• Home
  • ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ ਇਰਾਦੇ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ – ਕੈਪਟਨ

ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ ਇਰਾਦੇ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ – ਕੈਪਟਨ

ਚੰਡੀਗੜ੍ਹ, : ਕਰਤਾਰਪੁਰ ਲਾਂਘੇ ਨੂੰ ਖੋਲ੍ਹੇ ਜਾਣ ਸਬੰਧੀ ਪਾਕਿਸਤਾਨ ਦੇ ਇਰਾਦੇ 'ਤੇ ਵਿਸ਼ਵਾਸ ਨਾ ਹੋਣ ਦੀ ਗੱਲ ਨੂੰ ਸਪਸ਼ਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਏਜੰਡਾ ਸਿਆਸੀ ਅਤੇ ਬਦਨੀਤੀ ਵਾਲਾ ਹੈ ਤੇ ਉਨ੍ਹਾਂ ਦਾ ਉਦੇਸ਼ ਸਿੱਖਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨਾ ਹੈ |  ਲਾਘੇ 'ਤੇ ਨੇੜਿਉਂ ਨਿਗ੍ਹਾ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਇਸ ਲਾਂਘੇ ਦੇ ਹੱਕ ਵਿੱਚ ਹਨ ਪਰ ਇਸ ਸਬੰਧ ਵਿੱਚ ਬਹੁਤ ਜ਼ਿਆਦਾ ਸਾਵਧਾਨੀ ਰੱਖੇ ਜਾਣ ਦੀ ਜ਼ਰੂਰਤ ਹੈ | ਆਪਣੀ ਸਰਕਾਰ ਦੇ ਦੋ ਸਾਲ ਮੁਕੰਮਲ ਹੋਣ 'ਤੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਹੋਰਨਾਂ ਮਨਸੂਬਿਆਂ ਨੂੰ ਸਾਹਮਣੇ ਰੱਖ ਕੇ ਇਹ ਕਰ ਰਿਹਾ ਹੈ | ਉਸ ਦਾ ਮਕਸਦ ਸ਼ਾਂਤੀ ਨੂੰ ਬੜ੍ਹਾਵਾ ਦੇਣਾ ਨਹੀਂ ਹੈ |  ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦਾ ਏਜੰਡਾ ਧਾਰਮਿਕ ਹੈ ਪਰ ਉਨ੍ਹਾਂ ਦਾ ਏਜੰਡਾ ਪੂਰੀ ਤਰ੍ਹਾਂ ਫੁੱਟ ਪਾਊ ਹੈ | ਮੁੱਖ ਮੰਤਰੀ ਨੇ ਰਾਇਸ਼ੁਮਾਰੀ 2020 ਨੂੰ ਮਿਸਾਲ ਵਜੋਂ ਪੇਸ਼ ਕੀਤਾ ਜਿਸ ਦੇ ਰਾਹੀਂ ਆਈ.ਐਸ.ਆਈ. ਸਿੱਖਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨ ਵਿੱਚ ਲੱਗੀ ਹੋਈ ਹੈ | ਇਸ ਦੇ ਰਾਹੀਂ ਉਹ ਨਾ ਕੇਵਲ ਪੰਜਾਬ ਨੂੰ ਵੰਡਣ ਅਤੇ ਅਸਥਿਰ ਕਰਨ ਵਿੱਚ ਸਰਗਰਮ ਹੈ ਸਗੋਂ ਉਹ ਸਮੁੱਚੇ ਦੇਸ਼ ਵਿੱਚ ਹੀ ਇਹ ਰਾਹ ਅਖ਼ਤਿਆਰ ਕਰ ਰਹੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਾਂਤੀ ਦੀ ਗੱਲ ਕਰ ਰਿਹਾ ਹੈ ਪਰ ਉੱਥੋਂ ਦੀ ਫੋਜ ਦਾ ਮੁਖੀ ਜਨਰਲ ਬਾਜਵਾ ਲਗਾਤਾਰ ਆਪਣੇ ਘਿਨਾਉਣੇ ਇਰਾਦਿਆਂ ਨੂੰ ਬੜ੍ਹਾਵਾ ਦੇ ਰਿਹਾ ਹੈ | ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਪੰਜਾਬ 'ਚ ਆਈ.ਐਸ.ਆਈ. ਦਾ ਸਮਰਥਨ ਪ੍ਰਾਪਤ ਬਹੁਤ ਸਾਰੇ ਗਿਰੋਹ ਨੁੱਕਰੇ ਲਾਏ ਜਾਣ ਦਾ ਜ਼ਿਕਰ ਕਰਦੇ ਹੋਏ ਪਾਕਿਸਤਾਨ ਦੇ ਸਹੀ ਮਨਸੂਬੇ ਤੋਂ ਸਾਵਧਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਮਕਸੂਦਾਂ ਅਤੇ ਪਠਾਨਕੋਟ ਵਿਖੇ ਕੀਤੇ ਗਏ ਹਮਲਿਆਂ ਦੌਰਾਨ ਵਰਤੇ ਗਏ ਗ੍ਰਨੇਡ ਪਾਕਿਸਤਾਨ ਦੇ ਬਣੇ ਹੋਏ ਸਨ |  ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਲਾਂਘੇ ਰਾਹੀਂ ਲੰਘਣ ਵਾਲੇ ਸ਼ਰਧਾਲੂਆਂ ਦੀ ਪ੍ਰਸਤਾਵਿਤ ਕੀਤੀ ਗਿਣਤੀ ਬਹੁਤ ਘੱਟ ਹੈ ਅਤੇ ਉਹ ਚਾਹੁੰਦੇ ਹਨ ਕਿ ਰੋਜ਼ਾਨਾ ਲਾਂਘੇ ਰਾਹੀਂ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਘੱਟੋ-ਘੱਟ 15000 ਕੀਤੀ ਜਾਵੇ | ਉਨ੍ਹਾਂ ਨੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀ ਮੰਗ ਮੁੜ ਦੁਹਰਾਈ | ਉਨ੍ਹਾਂ ਕਿਹਾ ਕਿ ਲਾਂਘੇ ਦੇ ਬਾਵਜੂਦ ਪਾਸਪੋਰਟ ਅਤੇ ਵੀਜ਼ੇ ਨੂੰ ਜ਼ਰੂਰੀ ਰੱਖਿਆ ਗਿਆ ਹੈ ਜਿਸ ਦੀ ਜ਼ਰੂਰਤ ਨਹੀਂ ਹੈ | ਉਨ੍ਹਾਂ ਕਿਹਾ ਕਿ ਲਾਜ਼ਮੀ ਤੌਰ 'ਤੇ ਕਿਸੇ ਸ਼ਨਾਖ਼ਤੀ ਚੀਜ ਦੀ ਜ਼ਰੂਰਤ ਹੈ ਪਰ ਇਸ ਸਬੰਧ ਵਿੱਚ ਪਾਸਪੋਰਟ ਆਦਿ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ | ਉਨ੍ਹਾਂ ਕਿਹਾ ਕਿ ਇਹ ਗਰੀਬ ਲੋਕਾਂ ਨੂੰ ਦਰਸ਼ਨ ਕਰਨ ਤੋਂ ਵਾਂਝੇ ਕਰ ਦੇਵੇਗਾ |  ਆਉਂਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਾਲ ਹੀ ਦੇ ਹਵਾਈ ਫੌਜ ਦੇ ਹਮਲਿਆਂ ਨਾਲ ਲਾਭ ਹੋਣ ਸਬੰਧੀ ਪੁੱਛੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਣੇ ਹਰ ਸਰਕਾਰ ਪੁਲਵਾਮਾ ਹਮਲੇ ਤੋਂ ਬਾਅਦ ਜਵਾਬੀ ਹਮਲਾ ਕਰਦੀ | ਸਰਕਾਰ ਨੇ ਸਿਰਫ਼ ਆਪਣਾ ਕੰਮ ਕੀਤਾ ਹੈ ਜਿਸ ਤਰ੍ਹਾਂ ਕਾਂਗਰਸ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਕੀਤਾ ਸੀ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਾਧਾਰਨ ਰੂਪ ਵਿੱਚ ਸਰਜੀਕਲ ਸਟ੍ਰਾਈਕ ਦਾ ਨਵਾਂ ਮੁਹਾਵਰਾ ਲਿਆਂਦਾ ਹੈ |  ਹਥਿਆਰਬੰਦ ਫੌਜਾਂ ਦਾ ਸਿਆਸੀਕਰਨ ਕਰਨ ਅਤੇ ਇਸ ਨੂੰ ਆਪਣੇ ਸਿਆਸੀ ਹਿੱਤਾਂ ਵਾਸਤੇ ਵਰਤਣ ਲਈ ਭਾਰਤੀ ਜਨਤਾ ਪਾਰਟੀ ਦੀ ਤਿੱਖੀ ਆਲੋਚਣਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਵਾਨ ਅਤੇ ਅਫ਼ਸਰ ਰੋਜ਼ਾਨਾ ਹੀ ਮਾਰੇ ਜਾ ਰਹੇ ਹਨ | ਕਾਂਗਰਸ ਨੇ ਕਦੀ ਵੀ 1965 ਜਾਂ 1971 ਦੀ ਜੰਗ ਦਾ ਸਿਆਸੀਕਰਨ ਨਹੀਂ ਕੀਤਾ | ਉਨ੍ਹਾਂ ਕਿਹਾ,''ਅਸੀਂ ਸਿਆਸੀ ਹਿੱਤਾਂ ਤੋਂ ਰਾਸ਼ਟਰ ਨੂੰ ਹਮੇਸ਼ਾਂ ਹੀ ਉੱਪਰ ਰੱਖਿਆ ਹੈ |''  ਉਨ੍ਹਾਂ ਦੀ ਸਰਕਾਰ ਵੱਲੋਂ ਲੋਕਪਾਲ ਬਿਲ ਅਤੇ ਹਿੱਤਾਂ ਦੇ ਟਕਰਾਅ ਸਬੰਧੀ ਬਿਲ ਦਾ ਵਾਅਦਾ ਕੀਤੇ ਜਾਣ ਸਬੰਧੀ ਪੁੱਛੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਖਰੜਾ ਤਿਆਰ ਹੈ ਅਤੇ ਇਸ ਦੇ ਹੇਠ ਮੁੱਖ ਮੰਤਰੀ ਤੋਂ ਲੈ ਕੇ ਹੇਠਾਂ ਤੱਕ ਹਰੇਕ ਨੂੰ ਲਿਆਂਦਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਬਿਲ ਅਗਲੇ ਸਮਾਗਮ ਦੌਰਾਨ ਸਦਨ ਵਿੱਚ ਪੇਸ਼ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਦੇ ਮੁਤਾਬਕ ਸਿਰਫ਼ ਚਾਰ ਕਾਨੂੰਨ ਲੰਬਿਤ ਹਨ ਜਿਨ੍ਹਾਂ ਨੂੰ ਛੇਤੀਂ ਹੀ ਲਾਗੂ ਕਰ ਦਿੱਤਾ ਜਾਵੇਗਾ | ਮੁੱਖ ਮੰਤਰੀ ਨੇ ਕਿਹਾ ਕਿ ਰੇਤ ਖਣਨ ਬਾਰੇ ਨਵੀਂ ਨੀਤੀ ਵਿਚਾਰ ਅਧੀਨ ਹੈ |  ਪਿਛਲੀ ਸਰਕਾਰ ਵੱਲੋਂ ਦਰਜ ਕੀਤੇ ਝੂਠੇ ਕੇਸਾਂ ਦੀ ਜਾਂਚ ਵਾਸਤੇ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਅਕਾਲੀ ਅਤੇ ਭਾਜਪਾ ਵੱਲੋਂ ਕੀਤੀਆਂ ਵਧੀਕੀਆਂ ਨੂੰ ਪੁੱਠਾ ਗੇੜਾ ਦਿੱਤਾ ਜਾ ਸਕੇ |  ਬਹਿਬਲ ਕਲਾਂ ਗੋਲੀਬਾਰੀ ਦੇ ਦੋਸ਼ੀਆਂ ਦੀ ਜਮਾਨਤ ਦਾ ਪ੍ਰਬੰਧ ਏ.ਜੀ. ਵੱਲੋਂ ਕੀਤੇ ਜਾਣ ਦੇ ਸੁਖਪਾਲ ਖਹਿਰਾ ਦੇ ਦੋਸ਼ਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਖਹਿਰਾ ਦੀ ਆਦਤ ਗੱਲ ਕਰਨ ਵਾਸਤੇ ਗੱਲ ਕਰਨ ਦੀ ਹੈ | ਇਸ ਮਾਮਲੇ ਦੀ ਜਾਂਚ ਵਾਸਤੇ ਐਸ.ਆਈ.ਟੀ. ਸਥਾਪਤ ਕੀਤੀ ਗਈ ਸੀ ਜੋ ਆਪਣਾ ਕੰਮ ਮੁਕੰਮਲ ਕਰਨ ਦੇ ਨੇੜੇ ਹੈ | ਉਨ੍ਹਾਂ ਕਿਹਾ ਕਿ ਇਸ ਦੀ ਸਾਰੀ ਜਾਂਚ ਅਦਾਲਤ ਨੂੰ ਕਾਰਵਾਈ ਲਈ ਭੇਜੀ ਜਾਵੇਗੀ ਭਾਵੇਂ ਇਸ ਵਿੱਚ ਕਿਸੇ ਦਾ ਹੀ ਨਾਂ ਕਿਉਂ ਨਾ ਹੋਵੇ |  ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਰੋਧੀ ਆਗੂ ਕੋਲ ਉਸਾਰੂ ਏਜੰਡਾ ਨਹੀਂ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਵੱਡੀ ਪੱਧਰ 'ਤੇ ਵਿਕਾਸ ਕਾਰਜਾਂ ਕਾਰਨ ਸੂਬੇ ਵਿੱਚ ਕਾਂਗਰਸ ਦੀ ਟੱਕਰ 'ਚ ਕੋਈ ਵੀ ਨਹੀਂ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣਾਂ ਤੋਂ ਪਹਿਲਾਂ ਡੇਰਿਆਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਇਸ ਦਾ ਉਸ ਦੀ ਪਾਰਟੀ ਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ ਅਤੇ ਉਸ ਦੀ ਪਾਰਟੀ ਦਾ ਸੂਬੇ ਵਿੱਚੋਂ ਸਫਾਇਆ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਸੁਖਬੀਰ ਦਾ ਡੇਰਿਆਂ ਦੇ ਦੌਰੇ ਤੋਂ ਸਪਸ਼ਟ ਝਲਕਾਰਾ ਮਿਲਦਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਪੱਕੀ ਹਾਰ ਨੂੰ ਦੇਖਦੇ ਹੋਏ ਉਹ ਡਰਿਆ ਹੋਇਆ ਹੈ ਅਤੇ ਇਹ ਡਰ ਉਸ ਦੇ ਚਿਹਰੇ ਤੋਂ ਵੇਖਿਆ ਜਾ ਸਕਦਾ ਹੈ |  ਸੂਬੇ ਵਿੱਚ ਬਾਬੂ ਰਾਜ ਹੋਣ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਮਾਮਲਿਆਂ ਵਿੱਚ ਚੁਣੇ ਹੋਏ ਨੁਮਾਇੰਦਿਆਂ ਦੀ ਪੂਰੀ ਤਰ੍ਹਾਂ ਚੱਲਦੀ ਹੈ | ਉਨ੍ਹਾਂ ਕਿਹਾ ਕਿ ਮੰਤਰੀ ਆਜ਼ਾਦ ਰੂਪ ਵਿੱਚ ਕੰਮ ਕਰ ਰਹੇ ਹਨ | ਉਨ੍ਹਾਂ ਦੇ ਕੰਮ ਵਿੱਚ ਉਨ੍ਹਾਂ ਸਣੇ ਕੋਈ ਵੀ ਦਖਲ ਨਹੀਂ ਦੇ ਰਿਹਾ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕੇਵਲ ਨੀਤੀਗਤ ਫੈਸਲੇ ਲੈਂਦੇ ਹਨ ਅਤੇ ਉਹ ਮੰਤਰੀਆਂ ਨੂੰ ਕਿਸੇ ਵੀ ਰੂਪ ਵਿੱਚ ਹਦਾਇਤਾਂ ਜਾਰੀ ਨਹੀਂ ਕਰਦੇ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਮੋਰਚਿਆਂ 'ਤੇ ਸਖ਼ਤ ਕੰਮ ਕਰਨ ਲੱਗੀ ਹੋਈ ਹੈ | ਕਾਨੂੰਨ ਵਿਵਸਥਾ ਦੀ ਬਹਾਲੀ ਲਈ ਵੱਡੀ ਪ੍ਰਾਪਤੀ ਕੀਤੀ ਹੈ | ਉਨ੍ਹਾਂ ਕਿਹਾ ਕਿ ਸ਼ਾਂਤੀ ਤੋਂ ਬਿਨਾਂ ਕੋਈ ਵੀ ਪ੍ਰਗਤੀ ਨਹੀਂ ਹੋ ਸਕਦੀ |  ਸੂਬੇ ਦੇ ਐਨ.ਆਰ.ਆਈਜ਼. ਨਾਲ ਸਬੰਧਤ ਮੁੱਦਿਆਂ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ  ਉਨ੍ਹਾਂ  ਦੇ ਕੇਸਾਂ ਵਾਸਤੇ ਵਿਸ਼ੇਸ਼ ਅਦਾਲਤਾਂ ਬਣਾਉਣ ਲਈ ਉਨ੍ਹਾਂ ਨੇ ਪਹਿਲਾਂ ਹੀ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਲਿਖਿਆ ਹੈ | ਇਸ ਤੋਂ ਇਲਾਵਾ ਸੇਵਾ ਨਿਭਾ ਰਹੇ ਫੌਜੀਆਂ ਅਤੇ ਬਲਾਤਕਾਰ ਦੇ ਮਾਮਲਿਆਂ ਦੇ ਸਬੰਧ ਵਿੱਚ ਵੀ ਲਿਖਿਆ ਗਿਆ ਹੈ | ਚੀਫ ਜਸਟਿਸ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਪ੍ਰਸਤਾਵ ਨੂੰ ਛੇਤੀਂ ਹੀ ਪ੍ਰਵਾਨ ਕਰਕੇ ਲਾਗੂ ਕਰ ਦਿੱਤਾ ਜਾਵੇਗਾ |  ਅੰਮਿ੍ਤਸਰ ਤੋਂ ਪਾਰਟੀ ਦੇ ਉਮੀਦਵਾਰ ਸਬੰਧੀ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਤੇ ਹੋਰ ਪਾਰਟੀ ਆਗੂ ਕਦੀ ਵੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਚੋਣ ਲੜਣ ਦਾ ਪ੍ਰਸਤਾਵ ਲੈ ਕੇ ਨਹੀਂ ਮਿਲੇ | ਉਹ ਸਿਰਫ ਸੂਬੇ ਦੇ ਪਾਰਟੀ ਮਾਮਲਿਆਂ ਬਾਰੇ ਜਾਣਕਾਰੀ ਦੇਣ ਲਈ ਗਏ ਸਨ | ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਸਪਸ਼ਟ ਕੀਤਾ ਹੋਇਆ ਹੈ ਕਿ ਉਹ ਆਪਣੀ ਸਿਹਤ ਦੇ ਮੱਦੇਨਜ਼ਰ ਚੋਣਾਂ ਨਹੀਂ ਲੜਣਗੇ |