• Home
  • ਪੰਜਾਬ ਚ ਦੁੱਧ ਦੀ ਖਰੀਦ ਦੀਆਂ ਕੀਮਤਾਂ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਅੱਜ ਤੋਂ ਲਾਗੂ

ਪੰਜਾਬ ਚ ਦੁੱਧ ਦੀ ਖਰੀਦ ਦੀਆਂ ਕੀਮਤਾਂ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਅੱਜ ਤੋਂ ਲਾਗੂ

ਚੰਡੀਗੜ੍ਹ, 11 ਜੂਨ

ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਿਟਡ (ਮਿਲਕਫੈਡ) ਵੱਲੋਂ ਦੁੱਧ ਉਤਪਾਦਕ ਕਿਸਾਨਾਂ ਤੋਂ ਕੀਤੀ ਜਾਂਦੀ ਦੁੱਧ ਦੀ ਖਰੀਦ ਦੀਆਂ ਕੀਮਤਾਂ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਗਿਆ। ਇਹ ਵਾਧਾ ਅੱਜ 11 ਜੂਨ ਤੋ ਲਾਗੂ ਹੋ ਗਿਆ। ਇਹ ਜਾਣਕਾਰੀ ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਮਿਲਕਫੈਡ ਦੇ ੳੁਚ ਅਧਿਕਾਰੀਅਾਂ ਨਾਲ ਮੀਟਿੰਗ ੳੁਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਸ ਰੰਧਾਵਾ ਨੇ ਦੱਸਿਆ ਕਿ ਇਸ ਵਾਧੇ ਦਾ ਮੁੱਖ ਕਾਰਨ ਪਸ਼ੂ ਖੁਰਾਕ ਅਤੇ ਚਾਰੇ ਦੀ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਦੁੱਧ ਉਤਪਾਦਕਾਂ ਦੇ ਵਧੇ ਖਰਚੇ ਕਾਰਨ ਉਨ੍ਹਾਂ ਨੂੰ ਰਾਹਤ ਦੇਣਾ ਹੈ। ਉਨ੍ਹਾਂ ਦੱਸਿਅਾ ਕਿ ਇਨ੍ਹਾਂ ਕਾਰਨਾਂ ਦੇ ਮੱਦੇਨਜ਼ਰ ਵੇਰਕਾ ਵੱਲੋਂ ਪਹਿਲਾਂ ਵੀ 21 ਅਪਰੈਲ ਨੂੰ 10 ਰੁਪਏ ਤੋਂ 20 ਰੁਪਏ ਅਤੇ 21 ਮਈ ਨੂੰ 20 ਰੁਪਏ ਪ੍ਰਤੀ ਕਿਲੋ ਫੈਟ ਵਧਾਏ ਗਏ ਹਨ।

ਇਸ ਮੌਕੇ ਮੀਟਿੰਗ ਵਿੱਚ ਮਿਲਕਫੈਡ ਦੇ ਪ੍ਰਬੰਧ ਨਿਰਦੇਸ਼ਕ ਸ੍ਰੀ ਕਮਲਦੀਪ ਸਿੰਘ ਸੰਘਾ ਨੇ ਸਹਿਕਾਰਤਾ ਮੰਤਰੀ ਨੂੰ ਦੱਸਿਆ ਕਿ ਵੇਰਕਾ ਹਮੇਸ਼ਾ ਆਪਣੇ ਦੁੱਧ ਉਤਪਾਦਕਾਂ ਨੂੰ ਉਤਮ ਦੁੱਧ ਪ੍ਰਾਪਤੀ ਕੀਮਤ ਮੁਹੱਈਆ ਕਰਾਉਣ ਵਿੱਚ ਵਿਸ਼ਵਾਸ਼ ਰੱਖਦਾ ਹੈ। ਵੇਰਕਾ ਭਾਈਚਾਰਾ ਆਪਣੇ ਦੁੱਧ ਉਤਪਾਦਕ ਕਿਸਾਨਾਂ ਵਿੱਚ ਆਪਣੇ ਅਦਾਰੇ ਵੇਰਕਾ ਲਈ ਮਲਕੀਅਤ ਦੀ ਭਾਵਨਾ ਉਤਪਨ ਕਰਦਾ ਹੈ ਅਤੇ ਨਾਲ ਹੀ ਉਹਨਾਂ ਵਿੱਚ ਉਤਮ ਕੁਆਲਟੀ ਦਾ ਦੁੱਧ ਪੈਦਾ ਕਰਨ ਦੀ ਜਿੰਮੇਵਾਰੀ ਦੀ ਭਾਵਨਾ ਨੂੰ ਵੀ ਪੈਦਾ ਕਰਦਾ ਹੈ।
ਅਜਿਹਾ ਕਰਨ ਲਈ ਮਿਲਕਫੈਡ ਆਪਣੇ ਦੁੱਧ ਉਤਪਾਦਕਾਂ ਨੂੰ ਸਭ ਤੋਂ ਉਤਮ ਦੁੱਧ ਪ੍ਰਾਪਤੀ ਕੀਮਤਾਂ ਦਿੰਦੇ ਹੋਏ ਇਹ ਯਕੀਨੀ ਬਣਾਉਂਦਾ ਹੈ ਕਿ ਦੁੱਧ ਉਤਪਾਦਕ ਉਤਮ ਕੁਆਲਟੀ ਦਾ ਦੁੱਧ ਮੁਹੱਈਆ ਕਰਵਾਉਣ, ਜਿਸ ਨਾਲ ਕਿ ਵੇਰਕਾ ਆਪਣੇ ਖਪਤਕਾਰਾਂ ਨੂੰ ਆਪਣੇ ਦੁੱਧ ਪਦਾਰਥਾਂ ਦੀ ਉਤਮ ਗੁੱਣਵਤਾ ਮੁਹੱਈਆ ਕਰਵਾਵੇ।