• Home
  • ਦਰਬਾਰਾ ਗੁਰੂ ਦੀ ਬਦਸ਼ਗਨੀ ! ਜਦੋਂ ਸਾਲੇ ਦੇ ਬਣਾਏ ਨੇਤਾ ਨੂੰ ਜੀਜੇ ਨੇ ਅੱਖੋਂ ਪਰੋਖੇ ਕੀਤਾ -ਕਿਉਂ ਤਲਵੰਡੀ ਨੇ ਦਿਖਾਏ ਸਟੇਜ ਤੇ ਤਿੱਖੇ ਤੇਵਰ ?ਪੜ੍ਹੋ ਰਿਪੋਰਟ:-

ਦਰਬਾਰਾ ਗੁਰੂ ਦੀ ਬਦਸ਼ਗਨੀ ! ਜਦੋਂ ਸਾਲੇ ਦੇ ਬਣਾਏ ਨੇਤਾ ਨੂੰ ਜੀਜੇ ਨੇ ਅੱਖੋਂ ਪਰੋਖੇ ਕੀਤਾ -ਕਿਉਂ ਤਲਵੰਡੀ ਨੇ ਦਿਖਾਏ ਸਟੇਜ ਤੇ ਤਿੱਖੇ ਤੇਵਰ ?ਪੜ੍ਹੋ ਰਿਪੋਰਟ:-

ਖੰਨਾ :- ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾਂ ਦੀ ਰਸਮੀ ਤੌਰ ਤੇ ਜਾਰੀ ਕੀਤੀ ਸੂਚੀ ਚ ਹਲਕਾ ਫਤਿਹਗੜ੍ਹ ਸਾਹਿਬ ਤੋਂ ਐਲਾਨੇ ਗਏ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਦੇ ਪਹਿਲੇ ਪ੍ਰੋਗਰਾਮ ਚ ਹੀ ਉਸ ਸਮੇਂ ਬਦਸ਼ਗਨੀ ਹੋ ਗਈ ਜਦੋਂ ਹਲਕਾ ਖੰਨਾ ਚ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਦੇ ਯਤਨਾ ਸਦਕਾ ਰੱਖੀ ਗਈ ਚੋਣ ਰੈਲੀ ,ਜਿਸ ਵਿੱਚ ਨਵੇਂ ਐਲਾਨੇ ਗਏ ਉਮੀਦਵਾਰ ਦਰਬਾਰਾ ਗੁਰੂ ਨੂੰ ਲੋਕਾਂ ਦੇ ਰੂਬਰੂ ਕਰਾਉਣਾ ਸੀ । ਹੋਇਆ ਇੰਝ ਜਦੋਂ ਸੁਖਬੀਰ ਸਿੰਘ ਬਾਦਲ ਸਟੇਜ ਤੇ ਬੈਠੇ ਹੋਏ ਸਨ ਤਾਂ ਰਣਜੀਤ ਸਿੰਘ ਤਲਵੰਡੀ ਅਕਾਲੀ ਦਲ ਦੇ ਹੇਠਲੇ ਪੱਧਰ ਤੇ ਡਿੱਗੇ ਗ੍ਰਾਫ ਨੂੰ ਪੜਚੋਲਣ ਦੀ ਪਾਰਟੀ ਪ੍ਰਧਾਨ ਨੂੰ ਸਲਾਹ ਦੇਣ ਦੀਆਂ ਤਕਰੀਰਾਂ ਕਰ ਰਹੇ ਸਨ ।ਪਰ ਇੰਨੇ ਵਿੱਚ ਇੱਕ ਟੋਲਾ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਜ਼ਿੰਦਾਬਾਦ ਦੇ ਨਾਅਰੇ ਮਾਰਦਾ ਪੰਡਾਲ ਵਿੱਚ ਆਇਆ ।ਜਿਨ੍ਹਾਂ ਦੀ ਅਗਵਾਈ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਕਰ ਰਹੇ ਸਨ ਅਤੇ ਇਸ ਸਮੇਂ ਉਸਦੇ ਨਾਲ ਕਾਂਗਰਸੀ ਵਿਧਾਇਕ ਕੋਟਲੀ ਨੂੰ ਗੁਲਦਸਤਾ ਦੇਣ ਵਾਲਾ ਆਗੂ ਵੀ ਨਾਲ ਸੀ । ਇਸੇ ਸਮੇਂ ਰਣਜੀਤ ਸਿੰਘ ਤਲਵੰਡੀ ਨੇ ਸਟੇਜ ਤੋਂ ਹੀ ਬੋਲਦਿਆਂ ਕਿਹਾ ਕਿ ਬੈਠ ਜਾ -ਬੈਠ ਜਾ ਤੈਨੂੰ ਦੇਖ ਲਿਆ ਸਾਰਿਆਂ ਨੇ ਤੇਰੇ ਨਾਲ ਕਿੰਨੇ ਕੁ ਨੇ..! ਇਸ ਤੋਂ ਬਾਅਦ ਭਾਵੇਂ ਨਾਅਰੇ ਮਾਰਨ ਵਾਲੇ ਯੂਥ ਆਗੂ ਆਪਣੇ ਸਾਥੀਆਂ ਸਮੇਤ ਪੰਡਾਲ ਦੇ ਵਿੱਚ ਹੀ ਬੈਠ ਗਿਆ । ਪਰ ਸੁਖਬੀਰ ਬਾਦਲ ਨੇ ਇਹ ਸਭ ਕੁਝ ਦੇਖਦਿਆਂ ਇਸ ਨੂੰ ਅੱਖੋਂ ਪਰੋਖੇ ਕਰ ਦਿੱਤਾ।

ਭਾਵੇਂ ਕਿ ਇਸ ਮੌਕੇ ਸਟੇਜ ਤੇ ਬੈਠੇ ਕੁਝ ਜ਼ਿਲ੍ਹੇ ਦੇ ਆਗੂ ਯਾਦਵਿੰਦਰ ਯਾਦੂ ਨੂੰ ਸਟੇਜ ਤੇ ਲਿਆ ਕੇ ਬਿਠਾਉਣ ਲਈ ਘੁਸਰ ਮੁਸਰ ਕਰਦੇ ਰਹੇ,ਪਰ ਤਲਵੰਡੀ ਦੇ ਤੇਵਰ ਦੇਖਦਿਆਂ ਕਿਸੇ ਚ ਵੀ ਉਸ ਨੂੰ ਸਟੇਜ ਤੇ ਬੁਲਾਉਣ ਦੀ ਹਿੰਮਤ ਨਾ ਪਈ । ਇਸ ਇਸ ਸਮੇਂ ਖੰਨਾ ਹਲਕੇ ਤੋਂ ਆਪਣੇ ਆਪ ਨੂੰ ਦਾਅਵੇਦਾਰ ਦੱਸਣ ਵਾਲਾ ਆਗੂ ਵੀ ਮਗਰਲੀ ਕਤਾਰ ਚ ਹੀ ਦੇਖਿਆ ਗਿਆ ।

ਦੱਸਣਯੋਗ ਹੈ ਕਿ ਰਣਜੀਤ ਤਲਵੰਡੀ ਪਹਿਲਾਂ ਹੀ ਸੁਖਬੀਰ ਬਾਦਲ ਕੋਲ ਇਹ ਦੋਸ਼ ਲਗਾ ਚੁੱਕੇ ਹਨ ਕਿ ਉਸ ਨੂੰ ਰਾਜਨੀਤੀ ਚੋਂ ਨੀਵਾਂ ਦਿਖਾਉਣ ਲਈ ਬਿਕਰਮ ਸਿੰਘ ਮਜੀਠੀਆ ਨੇ ਉਸ ਦੇ ਹਲਕੇ ਚ ਯਾਦਵਿੰਦਰ ਯਾਦੂ ਨੂੰ ਆਪਣਾ ਲੀਡਰ ਬਣਾਇਆ ਹੋਇਆ ਹੈ । ਜੋ ਕਿ ਸਰਕਾਰ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਉਸਦੀ ਵਿਰੋਧਤਾ ਕਰਦਾ ਆ ਰਿਹਾ ਹੈ । ਪਰ ਸੁਖਬੀਰ ਸਿੰਘ ਬਾਦਲ ਦੀ ਇਸ ਬਾਰੇ ਹਮੇਸ਼ਾ ਚੁੱਪ ਰਹਿੰਦੀ ਸੀ। ਪਰ ਇਸ ਪ੍ਰੋਗਰਾਮ ਦੌਰਾਨ ਤਲਵੰਡੀ ਵੱਲੋਂ ਇਹ ਭੜਾਸ ਕੱਢ ਦਿੱਤੀ ਗਈ ।