• Home
  • ਕਿਲ੍ਹਾ ਰਾਏਪੁਰ ਦੀਆਂ ਖੇਡਾਂ ‘ਤੇ ਫੇਰ ਚੱਲਿਆ ਸਿਆਸੀ ਕੁਹਾੜਾ! ਪੜ੍ਹੋ ਕਿਉਂ ਪ੍ਰਸ਼ਾਸਨ ਨੇ ਲਗਾਈ ਰੋਕ ?

ਕਿਲ੍ਹਾ ਰਾਏਪੁਰ ਦੀਆਂ ਖੇਡਾਂ ‘ਤੇ ਫੇਰ ਚੱਲਿਆ ਸਿਆਸੀ ਕੁਹਾੜਾ! ਪੜ੍ਹੋ ਕਿਉਂ ਪ੍ਰਸ਼ਾਸਨ ਨੇ ਲਗਾਈ ਰੋਕ ?

ਖੇਡ ਸੰਪਾਦਕ ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ

ਪ੍ਰਬੰਧਕ ਕਰਦੇ ਰਹੇ ਤਿਆਰੀਆਂ, ਸਿਆਸੀ ਲੋਕ ਖੇਡਾਂ ਰੋਕ ਆਪਣਿਆਂ ਨਾਲ ਹੀ ਨਿਭਾਅ ਗਏ ਯਾਰੀਆਂ
 ਕਿਲ੍ਹਾ ਰਾਏਪੁਰ ਸਪੋਰਟਸ ਸੋਸਾਇਟੀ ਸੁਹਾਵੀਆ ਪੱਤੀ ਯੂਥ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ 12 ਅਤੇ 13 ਅਪ੍ਰੈਲ ਨੂੰ ਰੱਖੀਆਂ ਕਿਲ੍ਹਾ ਰਾਏਪੁਰ ਦੀਆਂ ਮਿੰਨੀ ਓਲੰਪਿਕ ਖੇਡਾਂ ਇੱਕ ਵਾਰ ਫੇਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਡਾਂ ਕਰਾਉਣ ਦੀ ਇਜਾਜ਼ਤ ਨਾ ਮਿਲਣ ਕਾਰਨ ਰੱਦ ਹੋ ਗਈਆਂ। ਦੋ ਮਹੀਨਿਆਂ 'ਚ ਇਹ ਚੌਥਾ ਮੌਕਾ ਸੀ ਜਦੋਂ ਖੇਡਾਂ ਰੱਦ ਹੋਈਆਂ। ਇਸ ਤੋਂ ਪਹਿਲਾਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੇ ਖੇਡਾਂ ਦੀਆਂ ਤਰੀਕਾਂ 1 ਤੋਂ 3 ਫਰਵਰੀ ਰੱਖੀਆਂ। ਫੇਰ 22 ਤੋਂ 24 ਫਰਵਰੀ, ਫੇਰ 8 ਤੋਂ 10 ਮਾਰਚ ਨੂੰ ਖੇਡਾਂ ਹੋਣੀਆਂ ਸਨ।  ਮੁੱਖ ਰੌਲਾ ਇਹ ਸੀ ਕਿ ਫਰਵਰੀ ਮਹੀਨੇ ਮਾਣਯੋਗ ਅਦਾਲਤ ਨੇ ਕਿਲ੍ਹਾ ਰਾਏਪੁਰ ਖੇਡ ਸਟੇਡੀਅਮ ਦੇ ਕੇਸ ਦਾ ਫੈਸਲਾ ਸੁਹਾਵੀਆ ਪੱਤੀ ਦੇ ਹੱਕ 'ਚ ਕਰ ਦਿੱਤਾ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਅਦਾਲਤੀ ਹੁਕਮ ਮੁਤਾਬਕ ਸਟੇਡੀਅਮ ਦਾ ਕਬਜ਼ਾ ਸੁਹਾਵੀਆ ਪੱਤੀ ਨੂੰ ਦੁਆ ਦਿੱਤਾ ਸੀ। ਜਿਸ ਕਾਰਨ ਇੰਨ੍ਹਾਂ ਕਾਰਨਾਂ ਕਰਕੇ ਖੇਡਾਂ ਵਾਰ-ਵਾਰ ਮੁਲਤਵੀ ਜਾਂ ਰੱਦ ਹੁੰਦੀਆਂ ਰਹੀਆਂ। ਅਖੀਰ ਖੇਡਾਂ ਕਰਾਉਣ ਦੀ ਬਾਲ ਸੁਹਾਵੀਆ ਪੱਤੀ ਦੇ ਹੱਥ 'ਚ ਆ ਗਈ ਤਾਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਵਾਲੇ ਇਹ ਮਿਹਣਾ ਦੇਣ ਲੱਗ ਪਏ ਕਿ ਸੁਹਾਵੀਆ ਪੱਤੀ ਵਾਲੇ ਕਿਸੇ ਵੀ ਤਰੀਕੇ ਖੇਡਾਂ ਨਹੀਂ ਕਰਾ ਸਕਦੇ। ਕਿਉਂਕਿ ਖੇਡਾਂ ਕਰਾਉਣ ਦਾ ਤਜ਼ਰਬਾ ਤਾਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਕੋਲ ਹੀ ਹੈ। ਕੁਝ ਹੋਰ ਗੱਲਾਂ ਵੀ ਹੋਈਆਂ। ਇੰਨ੍ਹਾਂ ਗੱਲਾਂ ਨੂੰ ਹੀ ਆਪਣੀ ਇੱਕ ਇੱਜ਼ਤ ਦਾ ਸਵਾਲ ਬਣਾ ਕੇ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ, ਸੁਹਾਵੀਆ ਪੱਤੀ, ਯੂਥ ਕਲੱਬ ਅਤੇ ਹੋਰ ਨੌਜਵਾਨ ਪੀੜ੍ਹੀ ਨੇ 12 ਤੇ 13 ਅਪ੍ਰੈਲ ਨੂੰ ਖੇਡਾਂ ਕਰਾਉਣ ਦਾ ਫੈਸਲਾ ਕੀਤਾ। ਖੇਡਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋਈਆਂ। ਚੰਗਾ ਪੈਸਾ ਵੀ ਇੱਕਠਾ ਹੋ ਗਿਆ। ਵੱਡੇ ਵੱਡੇ ਸਪਾਂਸਰ ਵੀ ਆ ਗਏ। ਖੇਡਾਂ ਖੇਡਣ ਲਈ ਟੀਮਾਂ ਤੇ ਖਿਡਾਰੀ ਵੀ ਕਿਲ੍ਹਾ ਰਾਏਪੁਰ ਪਹੁੰਚ ਗਏ। ਪ੍ਰਬੰਧਕਾਂ ਨੇ ਖੇਡਾਂ ਕਰਾਉਣ ਦੀਆਂ ਤਿਆਰੀਆਂ ਵੀ ਨੇਪਰੇ ਚਾੜ੍ਹ ਲਈਆਂ ਸਨ। ਜਦੋਂ ਖੇਡਾਂ ਸ਼ੁਰੂ ਹੋਣ ਦਾ ਸਮਾਂ ਆਇਆ ਤਾਂ ਪ੍ਰਸ਼ਾਸਨ ਨੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋਣ ਦਾ ਬਹਾਨਾ ਬਣਾ ਕੇ ਐਨ ਮੌਕੇ 'ਤੇ ਹੀ ਰੋਕ ਦਿੱਤੀਆਂ। ਹਾਲਾਂਕਿ ਨਵੇਂ ਪ੍ਰਬੰਧਕਾਂ ਨੇ 10 ਦਿਨ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਖੇਡਾਂ ਕਰਾਉਣ ਦੀ ਇਜਾਜ਼ਤ ਮੰਗੀ ਸੀ ਤੇ ਸੁਰੱਖਿਆ ਦੇ ਇੰਤਜ਼ਾਮਾਂ ਲਈ ਲਿਖ ਕੇ ਦਿੱਤਾ ਸੀ। ਪਰ ਪ੍ਰਸ਼ਾਸਨ ਰਾਜਨੀਤਕ ਲੋਕਾਂ ਦੇ ਹੱਥਾਂ 'ਚ ਉਲਝਿਆ ਹੋਇਆ ਖੇਡ ਪ੍ਰਬੰਧਕਾਂ ਨੂੰ ਇਜਾਜ਼ਤ ਦੇਣ ਦੀਆਂ ਆਨਾਕਾਨੀਆਂ ਕਰਦਾ ਰਿਹਾ। ਐਨ ਮੌਕੇ 'ਤੇ ਉਸਨੇ ਖੇਡਾਂ ਰੋਕ ਦਿੱਤੀਆਂ। ਅਸਲ ਕਹਾਣੀ ਤਾਂ ਇਹ ਪਿੰਡ ਦੀ ਧੜੇਬੰਦੀ ਅਤੇ ਪਿੰਡ 'ਚ ਚਲਦੀ ਸੌੜੀ ਸਿਆਸਤ ਦੀ ਹੈ। ਸੁਹਾਵੀਆ ਪੱਤੀ ਤੇ ਹੋਰ ਖੇਡਾਂ ਕਰਾਉਣ ਵਾਲੇ ਪ੍ਰਬੰਧਕ ਗਰੇਵਾਲ ਸਪੋਰਟਸ ਐਸੋਸੀਏਸ਼ਨ 'ਤੇ ਇਹ ਦੋਸ਼ ਲਾ ਰਹੇ ਹਨ ਕਿ ਗਰੇਵਾਲ ਸਪੋਰਟਸ ਐਸੋਸੀਏਸ਼ਨ ਵਾਲਿਆਂ ਨੇ ਆਪਣੀ ਸਿਆਸੀ ਪਾਵਰ ਦਾ ਲਾਹਾ ਲੈਂਦਿਆਂ ਪ੍ਰਸ਼ਾਸਨ ਨਾਲ ਮਿਲੀ ਭੁਗਤ ਕਰ ਖੇਡਾਂ ਬੰਦ ਕਰਾਈਆਂ ਹਨ। ਕਿਉਂਕਿ ਗਰੇਵਾਲ ਸਪੋਰਟਸ ਐਸੋਸੀਏਸ਼ਨ ਹੱਥੋਂ ਖੇਡਾਂ ਕਰਾਉਣ ਦੀ ਬਾਜ਼ੀ ਨਿੱਕਲ ਚੁੱਕੀ ਸੀ। ਉਨ੍ਹਾਂ ਨੇ ਫਿਰ ਕੋਈ ਅਜਿਹਾ ਨਵਾਂ ਚੰਦ ਤਾਂ ਚਾੜ੍ਹਨਾ ਹੀ ਸੀ। ਪਰ ਦੂਜੇ ਪਾਸੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਵਾਲੇ ਇਹ ਰੌਲਾ ਪਾ ਰਹੇ ਹਨ ਕਿ ਨਵੇਂ ਪ੍ਰਬੰਧਕਾਂ ਨੇ 83ਵੀਆਂ ਖੇਡਾਂ ਤੇ ਲੋਗੋ ਦੀ ਵਰਤੋਂ ਕੀਤੀ ਹੈ। ਸਾਡੇ ਲੋਗੋ ਦੀ ਗਲਤ ਵਰਤੋਂ ਕਰਨ ਕਰਕੇ ਅਸੀਂ ਸ਼ਿਕਾਇਤ ਕੀਤੀ ਸੀ ਜਿਸ ਕਾਰਨ ਖੇਡਾਂ ਬੰਦ ਹੋਈਆਂ। ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ। ਇੱਕ ਖੇਡ ਭਾਵਨਾ ਦਾ ਨਿਰਾਦਰ ਹੋਇਆ। ਕਿਲ੍ਹਾ ਰਾਏਪੁਰ ਦਾ 8 ਦਹਾਕਿਆਂ ਦਾ ਖੇਡ ਸੱਭਿਆਚਾਰ ਸੰਭਾਲਣ ਦਾ ਇਤਿਹਾਸ ਕਲੰਕਿਤ ਹੋਇਆ ਹੈ। 

ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ 'ਚ ਕੋਈ ਖਲਲ ਪਿਆ ਹੋਵੇ। ਪਹਿਲਾਂ ਵੀ 70ਵੇਂ, ਫੇਰ 80ਵੇਂ ਦਹਾਕੇ 'ਚ ਲੰਬਾ ਚੌੜਾ ਘਸਮਾਣ ਪਿਆ। ਕਈ ਕਈ ਸਾਲ ਖੇਡਾਂ ਬੰਦ ਵੀ ਰਹੀਆਂ। ਅਖੀਰ 1997 'ਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਵੱਲੋਂ ਕਰਾਈਆਂ ਜਾ ਰਹੀਆਂ ਖੇਡਾਂ ਵੀ ਸਿਆਸਤ ਦੀ ਭੇਂਟ ਚੜ੍ਹੀਆਂ ਸਨ। ਉਸ ਵੇਲੇ ਦੇ ਰਾਜ ਭਾਗ 'ਤੇ ਕਾਬਜ਼ ਸਿਆਸੀ ਆਗੂਆਂ ਜਾਂ ਮੰਤਰੀ ਸੰਤਰੀਆਂ ਨੇ ਖੇਡਾਂ ਨਹੀਂ ਹੋਣ ਦਿੱਤੀਆਂ ਸਨ। ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਉਸ ਵੇਲੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰ ਇਹ ਕਹਿ ਕੇ ਚੀਕਾਂ ਮਾਰ ਰਹੇ ਸਨ ਕਿ ਅਸੀਂ ਖੇਡਾਂ ਹੀ ਕਰਵਾਉਂਦੇ ਹਾਂ ਕੋਈ ਪਾਪ ਤਾਂ ਨਹੀਂ ਕਰਦੇ। ਅੱਜ ਸੁਹਾਵੀਆ ਪੱਤੀ ਜਾਂ ਯੂਥ ਕਲੱਬ ਵਾਲੇ ਖੇਡਾਂ ਹੀ ਕਰਾਉਣ ਜਾ ਰਹੇ ਸਨ, ਕੋਈ ਪਾਪ ਤਾਂ ਨਹੀਂ ਕਰਨ ਜਾ ਰਹੇ ਸਨ। ਇਹ ਵੀ ਉਸੇ ਸਿਆਸਤ ਦਾ ਸ਼ਿਕਾਰ ਹੋਏ ਨੇ ਜੋ ਕਿਸੇ ਵੇਲੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਵਾਲੇ ਹੁੰਦੇ ਸਨ। ਇਸ ਤਾਂ ਚਲਦਾ ਹੀ ਰਹਿੰਦਾ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ। ਪਰ ਇਤਿਹਾਸ ਹਮੇਸ਼ਾ ਕੁਝ ਕਰ ਵਿਖਾਉਣ ਵਾਲਿਆਂ ਦਾ ਬਣਦਾ ਹੈ ਨਾ ਕਿ ਵਿਗਾੜਨ ਵਾਲਿਆਂ ਦਾ। ਜਿਸਨੇ ਵੀ ਕਿਲ੍ਹਾ ਰਾਏਪੁਰ ਖੇਡਾਂ ਰੋਕਣ 'ਚ ਰੋਲ ਨਿਭਾਇਆ, ਉਸ ਨੂੰ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ। ਉਸਦਾ ਨਾਮ ਕਲੰਕਿਤ ਕਰਨ ਵਾਲਿਆਂ 'ਚ ਹੀ ਲਿਖਿਆ ਜਾਵੇਗਾ। ਕਿਲ੍ਹਾ ਰਾਏਪੁਰ ਖੇਡਾਂ ਦੇ ਮਾਮਲੇ ਨੂੰ ਦੇਖ ਕੇ ਇੱਕ ਕਹਾਣੀ ਯਾਦ ਆ ਗਈ ਕਿ, ''ਇੱਕ ਵਾਰ ਇੱਕ ਜੰਗਲ ਨੂੰ ਅੱਗ ਲੱਗ ਗਈ, ਅੱਗ ਜਦੋਂ ਹੱਦੋਂ ਜ਼ਿਆਦਾ ਵਧ ਗਈ ਤਾਂ ਜੰਗਲ ਦੇ ਰਖਵਾਲੇ ਬੇਵੱਸ ਹੋ ਕੇ ਬੈਠ ਗਏ। ਉਸੇ ਸਮੇਂ ਇੱਕ ਨਿੱਕੀ ਜਿਹੀ ਚਿੜੀ ਆਪਣੀ ਚੁੰਝ ਪਾਣੀ ਦੀ ਭਰ ਕੇ ਅੱਗ 'ਤੇ ਸੁੱਟ ਆਉਂਦੀ। ਚਿੜੀ ਦੀ ਇਸ ਕਾਰਵਾਈ 'ਤੇ ਸਾਰੇ ਹੱਸੇ। ਕਹਿੰਦੇ ਚਿੜੀਏ ਤੇਰੀ ਚੁੰਝ ਦੇ ਨਾਲ ਸੁੱਟੇ ਪਾਣੀ ਨਾਲ ਕੀ ਜੰਗਲ ਦੀ ਅੱਗ ਬੁਝ ਜਾਊ ? ਚਿੜੀ ਕਹਿੰਦੀ, ਇਹ ਮੈਨੂੰ ਵੀ ਪਤਾ ਕਿ ਮੇਰੀ ਚੁੰਝ ਦੇ ਪਾਣੀ ਨਾਲ ਜੰਗਲ ਦੀ ਅੱਗ ਨਹੀਂ ਬੁਝਣੀ। ਪਰ ਜਦੋਂ ਜੰਗਲ ਦੀ ਅੱਗ ਦੇ ਬੁਝਾਉਣ ਦਾ ਇਤਿਹਾਸ ਲਿਖਿਆ ਜਾਊ ਤਾਂ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ 'ਚ ਹੋਵੇਗਾ ਤੇ ਤੁਹਾਡਾ ਨਾਮ ਅੱਗ ਲਾਉਣ ਵਾਲੇ ਗੱਦਾਰਾਂ ਵਿਚ ਹੋਵੇਗਾ। ਅੱਜ ਕਿਲ੍ਹਾ ਰਾਏਪੁਰ ਖੇਡਾਂ ਕਰਾਉਣ ਵਾਲਿਆਂ ਨੂੰ ਅਤੇ ਖੇਡਾਂ ਰੋਕਣ ਵਾਲਿਆਂ ਨੂੰ ਇਹ ਸਬਕ ਜਰੂਰ ਸਿੱਖ ਲੈਣਾ ਚਾਹੀਦਾ ਹੈ ਕਿ ਜਦੋਂ ਕਿਲ੍ਹਾ ਰਾਏਪੁਰ ਖੇਡਾਂ ਦੇ ਇਤਿਹਾਸ ਦੀ ਗੱਲ ਅੱਗੇ ਚੱਲੇਗੀ ਤਾਂ ਇਤਿਹਾਸ ਦੇ ਪਾਤਰ ਖੇਡਾਂ ਕਰਾਉਣ ਵਾਲੇ ਬਣਨਗੇ, ਖੇਡਾਂ ਰੋਕਣ ਵਾਲੇ ਤਾਂ ਗੱਦਾਰਾਂ ਦੀ ਸੂਚੀ 'ਚ ਹੀ ਸ਼ਾਮਲ ਹੋਣਗੇ। ਕੌਣ ਹਾਈ ਕੋਰਟ 'ਚੋਂ ਜਿੱਤਿਆ, ਕੌਣ ਹਾਰਿਆ , ਕਿਸਦਾ ਕਬਜ਼ਾ ਕਿਸ ਕੋਲ ਪਹਿਲਾਂ ਸੀ? ਪੰਜਾਬ ਦੇ ਲੋਕਾਂ ਨੂੰ, ਖੇਡ ਪ੍ਰੇਮੀਆਂ ਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅੱਜ ਹਜ਼ਾਰਾਂ ਖੇਡ ਪ੍ਰੇਮੀ, ਖਿਡਾਰੀ, ਵੱਖ ਵੱਖ ਟੀਮਾਂ ਜੋ ਕੋਹਾਂ ਦੂਰ ਚੱਲ ਕੇ ਕਿਲ੍ਹਾ ਰਾਏਪੁਰ ਖੇਡਾਂ ਖੇਡਣ ਲਈ ਪੁੱਜੇ, ਉਨ੍ਹਾਂ ਦੀਆਂ ਭਾਵਨਾਵਾਂ ਕੀ ਕਹਿੰਦੀਆਂ ਹੋਣਗੀਆਂ। ਕਿਲ੍ਹਾ ਰਾਏਪੁਰ ਵਾਲਿੳ ਜੇ ਤੁਹਾਨੂੰ ਪੰਜਾਬ 'ਚ ਪੇਂਡੂ ਖੇਡ ਮੇਲੇ ਕਰਾਉਣ ਦੇ ਜਾਗ ਲਾਉਣ ਦਾ ਸਿਹਰਾ ਤੁਹਾਨੂੰ ਮਿਲਦਾ ਹੈ ਤਾਂ ਅੱਜ ਜਿਹੜੀ ਖੇਡ ਭਾਵਨਾ ਦਾ ਤੁਸੀਂ ਨਿਰਾਦਰ ਕੀਤਾ ਹੈ, ਠੱਪਾ ਇਸਦਾ ਵੀ ਤੁਹਾਡੇ ਸਿਰ ਹੀ ਲੱਗਣਾ ਹੈ। ਜਿੰਨ੍ਹਾਂ ਨੇ ਖੇਡਾਂ ਰੋਕੀਆਂ ਹਨ ਜਾਂ ਰੁਕਵਾਈਆਂ ਹਨ, ਜਾਂ ਸਿਆਸਤਦਾਨਾਂ ਨੇ ਵੋਟਾਂ ਦੀ ਰਾਜਨੀਤੀ ਦੀ ਆੜ 'ਚ ਇਹ ਕੋਈ ਸੌੜੀ ਸਿਆਸਤ ਖੇਡ ਕੇ ਖੇਡਾਂ ਰੋਕੀਆਂ ਹਨ, ਲੋਕ ਕਦੇ ਵੀ ਕਿਲ੍ਹਾ ਰਾਏਪੁਰ ਖੇਡਾਂ ਦੇ, ਪਿੰਡ ਦੇ ਅਤੇ ਆਪਣੇ ਪ੍ਰਤੀ ਵਫ਼ਾਦਾਰ ਨਹੀਂ ਹੋ ਸਕਦੇ। ਤੁਸੀਂ ਆਪਸ 'ਚ ਲੜੋ, ਆਪਸ 'ਚ ਭਿੜੋ, ਜਾਂ ਇਕੱਠੇ ਹੋਵੋ, ਲੋਕਾਂ ਦਾ ਇਸ ਗੱਲ ਨਾਲ ਕੋਈ ਸਵਾਲ ਨਹੀਂ। ਲੋਕ ਚਾਹੁੰਦੇ ਹਨ ਕਿ ਕਿਲ੍ਹਾ ਰਾਏਪੁਰ ਦੀਆਂ ਮਿੰਨੀ ਓਲੰਪਿਕ ਖੇਡਾਂ ਹੋਣ। ਉਥੇ ਬਲਦ ਭਜਾਉਣ ਵਾਲਿਆਂ ਦੀਆਂ ਕਿਲਕਾਰੀਆਂ ਵੱਜਣ, ਰਵਾਇਤੀ ਖੇਡਾਂ ਵਾਲੇ ਆਪਣੇ ਜੌਹਰ ਵਿਖਾਉਣ, ਹਾਕੀ ਦੇ ਮੈਚਾਂ 'ਚ ਗੋਲਾਂ ਨਾਲ ਫੱਟੇ ਖੜਕਣ, ਕਬੱਡੀਆਂ ਪੈਣ, ਸਾਈਕਲਿਸਟ ਆਪਣੇ ਜੌਹਰ ਵਿਖਾਉਣ, ਗਾਉਣ ਵਾਲਿਆਂ ਦੀਆਂ ਤੂੰਬੀਆਂ ਖੜਕਣ, ਦੁਨੀਆ ਭਰ ਦਾ ਮੀਡੀਆ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੀ ਕਵਰੇਜ ਕਰੇ, ਅਥਲੀਟਾਂ ਦੀਆਂ ਦੌੜਾਂ ਹੋਣ, ਨਾਮੀ ਹਾਕੀ ਟੀਮਾਂ ਭਗਵੰਤ ਮੈਮੋਰੀਅਲ ਗੋਲਡ ਕੱਪ ਜਿੱਤਣ, ਕਿਲ੍ਹਾ ਰਾਏਪੁਰ ਦੀ ਹਾਕੀ ਅਕੈਡਮੀ ਜੇਤੂ ਪਰਚਮ ਲਹਿਰਾਵੇ,  ਇੰਨ੍ਹਾਂ ਗੱਲਾਂ ਨਾਲ ਹੀ ਪਿੰਡ ਕਿਲ੍ਹਾ ਰਾਏਪੁਰ ਦੀ ਪਹਿਚਾਣ ਬਣੇਗੀ ਨਾ ਕਿ ਤੁਹਾਡੀਆਂ ਇਹ ਲੜਾਈਆਂ - ਝਗੜੇ, ਉਹਨੇ ਖੇਡਾਂ ਹੋਣ ਨਹੀਂ ਦਿੱਤੀਆਂ, ਫਲਾਣਾ ਕਰਾ ਕੇ ਦਿਖਾਊਗਾ। ਇਹ ਕੋਈ ਤੁਹਾਡਾ ਵਧੀਆ ਵਰਤਾਰਾ ਨਹੀਂ। ਪੰਜਾਬ ਦੇ ਪੇਂਡੂ ਖੇਡ ਮੇਲਿਆਂ ਨੇ ਪਹਿਲਾਂ ਵੀ ਤੁਹਾਡੇ ਤੋਂ ਸੇਧ ਲਈ ਹੈ ਤੇ ਅੱਗੇ ਵੀ ਤੁਹਾਡੇ ਤੋਂ ਸੇਧ ਲੈਣੀ ਹੈ। ਪਰ ਜੇ ਤੁਸੀਂ ਆਪਣੀਆਂ ਖੇਡਾਂ ਦਾ ਜਨਾਜਾ ਆਪ ਹੀ ਕੱਢੀ ਜਾਵੋਗੇ ਤੁਹਾਡੇ ਬਜ਼ੁਰਗਾਂ ਤੇ ਵਡੇਰਿਆਂ ਦਾ 100 ਸਾਲ ਦਾ ਬਣਿਆ ਇਤਿਹਾਸ ਇੱਕ ਕਿਤਾਬ ਦਾ ਪੰਨਾ ਬਣ ਕੇ ਰਹਿ ਜਾਵੇਗਾ। ਤੁਹਾਡੇ ਕੋਲੋਂ ਅਤੇ ਤੁਹਾਡੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਕੋਲੋਂ ਇਹ ਕਲੰਕਿਤ ਹੋਣ ਦਾ ਮਿਹਣਾ ਕਦੇ ਝੱਲ ਨਹੀਂ ਹੋਣਾ। ਅਜੇ ਵੀ ਮੌਕਾ ਹੈ ਕਿ ਆਪਸੀ ਗਿਲਾ ਸ਼ਿਕਵਾ ਮੁਕਾ ਕੇ ਆਉ ਰਲ ਮਿਲ ਕੇ ਕਿਲ੍ਹਾ ਰਾਏਪੁਰ ਦੀਆਂ ਹੁੰਦੀਆਂ ਮਿੰਨੀ ਓਲੰਪਿਕ ਖੇਡਾਂ ਦੇ ਇਤਿਹਾਸ ਨੂੰ ਅੱਗੇ ਤੋਰੀਏ। ਇਸ 'ਚ ਹੀ ਖੇਡਾਂ ਤੇ ਕਿਲ੍ਹਾ ਰਾਏਪੁਰ ਦਾ ਭਲਾ ਹੈ। ਕਿਲ੍ਹਾ ਰਾਏਪੁਰ ਖੇਡਾਂ ਦਾ ਰੱਬ ਰਾਖਾ।