• Home
  • ਗ਼ੈਰਕਾਨੂੰਨੀ ਢੰਗ ਨਾਲ ਜਮਾਂ ਕੀਤੇ ਚੌਲਾਂ ਦੀਆਂ 21,728 ਬੋਰੀਆਂ ਬਰਾਮਦ-ਕੱਟੇ ਜਾ ਰਹੇ ਸੀ ਫ਼ਰਜ਼ੀ ਬਿੱਲ

ਗ਼ੈਰਕਾਨੂੰਨੀ ਢੰਗ ਨਾਲ ਜਮਾਂ ਕੀਤੇ ਚੌਲਾਂ ਦੀਆਂ 21,728 ਬੋਰੀਆਂ ਬਰਾਮਦ-ਕੱਟੇ ਜਾ ਰਹੇ ਸੀ ਫ਼ਰਜ਼ੀ ਬਿੱਲ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਮੌਜੂਦਾ ਸਾਉਣੀ ਸੀਜ਼ਨ ਵਿੱਚ ਖ਼ਰੀਦ ਪ੍ਰਕਿਰਿਆ ਦੌਰਾਨ ਗ਼ੈਰਕਾਨੂੰਨੀ ਤੇ ਨਾਜਾਇਜ਼ ਢੰਗ ਨਾਲ ਚੌਲਾਂ ਦੀ ਜਮਾਂਖੋਰੀ ਕਰਨ ਵਾਲੇ ਮਿੱਲ ਮਾਲਕਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਖ਼ਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵਾਰ-ਵਾਰ ਚੇਤਵਾਨੀਆਂ ਤੇ ਅਪੀਲਾਂ ਕਰਨ ਦੇ ਬਾਵਜੂਦ ਵੀ ਅਜਿਹੇ ਮਾੜੇ ਧੰਦੇ ਕਰਨ ਵਾਲੇ ਲੋਕਾਂ ਨੇ ਬੁਰਾਈ ਦਾ ਰਾਹ ਨਹੀਂ ਛੱਡਿਆ ਹੈ ਅਤੇ ਸਿੱਟੇ ਵਜੋਂ ਉਹਨਾਂ ਨੇ ਆਪ ਹੀ ਆਪਣੇ ਵਿਰੁੱਧ ਸਖ਼ਤ ਕਾਰਵਾਈ ਨੂੰ ਸੱਦਾ ਦਿੱਤਾ ਹੈ।। ਉਹਨਾਂ ਕਿਹਾ ਕਿ ਅਸੀਂ ਮੰਡੀ ਬੋਰਡ ਅਤੇ ਸੇਲਜ਼ ਟੈਕਸ ਵਿਭਾਗ ਨੂੰ ਕਾਰਵਾਈ ਕਰਨ ਲਈ ਲਿਖਿਆ ਹੈ ਤੇ ਜਲਦ ਹੀ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ  ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਵਿਭਾਗ ਦੇ ਮੁੱਖ ਵਿਜੀਲੈਂਸ ਅਫ਼ਸਰ ਦੀ ਅਗਵਾਈ ਵਿੱਚ ਖ਼ੁਰਾਕ ਤੇ ਸਿਵਲ ਸਪਲਾਈ ਦੀਆਂ ਟੀਮਾਂ ਵੱਲੋਂ ਸੰਗਰੂਰ ਵਿੱਚ ਸਥਿਤ 5 ਮਿੱਲਾਂ ਵਿੱਚ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਪਿਛਲੇ ਸਾਲ ਦੇ ਚੌਲਾਂ ਦੀਆਂ 21,728 ਬੋਰੀਆਂ ਜੋ ਕਿ ਮੌਜੂਦਾ ਖ਼ਰੀਦ ਪ੍ਰਕਿਰਿਆ ਦੌਰਾਨ ਵੇਚਣ ਦੇ ਇਰਾਦੇ ਨਾਲ ਜਮਾਂ ਕੀਤੀ ਗਈਆਂ ਸਨ, ਬਰਾਮਦ ਕੀਤੀਆਂ ਗਈਆਂ।। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਵਿਜੀਲੈਂਸ ਅਫ਼ਸਰ ਡਾ. ਰਾਕੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਅਜਿਹੇ ਨਾਜਾਇਜ਼ ਚੌਲਾਂ ਦੀਆਂ 9325 ਬੋਰੀਆਂ ਸ਼ਿਵਾ ਰਾਈਸ ਐਂਡ ਜਨਰਲ ਮਿੱਲਜ਼ ਤੋਂ, 3852 ਬੋਰੀਆਂ ਦੁੱਗਨ ਰਾਈਸ ਮਿੱਲ, 1193 ਬੋਰੀਆਂ ਸ੍ਰੀ ਰਾਮਾ ਰਾਈਸ ਮਿੱਲ, 2810 ਬੋਰੀਆਂ ਪੰਜਾਬ ਪੇਪਰ ਬੋਰਡ ਰਾਈਸ ਮਿੱਲਜ਼, 1500 ਤ੍ਰੀਸ਼ਾਲਾ ਫੂਡ ਅਤੇ 3084 ਬੋਰੀਆਂ ਬਾਂਸਲ ਐਗਰੋ ਨਾਂ ਦੀ ਮਿੱਲ ਤੋਂ ਬਰਾਮਦ ਹੋਈਆਂ।।
ਇੱਕ ਵਿਸ਼ੇਸ਼ ਨੁਕਤਾ ਸਾਂਝਾ ਕਰਦਿਆਂ ਸ੍ਰੀ ਸਿੰਗਲਾ ਨੇ ਦੱਸਿਆ ਕਿ ਜਾਂਚ ਟੀਮਾਂ ਤੋਂ ਬਚਣ ਲਈ ਕਈ ਮਿੱਲ ਮਾਲਕਾਂ ਵੱਲੋਂ ਇਕ ਦੂਜੇ ਨੂੰ ਖ਼ਰੀਦ-ਫ਼ਰੋਖ਼ਤ ਦੇ ਜਾਅਲੀ ਬਿੱਲ ਦੇਣ ਦੀ ਅਨੋਖੀ ਖੇਡ ਵੀ ਖੇਡੀ ਜਾ ਰਹੀ ਸੀ ਤਾਂ ਜੋ ਇਸ ਸਾਰੀ ਜਾਲਸਾਜ਼ੀ ਨੂੰ ਜਾਇਜ਼ ਦਿਖਾਇਆ ਜਾ ਸਕੇ।। ਸੰਗਰੂਰ ਦੀ ਛਾਪੇਮਾਰੀ ਤੋਂ ਬਾਅਦ ਅਜਿਹੇ ਜਮਾਂਖੋਰਾਂ ਵੱਲੋਂ ਨਾਜਾਇਜ਼ ਸਟਾਕ ਜਮਾਂ ਕਰਨ ਲਈ ਮਿੱਲਾਂ, ਕਿਰਾਏ ਦੇ ਗੁਦਾਮਾਂ ਤੇ ਪਸ਼ੂਆਂ ਦੇ ਵਾੜਿਆਂ ਜਿਹੇ ਗੁਪਤ ਟਿਕਾਣਿਆਂ ਤੋਂ ਬਾਅਦ ਨਵੇਂ ਟਿਕਾਣੇ 'ਕੋਲਡ ਸਟੋਰ' ਦੀ ਵੀ ਗੱਲ ਸਾਹਮਣੇ ਆਈ ਹੈ।
ਉਹਨਾਂ ਦੱਸਿਆ ਕਿ ਮਾਲੇਰਕੋਟਲਾ ਦੇ ਇੱਕ ਕੋਲਡ ਸਟੋਰੇਜ ਦੇ ਬਾਹਰੋਂ ਚੌਲਾਂ ਦੀਆਂ 350 ਬੋਰੀਆਂ ਤੇ 'ਕਣੀ'(ਚੌਲਾਂ ਦਾ ਟੋਟਾ) ਦੀਆਂ 350 ਬੋਰੀਆਂ ਨਾਲ ਲੱਦੇ ਦੋ ਟਰੱਕ ਦੇਖੇ ਗਏ ਪਰ ਇਸ ਸਬੰਧੀ ਕੋਈ ਪੁਖ਼ਤਾ ਜਾਣਕਾਰੀ ਟੀਮ ਦੇ ਹੱਥ ਨਹੀਂ ਲੱਗ ਸਕੀ ਤੇ ਸਬੰਧਤ ਮਿੱਲ ਮਾਲਕ ਦੀ ਭਾਲ ਜਾਰੀ ਹੈ।