• Home
  • ਹਰਿਆਣਾ ਦੀ ਵੱਖਰੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਪ੍ਰਧਾਨ ਜਥੇ: ਝੀਂਡਾ ਦੀ ਛੁੱਟੀ -ਗੋਲਕ ਚ ਉਲਝੇ ਹਰਿਆਣੇ ਦੇ ਬਗਾਵਤੀ ਸਿੱਖ

ਹਰਿਆਣਾ ਦੀ ਵੱਖਰੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਪ੍ਰਧਾਨ ਜਥੇ: ਝੀਂਡਾ ਦੀ ਛੁੱਟੀ -ਗੋਲਕ ਚ ਉਲਝੇ ਹਰਿਆਣੇ ਦੇ ਬਗਾਵਤੀ ਸਿੱਖ

ਚੰਡੀਗੜ੍ ( ਖ਼ਬਰ ਵਾਲੇ ਬਿਊਰੋ )- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਛੁੱਟੀ ਕਰ ਦਿੱਤੀ ਹੈ।  ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿਰੁੱਧ ਗੋਲਕ ਦੀ ਕੁਵਰਤੋਂ ਦਾ ਦੋਸ਼ ਲਾਉਣ ਵਾਲੇ ਝੀਂਡਾ ਪੈਸੇ ਦਾ ਹਿਸਾਬ ਕਿਤਾਬ ਦੇਣ ਤੋਂ ਭੱਜ ਰਿਹਾ ਸੀ। ਕਮੇਟੀ ਦੇ ਮੈਂਬਰਾਂ ਦੀ ਰੋਹਤਕ ਵਿੱਚ ਹੋਈ ਮੀਟਿੰਗ ਵਿੱਚ ਕਮੇਟੀ ਦੇ ਮੈਂਬਰਾਂ ਨੇ ਬਹੁਮੱਤ ਨਾਲ ਕਮੇਟੀ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ । ਸੂਬਾ ਪੱਧਰੀ ਕਾਰਜਕਾਰਨੀ ਦੀ ਚੋਣ ਲਈ ਪੰਦਰਾਂ ਦਿਨਾਂ ਦਾ ਨੋਟਿਸ ਜਾਰੀ ਕੀਤਾ ਗਿਆ ਹੈ।
ਝੀਂਡਾ ਵੱਲੋਂ ਬਾਦਲ ਪਰਿਵਾਰ ਦੇ ਮਿੱਤਰ ਚੌਟਾਲਾ ਪਰਿਵਾਰ ਦੀ ਸ਼ਰਨ ਵਿੱਚ ਜਾਣ ’ਤੇ ਸਾਰੇ ਮੈਂਬਰ ਖਫ਼ਾ ਸਨ। ਪਿਛਲੇ ਕਈ ਦਿਨਾਂ ਤੋਂ ਝੀਂਡਾ ਵਿਰੁੱਧ ਚੱਲ ਰਹੀ ਲਾਮਬੰਦੀ ਤੋਂ ਬਾਅਦ ਰੋਹਤਕ ਵਿੱਚ ਫੈਸਲਾਕੁੰਨ ਮੀਟਿੰਗ ਰੱਖੀ ਗਈ ਸੀ।
ਇਸ ਮੀਟਿੰਗ ਦੀ ਪ੍ਰਧਾਨਗੀ ਚੰਨਦੀਪ ਸਿੰਘ ਨੇ ਕੀਤੀ ਤੇ ਇਹ ਮੀਟਿੰਗ ਚਾਰ ਘੰਟੇ ਤਕ ਚੱਲੀ। ਇਸ ਵਿੱਚ ਦੀਦਾਰ ਸਿੰਘ ਨਲਵੀ, ਸਤਪਾਲ ਸਿੰਘ, ਅਮਰੀਕ ਸਿੰਘ, ਜੀਤ ਸਿੰਘ, ਹਰਪਾਲ ਸਿੰਘ, ਸੁਰਜੀਤ ਸਿੰਘ, ਜਗਜੀਤ ਸਿੰਘ, ਹਰਵੈਰ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ, ਜਸਵੀਰ ਸਿੰਘ, ਅਜਮੇਰ ਸਿੰਘ, ਮੋਹਨ ਜੀਤ ਸਿੰਘ, ਹਰਭਜਨ ਸਿੰਘ, ਅਮਰਿੰਦਰ ਸਿੰਘ, ਬਲਦੇਵ ਸਿੰਘ, ਸਰਤਾਜ ਸਿੰਘ, ਕਰਨੈਲ ਸਿੰਘ, ਮਨਜੀਤ ਸਿੰਘ, ਪ੍ਰਭਜੀਤ ਸਿੰਘ, ਮਹਿੰਦਪਾਲ ਸਿੰਘ, ਅਪਾਰ ਸਿੰਘ, ਰਾਣਾ ਕੌਰ ਭੱਟੀ, ਭੁਪਿੰਦਰ ਸਿੰਘ, ਮਹਿੰਦਰ ਸਿੰਘ, ਸਾਹਿਬ ਸਿੰਘ ਆਦਿ ਸਣੇ ਕੁੱਲ 28 ਮੈਂਬਰ ਸ਼ਾਮਲ ਹੋਏ।
ਉਨ੍ਹਾਂ ਵਿਰੁੱਧ ਦੋਸ਼ ਇਹ ਵੀ ਸਨ ਕਿ  ਉਹ ਹਰਿਆਣਾ ਵਿੱਚ ਸਿੱਖ ਸਮਾਜ ਦੀਆਂ ਮੰਗਾਂ ਉਠਾਉਣ ਵਿੱਚ ਅਸਫ਼ਲ ਰਹੇ। ਸੁਪਰੀਮ ਕੋਰਟ ਵਿੱਚ ਹਰਿਆਣਾ ਕਮੇਟੀ ਦਾ ਮਾਮਲਾ ਠੀਕ ਢੰਗ ਨਾਲ ਪੇਸ਼ ਨਹੀਂ ਕਰ ਸਕੇ। ਕਮੇਟੀ ਵੱਲੋਂ ਲਾਏ ਦੋਸ਼ਾਂ ’ਚੋਂ ਵੱਡਾ ਦੋਸ਼ ਹੈ ਕਿ ਉਹ ਆਪਣੇ ਨਿੱਜੀ ਹਿੱਤਾਂ ਲਈ ਕਮੇਟੀ ਮੈਂਬਰਾਂ ਅਤੇ ਸੂਬੇ ਦੇ ਸਿੱਖ ਸਮਾਜ ਦੀ ਅਣਦੇਖੀ ਕਰਦੇ ਆ ਰਹੇ ਸਨ। ਸ੍ਰੀ ਝੀਂਡਾ ਹਰਿਆਣਾ ਦੇ ਸਿੱਖ ਸਮਾਜ ਨੂੰ ਅਗਵਾਈ ਦੇਣ ਵਿੱਚ ਅਸਫ਼ਲ ਰਹੇ। ਕਮੇਟੀ ਮੈਂਬਰ ਜਸਬੀਰ ਸਿੰਘ ਭਾਟੀ ਨੇ ਦੱਸਿਆ ਕਿ ਪੰਦਰਾਂ ਦਿਨਾਂ ਬਾਅਦ ਹੋਣ ਵਾਲੀ ਮੀਟਿੰਗ ਵਿੱਚ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਜਾਵੇਗੀ।