• Home
  • ਮੁਹਾਲੀ ਪੁਲਿਸ ਵੱਲੋਂ ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਅਸਲੇ ਸਮੇਤ ਕਾਬੂ -ਐਸ ਐਸ ਪੀ ਨੇ ਕੀਤਾ ਖੁਲਾਸਾ

ਮੁਹਾਲੀ ਪੁਲਿਸ ਵੱਲੋਂ ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਅਸਲੇ ਸਮੇਤ ਕਾਬੂ -ਐਸ ਐਸ ਪੀ ਨੇ ਕੀਤਾ ਖੁਲਾਸਾ

ਐਸ.ਏ.ਐਸ.ਨਗਰ : 7 ਮਾਰਚ :ਜਿਲ੍ਹੇ ਅੰਦਰ ਸਮਾਜ ਵਿਰੋਧੀ ਅਨਸਰਾਂ ਅਤੇ ਗੈਰ ਕਾਨੂੰਨੀ ਗਤੀਵਿਧੀਆ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਚਲਾਈ ਗਈ ਮੁਹਿੰਮ ਦੋਰਾਨ ਜਿਲ੍ਹਾ ਐਸ.ਏ.ਐਸ.ਨਗਰ ਪੁਲਿਸ ਵੱਲੋਂ ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਅਸਲਾ ਤੇ ਨਗਦੀ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਮੁਖੀ ਸ੍ਰ: ਹਰਚਰਨ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹੇ ਅੰਦਰ ਕ੍ਰੀਮੀਨਲ ਤੇ ਸ਼ੱਕੀ ਪੁਰਸ਼ਾਂ ਦੀ ਤਲਾਸ ਲਈ ਕਪਤਾਨ ( ਇੰਨਵੈਸਟੀਗੇਸਨ ) ਪੁਲਿਸ ਸ੍ਰੀ ਵਰੂਣ ਸ਼ਰਮਾ, ਅਤੇ ਉਪ-ਕਪਤਾਨ ਪੁਲਿਸ ( ਇੰਨਵੈਸਟੀਗੇਸਨ ) ਸ੍ਰੀ ਗੁਰਦੇਵ ਸਿੰਘ ਧਾਲੀਵਾਲ ਨੂੰ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਚਾਰਜ ਸੀ .ਆਈ.ਏ ਸਟਾਫ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਪਾਰਟੀਆਂ ਲਗਾਈਆਂ ਗਈਆਂ ਹਨ।            ਜਿਲ੍ਹਾ ਪੁਲਿਸ ਮੁੱਖੀ ਨੇ ਦੱਸਿਆ ਕਿ 06 ਮਾਰਚ ਨੂੰ ਏ.ਐਸ.ਆਈ ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਨਾਕਾ ਬੰਦੀ  ਦੌਰਾਨ ਨੇੜੇ ਦਾਰਾ ਸਟੁਡਿਓ, ਮੋਹਾਲੀ ਤੋਂ ਇੱਕ ਖੁਫੀਆ ਇਤਲਾਹ ਤੇ ਮੋਟਰ ਸਾਇਕਲ ਨੰਬਰੀ CH-01-AX-4514 ਤੇ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਪੁੱਛ- ਗਿੱਛ ਤੇ ਮੋਟਰ ਸਾਇਕਲ ਚਾਲਕ ਮੁਕੇਸ਼ ਪੁੱਤਰ  ਰਾਮਾ ਸ਼ੰਕਰ ਵਾਸੀ 733 ਸੈਕਟਰ 56 ਚੰਡੀਗੜ੍ਹ ਅਤੇ ਮੋਟਰ ਸਾਇਕਲ ਦੇ ਪਿਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਰਾਕੇਸ਼ ਕੁਮਾਰ ਪੁੱਤਰ ਰਮੇਸ਼ ਚੰਦ ਵਾਸੀ ਸਾਹੀ ਮਾਜਰਾ ਫੇਸ 1 ਮੋਹਾਲੀ ਦੱਸਿਆ। ਰਾਕੇਸ਼ ਕੁਮਾਰ ਦੀ ਤਲਾਸੀ ਕਰਨ ਤੇ ਇਸ ਪਾਸੋਂ ਇੱਕ ਰਿਵਾਲਵਰ 32 ਬੋਰ ਸਮੇਤ 4 ਰੋਂਦ 32 ਬੋਰ ਜਿੰਦਾ ਬਰਾਮਦ ਹੋਏ। ਮੋਟਰ ਸਾਈਕਲ ਚੈਕ ਕਰਨ ਤੇ ਮੋਟਰ ਸਾਈਕਲ ਦੀ ਡਿੱਗੀ ਵਿੱਚੋ 10,000/-ਰੁਪਏ ਨਗਦੀ ਬਰਾਮਦ ਹੋਏ।                 ਮੁਲਜ਼ਮਾਂ ਦੀ ਪੁੱਛ ਗਿੱਛ ਤੇ ਪਾਇਆ ਗਿਆ ਕਿ ਰਿਵਾਲਵਰ ਅਤੇ 9 ਰੋਂਦ ਇਨ੍ਹਾਂ ਨੇ 23 ਫਰਵਰੀ ਨੂੰ ਰਾਤ ਸਮੇ ਨਦੀ ਵਾਲਾ ਪੁੱਲ ਬਾਹਦ ਰਕਬਾ ਫੇਸ-1 ਮੋਹਾਲੀ ਜਸਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਰਸਾਲਪੁਰ ਤਹਿਸੀਲ ਚਮਕੌਰ ਸਾਹਿਬ ਪਾਸੋ ਖੋਹ ਲਏ ਸੀ, ਜਿਸ ਸਬੰਧ ਵਿੱਚ ਥਾਣਾ ਫੇਸ-1 ਮੋਹਾਲੀ ਵਿਖੇ ਮੁੱਕਦਮਾ ਅ/ਧ 379ਬੀ,120ਬੀ ਆਈ.ਪੀ.ਸੀ ਤਹਿਤ ਦਰਜ ਹੈ ਅਤੇ ਫਿਰ ਇਸ ਅਸਲੇ ਨਾਲ ਮਿਤੀ 03 ਮਾਰਚ ਨੂੰ ਫਾਇਰਿੰਗ ਕਰਕੇ ਸਾਹੀ ਮਾਜਰਾ ਮਾਰਕੀਟ ਦੇ ਸ਼ਰਾਬ ਦੇ ਠੇਕੇ ਤੋਂ 10,000 ਨਗਦੀ ਦੀ ਲੁੱਟ ਕੀਤੀ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 39 ਮਿਤੀ 04.03.19 ਅ/ਧ 382 ਆਈ.ਪੀ.ਸੀ ਥਾਣਾ ਫੇਸ-1 ਮੋਹਾਲੀ  ਵਿਖੇ ਨਾ ਮਲੂਮ ਵਿਅਕਤੀਆ ਦੇ ਵਿਰੁੱਧ ਦਰਜ ਹੋਇਆ ਸੀ। ਇਨ੍ਹਾਂ ਵਾਰਦਾਤਾਂ ਨੂੰ 3 ਦੋਸ਼ੀਆਂ ਨੇ ਅੰਜਾਮ ਦਿੱਤਾ ਸੀ ਅਤੇ ਤੀਜੇ ਦੋਸ਼ੀ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ। ਦੋਸ਼ੀਆਨ ਮੁਕੇਸ,ਰਾਕੇਸ ਕੁਮਾਰ ਉਕਤਾਨ ਪਾਸੋ ਸ਼ਰਾਬ ਦੇ ਠੇਕੇ ਦੀ ਲੁੱਟ ਵਿੱਚ ਵਰਤਿਆ ਮੋਟਰ ਸਾਈਕਲ, ਖੋਹ ਕੀਤਾ ਹੋਇਆ ਇੱਕ ਰਿਵਾਲਵਰ 32 ਬੋਰ ਸਮੇਤ 4 ਰੋਂਦ, 10000/-ਰੁਪਏ ਦੀ ਲੁੱਟ ਕੀਤੀ ਗਈ ਨਗਦੀ ਬਰਾਮਦ ਹੋਈ ਹੈ। ਪੁੱਛਗਿਛ ਦੋਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਰਾਕੇਸ ਕੁਮਾਰ ਅਤੇ ਮੁਕੇਸ ਕੁਮਾਰ ਆਪਸ ਵਿੱਚ ਜੀਜਾ ਸਾਲਾ ਹਨ। ਰਾਕੇਸ ਕੁਮਾਰ ਦੇ ਖਿਲਾਫ ਸਾਲ 2007 ਵਿੱਚ ਥਾਣਾ ਸੈਕਟਰ 39 ਚੰਡੀਗੜ੍ਹ ਵਿੱਚ ਕਤਲ ਦਾ ਮੁੱਕਦਮਾ ਦਰਜ ਹੈ, ਜਿਸ ਵਿੱਚ ਇਹ ਸਜਾ ਜਾਬਤਾ ਹੈ ਤੇ ਹੁਣ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋ ਜਮਾਨਤ ਤੇ ਬਾਹਰ ਹੈ, ਜਿਸਦੀ ਸਜਾ ਦੀ ਅਪੀਲ ਪੈਡਿੰਗ ਹੈ। ਇਸ ਤੋ ਇਲਾਵਾ ਇਸ ਦੇ ਖਿਲਾਫ ਥਾਣਾ ਫੇਸ-1 ਮੋਹਾਲੀ ਵਿੱਚ ਐਨ.ਡੀ.ਪੀ.ਐਸ ਐਕਟ ਦਾ ਵੀ ਮੁੱਕਦਮਾ ਦਰਜ ਹੈ। ਮੁਕੇਸ ਕੁਮਾਰ ਦੇ ਖਿਲਾਫ ਤਫਤੀਸ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਖਿਲਾਫ 6 ਮੁੱਕਦਮੇ ਚੋਰੀ ਅਤੇ ਪਾੜ ਚੋਰੀਆ ਦੇ ਚੰਡੀਗੜ੍ਹ ਵਿੱਚ ਵੱਖ-2 ਥਾਣਿਆ ਵਿੱਚ ਦਰਜ ਹਨ ਜਿਸ ਵਿੱਚ ਇਹ 2 ਚੋਰੀ ਦੇ ਮੁੱਕਦਮਿਆ ਵਿੱਚ ਇਸ ਨੂੰ ਭਗੋੜਾ ਵੀ ਕਰਾਰ ਦਿੱਤਾ ਹੋਇਆ ਹੈ।           ਉਕਤਾਨ ਗ੍ਰਿਫਤਾਰ ਕੀਤੇ ਮੁਲਾਜ਼ਮਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 05 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਪਾਸੋ ਹੋਰ ਡੂੰਘਾਈ ਨਾਲ ਪੁੱਛਗਿਛ ਜਾਰੀ ਹੈ ਅਤੇ ਮੁਲਜ਼ਮਾਂ ਪਾਸੋ ਚੋਰੀਆਂ ਅਤੇ ਲੁੱਟਾਂ ਖੋਹਾਂ ਦੇ ਹੋਰ ਮਾਮਲੇ ਵੀ ਟਰੇਸ ਹੋਣ ਦੀ ਸੰਭਾਵਨਾ ਹੈ।