਾਲ ਕਹਿੰਦਾ ਹੈ ਕਿ ਗੁਰੂ ਸਾਹਿਬ ਨੇ ਵੀ ਤਾਂ ਤਿੰਨ ਰੱਖੀਆ ਸਨ ਤੇ ਜੇਕਰ ਉਸ ਨੇ ਰੱਖ ਲਈਆ ਹਨ ਤਾਂ ਫਿਰ ਕਿਹੜੀ ਆਖਰ ਆ ਗਈ ਹੈ। ਉਹਨਾਂ ਕਿਹਾ ਕਿ ਜਦੋਂ ਤਖਤਾਂ ਦੇ ਜਥੇਦਾਰ ਅਜਿਹੇ ਕਿਰਦਾਰ ਵਾਲੇ ਹੋਣਗੇ ਤਾਂ ਉਹ ਕੌਮ ਨੂੰ ਕੀ ਸੇਧ ਦੇ ਸਕਣਗੇ? ਉਹਨਾਂ ਕਿਹਾ ਕਿ ਸਿੱਖ ਪੰਥ ਨੂੰ ਅਜਿਹੇ ਜਥੇਦਾਰਾਂ ਬਾਰੇ ਵੀ ਸੋਚਣਾ ਪਵੇਗਾ ਨਹੀ ਤਾਂ ਜਿਸ ਤਰੀਕੇ ਨਾਲ ਸਿੱਖ ਕੌਮ ਦੇ ਕਿਰਦਾਰ ਦੀ ਕਿਰਦਾਰਕੁਸ਼ੀ ਇਹਨਾਂ ਜਥੇਦਾਰਾਂ ਵੱਲੋ ਕੀਤੀ ਜਾ ਰਹੀ ਹੈ ਉਹ ਆਉਣ ਵਾਲੇ ਸਮੇਂ ਵਿੱਚ ਕਈ ਹੋਰ ਗੁੰਝਲਾਂ ਵੀ ਖੜੀਆ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕੌਮ ਸੁਚੇਤ ਹੋਵੇ ਤੇ ਅਜਿਹੇ ਜਥੇਦਾਰਾਂ ਦਾ ਵੀ ਉਸੇ ਤਰਾਂ ਹੀ ਵਿਰੋਧ ਕਰੇ ਜਿਸ ਤਰੀਕੇ ਨਾਲ ਸੌਦਾ ਸਾਧ ਦਾ ਕੀਤਾ ਜਾ ਰਿਹਾ ਹੈ।