• Home
  • ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਰੋਕੇਗਾ ਲਈ ‘ਸੀ ਵਿਜਿਲ’ ਐਂਡਰਾਇਡ ਐਪ -ਫ਼ੋਟੋ ਜਾਂ ਵੀਡਿਓ ਅਪਲੋਡ ਕਰਨ ’ਤੇ 100 ਮਿੰਟ ਵਿੱਚ ਹੋਵੇਗੀ ਕਾਰਵਾਈ:-ਅਨੁਪਮ ਕਲੇਰ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਰੋਕੇਗਾ ਲਈ ‘ਸੀ ਵਿਜਿਲ’ ਐਂਡਰਾਇਡ ਐਪ -ਫ਼ੋਟੋ ਜਾਂ ਵੀਡਿਓ ਅਪਲੋਡ ਕਰਨ ’ਤੇ 100 ਮਿੰਟ ਵਿੱਚ ਹੋਵੇਗੀ ਕਾਰਵਾਈ:-ਅਨੁਪਮ ਕਲੇਰ

ਨਵਾਂਸਹਿਰ, 11 ਮਾਰਚ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੁਪਮ ਕਲੇਰ ਨੇ ਅੱਜ ਇੱਥੇ ਦੱਸਿਆ ਕਿ ਇਸ ਵਾਰ ਆਮ ਲੋਕ ਵੀ ਚੋਣ ਜ਼ਾਬਤੇ ਦੀ ਨਿਗਰਾਨੀ ਕਰ ਸਕਦੇ ਹਨ। ਇਸ ਲਈ ਚੋਣ ਕਮਿਸ਼ਨ ਵੱਲੋਂ ‘ਸੀ ਵਿਜਿਲ’ ਨਾਂਅ ਦੀ ਐਂਡਰਾਇਡ ਮੋਬਾਇਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਅਤੇ ਇਸ ਰਾਹੀਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੋਈ ਵੀ ਨਾਗਰਿਕ ਸ਼ਿਕਾਇਤ ਕਰ ਸਕਦਾ ਹੈ। ਸ਼ਿਕਾਇਤ ਕਰਤਾ ਜੇਕਰ ਚਾਹੇ ਤਾਂ ਆਪਣੀ ਪਹਿਚਾਣ ਗੁਪਤ ਵੀ ਰੱਖ ਸਕਦਾ ਹੈ। ਇਸ ਤਰੀਕੇ ਨਾਲ  ਪ੍ਰਾਪਤ ਸ਼ਿਕਾਇਤ ’ਤੇ 100 ਮਿੰਟ ਵਿਚ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇਗੀ। ਇਹ ਐਪਲੀਕੇਸ਼ਨ 18 ਮਾਰਚ ਤੋਂ ਕਾਰਜਸ਼ੀਲ ਹੋ ਜਾਵੇਗੀ। ਅੱਜ ਇੱਥੇ ਵੱਖ-ਵੱਖ ਨਿਗਰਾਨ ਟੀਮਾਂ ਨੂੰ ‘ਸੀ ਵਿਜਿਲ’ ਦੀ ਸਿਖਲਾਈ ਦੇਣ ਲਈ ਲਾਈ ਗਈ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਕੋਈ ਵੀ ਵਿਅਕਤੀ ਕਿਸੇ ਵੀ ਥਾਂ ’ਤੇ ਆਪਣੇ ਮੋਬਾਇਲ ’ਚ ਡਾਊਨਲੋਡ ਕੀਤੀ ਹੋਈ ਇਸ ਐਪ ਰਾਹੀਂ ਹਾਈ ਰੈਜ਼ੋਲਿਊਸ਼ਨ ਫ਼ੋਟੋ ਜਾਂ ਦੋ ਮਿੰਟ ਦਾ ਵੀਡਿਓ ਅਪਲੋਡ ਕਰਕੇ, ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਯਾਦ ਰਹੇ ਕਿ ਫ਼ੋਟੋ ਜਾਂ ਵੀਡਿਓ ਮੌਕੇ ’ਤੇ ਹੀ ਖੜ੍ਹ ਕੇ ਪਾਇਆ ਜਾਵੇ ਕਿਉਂ ਜੋ ਉਸ ਥਾਂ ਦੀ ਸ਼ਨਾਖ਼ਤ ਜੀ ਪੀ ਐਸ ਰਾਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ‘ਸੀ ਵਿਜਿਲ’ ’ਤੇ ਅਪਲੋਡ ਕੀਤੀ ਸ਼ਿਕਾਇਤ ਜ਼ਿਲ੍ਹਾ ਕੰਟਰੋਲ ਰੂਮ ’ਚ ਪੁੱਜਣ ’ਤੇ ਪੰਜ ਮਿੰਟ ’ਚ ਹੀ ਕਾਰਵਾਈ ਸ਼ੁਰੂ ਹੋ ਜਾਵੇਗੀ ਅਤੇ 15 ਮਿੰਟਾਂ ’ਚ ਹੀ ਨੇੜੇ ਲਗਦੀ ਫ਼ਲਾਇੰਗ ਸਕੂਐਡ ਟੀਮ ਸਬੰਧਤ ਸਥਾਨ ’ਤੇ ਪੁੱਜ ਜਾਵੇਗੀ ਅਤੇ 30 ਮਿੰਟ ’ਚ ਆਪਣੀ ਏ ਆਰ ਓ ਜਾਂ ਆਰ ਓ ਨੂੰ ਦੇ ਦੇਵੇਗੀ। ਉਸ ਤੋਂ ਬਾਅਦ 50 ਮਿੰਟਾਂ ’ਚ ਏ ਆਰ ਓ/ਆਰ ਓ ਸਬੰਧਤ ਸ਼ਿਕਾਇਤ ਕਰਤਾ ਨੂੰ ਉਸ ਦੀ ਸ਼ਿਕਾਇਤ ਦੀ ਸਥਿਤੀ ਜਾਂ ਉਸ ’ਤੇ ਹੋ ਚੁੱਕੀ ਕਾਰਵਾਈ ਬਾਰੇ ਸੂਚਿਤ ਕਰੇਗਾ। ਇਸ ਸਾਰੀ ਪ੍ਰਕਿਰਿਆ ਨੂੰ ਕੁੱਲ ਮਿਲਾ ਕੇ 100 ਮਿੰਟਾਂ ’ਚ ਨਿਪਟਾਇਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਕਲੇਰ ਨੇ ਦੱਸਿਆ ਕਿ ਇਸ ਐਪ ਨੂੰ ਉਚਿੱਤ ਢੰਗ ਨਾਲ ਚਲਾਉਣ ਅਤੇ ਆਈਆਂ ਸ਼ਿਕਾਇਤਾਂ ਨੂੰ ਅੱਗੇ ਭਿਜਵਾਉਣ ਅਤੇ ਨਿਗਰਾਨੀ ਲਈ ਡੀ ਐਮ ਐਮ ਪੀ ਐਲ ਆਰ ਐਸ ਰਾਜੇਸ਼ ਕੁਮਾਰ ਨੂੰ ਨੋਡਲ ਅਫ਼ਸਰ ਲਾਇਆ ਗਿਆ। ਰਾਜੇਸ਼ ਕੁਮਾਰ ਵੱਲੋਂ ਅੱਜ ਸਿਖਲਾਈ ਵਰਕਸ਼ਾਪ ’ਚ ਹਾਜ਼ਿਰ ਸਮੂਹ ਨਿਗਰਾਨ ਟੀਮਾਂ ਜਿਨ੍ਹਾਂ ’ਚ ਫਲਾਇੰਗ ਸਕੂਐਡ ਟੀਮਾਂ, ਵੀਡਿਓ ਸਰਵੇਲੈਂਸ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓਗ੍ਰਾਫ਼ੀ ਵਿਊਇੰਗ ਟੀਮਾਂ ਤੇ ਉਨ੍ਹਾਂ ਦੇ ਨੋਡਲ ਅਫ਼ਸਰ ਮੌਜੂਦ ਸਨ, ਨੂੰ ਇਸ ਐਪ ਦੀ ਕਾਰਜਸ਼ੀਲਤਾ ਬਾਰੇ ਵਿਸਤਾਰ ’ਚ ਦੱਸਿਆ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਪ ਦੇ ਕਾਰਜਸ਼ੀਲ ਹੋਣ ਨਾਲ ਆਮ ਨਾਗਰਿਕ ਵੀ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਚੌਕਸੀ ਕਰ ਸਕੇਗਾ ਅਤੇ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ। ਸਿਖਲਾਈ ਵਰਕਸ਼ਾਪ ’ਚ ਐਸ ਪੀ (ਐਚ) ਹਰੀਸ਼ ਦਿਆਮਾ, ਐਸ ਡੀ ਐਮ ਬੰਗਾ ਦੀਪ ਸ਼ਿਖਾ ਸ਼ਰਮਾ, ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਚੋਣ ਤਹਿਸੀਲਦਾਰ ਹਰੀਸ਼ ਕੁਮਾਰ, ਤਹਿਸੀਲਦਾਰ ਬਲਾਚੌਰ ਅਮਨਦੀਪ ਚਾਵਲਾ, ਨਾਇਬ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ, ਕਾਨੂੰਗੋ ਚੋਣ ਦਫ਼ਤਰ ਵਿਵੇਕ ਮੋਇਲਾ, ਦੀਪਕ ਕੁਮਾਰ ਅਤੇ ਵੱਖ-ਵੱਖ ਟੀਮਾਂ ਦੇ ਸਮੂਹ ਨੋਡਲ ਅਫ਼ਸਰ, ਸੈਕਟਰ ਅਫ਼ਸਰ ਮੌਜੂਦ ਸਨ।