• Home
  • ਸ਼ਹੀਦ ਭਾਈ ਮਨੀ ਸਿੰਘ ਦੇ ਜਨਮ ਦਿਹਾੜੇ ਤੋਂ ਅਣਜਾਨ ਹੈ ਐੱਸ ਜੀ ਪੀ ਸੀ : ਬਿੱਕਰ

ਸ਼ਹੀਦ ਭਾਈ ਮਨੀ ਸਿੰਘ ਦੇ ਜਨਮ ਦਿਹਾੜੇ ਤੋਂ ਅਣਜਾਨ ਹੈ ਐੱਸ ਜੀ ਪੀ ਸੀ : ਬਿੱਕਰ

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਗਲਤ ਤਰੀਕ ਨੂੰ ਮਨਾਉਂਦੀ ਹੈ ਅਤੇ ਸ਼ਹੀਦ ਭਾਈ ਮਨੀ ਸਿੰਘ ਦੇ ਜਨਮ ਦਿਹਾੜੇ ਬਾਰੇ ਤਾਂ ਐੱਸ ਜੀ ਪੀ ਸੀ ਨੂੰ ਪਤਾ ਹੀ ਨਹੀਂ।
ਇਹ ਪ੍ਰਗਟਾਵਾ ਕਰਦਿਆਂ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਦੀ ਸੰਖੇਪ ਜੀਵਨੀ ਕਿਤਾਬਚਾ ਦੇ ਲੇਖਕ ਦਲੀਪ ਸਿੰਘ ਬਿੱਕਰ ਦੱਸਿਆ ਕਿ ਉਨ੍ਹਾਂ ਸ਼ਹੀਦ ਭਾਈ ਮਨੀ ਸਿੰਘ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਹਾੜੇ ਦੀਆਂ ਸਹੀ ਤਰੀਕਾਂ ਬਾਰੇ ਜੋ ਖੋਜ ਕਿਤਾਬ ਲਿਖੀ ਹੈ ਉਸ ਵਿੱਚ ਭੱਟਾਂ ਦੀਆਂ ਬਹੀਆਂ ਦੇ ਹਵਾਲੇ ਅਤੇ ਹੋਰ ਤੱਥਾਂ ਦਾ ਜ਼ਿਕਰ ਹੈ।
ਉਨ੍ਹਾਂ ਦੱਸਿਆ ਕਿ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ 24 ਜੂਨ 1734 ਨੂੰ ਹੈ ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦਾ ਸ਼ਹੀਦੀ ਦਿਹਾੜਾ 9 ਜੁਲਾਈ ਨੂੰ ਮਨਾਉਂਦੀ ਹੈ। 10 ਮਾਰਚ 1664 ਨੂੰ ਸ਼ਹੀਦ ਭਾਈ ਮਨੀ ਸਿੰਘ ਦਾ ਜਨਮ ਦਿਹਾੜਾ ਹੈ ਜਿਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਵੀ ਜ਼ਿਕਰ ਨਹੀਂ ਕਰਦੀ। ਦਲੀਪ ਸਿੰਘ ਬਿੱਕਰ ਨੇ ਦੱਸਿਆ ਕਿ ਸ਼ਹੀਦ ਭਾਈ ਮਨੀ ਸਿੰਘ ਦੇ ਦਿਹਾੜੇ ਸਹੀ ਤਰੀਕਾਂ ਨੂੰ ਮਨਾਉਣ ਬਾਰੇ ਉਨ੍ਹਾਂ ਪੰਜੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਰਿਸਰਚ ਬੋਰਡ ਨੂੰ ਪਹਿਲਾਂ ਪੱਤਰ ਭੇਜੇ ਸਨ ।
ਇਸ ਮਾਮਲੇ ਬਾਰੇ ਹੁਣ ਉਨ੍ਹਾਂ ਦਾ ਪੱਖ ਜਾਨਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਸ ਨੂੰ 22ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ ਹੈ।
ਦਲੀਪ ਸਿੰਘ ਬਿੱਕਰ ਨੇ ਕਿਹਾ ਕਿ ਲਾਹੌਰ ਵਿੱਚ ਰੇਲਵੇ ਸਟੇਸ਼ਨ ਦੇ ਨੇੜੇ ਜਿਸ ਚੌਕ ਤੇ ਸ਼ਹੀਦ ਭਾਈ ਮਨੀ ਸਿੰਘ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਉਸ ਥਾਂ 'ਤੇ ਸ਼ਹੀਦ ਭਾਈ ਮਨੀ ਸਿੰਘ ਦੀ ਯਾਦਗਾਰ ਬਣਾਉਣੀ ਚਾਹੀਦੀ ਹੈ ਜਿਸ ਬਾਰੇ ਉਨ੍ਹਾਂ ਪਾਕਿਸਤਾਨ ਦੀ ਐੱਸਜੀਪੀਸੀ ਅਤੇ ਪਾਕਿਸਤਾਨ ਸਰਕਾਰ ਨਾਲ ਸੰਪਰਕ ਬਣਾਇਆ ਜਾਵੇਗਾ। ਇਸ ਮੌਕੇ ਮਿਸ਼ਨ ਦੇ ਆਗੂ ਪਰਮਜੀਤ ਸਿੰਘ ਬੇਦੀ ਪਟਿਆਲਾ ਬਲਵਿੰਦਰ ਸਿੰਘ ਲੱਕੀ ਅਲੀਪੁਰ ਲਾਲ ਸਿੰਘ ਅਲੀਪੁਰ ਗੁਰਨਾਮ ਸਿੰਘ ਪ੍ਰਗਟ ਸਿੰਘ ਸ਼ਬੀ ਰਾਣਾ ਲਹੋਰੀ ਅਲੀਪੁਰ ਹਰਸਿਮਰਨ ਸਿੰਘ ਖਾਕੀ ਅਲੀਪੁਰ ਦਲਜੀਤ ਸਿੰਘ ਰਾਜਪੁਰਾ ਆਦਿ ਹਾਜ਼ਰ ਸਨ ।