• Home
  • “ਆਪ” ਦੀ ਵਿਕਟ ਡਿੱਗੀ :- ਇੱਕ ਹੋਰ ਵਿਧਾਇਕ ਕਾਂਗਰਸ ਚ ਸ਼ਾਮਲ! ਪੜ੍ਹੋ ਕੌਣ ਹੈ ?

“ਆਪ” ਦੀ ਵਿਕਟ ਡਿੱਗੀ :- ਇੱਕ ਹੋਰ ਵਿਧਾਇਕ ਕਾਂਗਰਸ ਚ ਸ਼ਾਮਲ! ਪੜ੍ਹੋ ਕੌਣ ਹੈ ?

ਚੰਡੀਗੜ੍ਹ :- ਆਮ ਆਦਮੀ ਪਾਰਟੀ ਨੂੰ ਅੱਜ ਵੱਡਾ ਝਟਕਾ ਉਸ ਸਮੇਂ ਲੱਗਿਆ ਜਦੋਂ ਕਾਂਗਰਸ ਦੇ ਹਲਕਾ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਾਂਗਰਸ ਚ ਕੈਪਟਨ ਅਮਰਿੰਦਰ ਸਿੰਘ ਦੀ ਰਹਿਨਮਾਈ ਹੇਠ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ।

ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਉਸ ਵੇਲੇ ਇਕ ਹੋਰ ਵੱਡਾ ਝਟਕਾ ਲੱਗਾ ਜਦੋਂ ਰੂਪਨਗਰ ਤੋਂ ਪਾਰਟੀ ਵਿਧਾਇਕ ਅਮਰਜੀਤ ਸਿੰਘ ਸੰਦੋਆ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ 'ਚ ਸ਼ਾਮਲ ਹੋ ਗਏ | ਇਸ ਤੋਂ ਪਹਿਲਾਂ 29 ਅਪ੍ਰੈਲ ਨੂੰ ਆਪ ਦੇ ਵਿਧਾਇਕ ਨਾਜ਼ਰ ਸਿੰਘ ਮਨਸ਼ਾਹੀਆ ਕਾਂਗਰਸ 'ਚ ਸ਼ਾਮਲ ਹੋਏ ਸਨ | ਸੰਦੋਆ ਦਾ ਪਾਰਟੀ ਵਿੱਚ ਆਉਣ 'ਤੇ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਕਾਂਗਰਸ ਨੂੰ ਵੱਡਾ ਹੁਲਾਰਾ ਮਿਲਿਆ ਹੈ ਅਤੇ ਸੂਬੇ ਦੀਆਂ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਮੈਂਬਰ ਕੂਚ ਕਰ ਰਹੇ ਹਨ ਜੋ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਉਨ੍ਹਾਂ ਦੀ ਸਰਕਾਰ ਦੀਆਂ ਲੀਹੋਂ ਹਟਵੀਆਂ ਪਹਿਲਕਦਮੀਆਂ 'ਤੇ ਮੋਹਰ ਲਾਉਂਦੇ ਹਨ |   ਮੁੱਖ ਮੰਤਰੀ ਨੇ ਕਿਹਾ ਕਿ ਆਪ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਕੰਮ ਕਰਨ ਦੇ ਤਾਨਸ਼ਾਹੀ ਰਵੱਈਏ ਅਤੇ ਪਾਰਟੀ ਦੇ ਸੂਬਾਈ ਵਿੰਗ ਵਿੱਚ ਅਫਰਾਤਫਰੀ ਦੇ ਮਾਹੌਲ ਸਦਕਾ ਇਸ ਦੇ ਵਿਧਾਇਕਾਂ ਦਾ ਦਮ ਘੁਟਣ ਲੱਗਾ ਹੈ ਜਿਸ ਕਰਕੇ ਉਹ ਕਾਂਗਰਸ 'ਚ ਸ਼ਾਮਲ ਹੋਏ ਹਨ |  ਉਨ੍ਹਾਂ ਕਿਹਾ ਕਿ ਕਾਂਗਰਸ ਦਾ ਉਦੇਸ਼ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਦੋਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਰੂਪਨਗਰ ਵਿੱਚ ਪਾਰਟੀ ਨੂੰ ਹੋਰ ਹੁਲਾਰਾ ਮਿਲੇਗਾ ਜਿੱਥੋਂ ਮਨੀਸ਼ ਤਿਵਾੜੀ ਪਾਰਟੀ ਦੇ ਗਤੀਸ਼ੀਲ ਉਮੀਦਵਾਰ ਵਜੋਂ ਪਹਿਲਾਂ ਹੀ ਪ੍ਰਭਾਵਸ਼ਾਲੀ ਮੁਹਿੰਮ ਚਲਾ ਰਹੇ ਹਨ | ਸੰਦੋਆ ਨੂੰ ਸੰਸਦੀ ਚੋਣਾਂ 'ਚ ਬਿਹਤਰ ਕਾਰਗੁਜ਼ਾਰੀ ਦਿਖਾਉਣ ਦਾ ਸੱਦਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਹਲਕੇ ਵਿੱਚ ਹੇਠਲੇ ਪੱਧਰ 'ਤੇ ਸ੍ਰੀ ਤਿਵਾੜੀ ਦੀ ਮਦਦ ਕਰਨ ਲਈ ਆਖਿਆ | ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਮਾਹੌਲ ਪੂਰੀ ਤਰ੍ਹਾਂ ਕਾਂਗਰਸ ਅਤੇ ਇਸ ਦੇ ਮਿਸ਼ਨ-13 ਦੇ ਪੱਖ ਵਿੱਚ ਹੈ ਜਿਸ ਨਾਲ ਪਾਰਟੀ ਚੋਣਾਂ 'ਚ ਹੂੰਝਾ ਫੇਰ ਜਿੱਤ ਹਾਸਲ ਕਰੇਗੀ | ਆਪਣੇ ਸਮਰਥਕਾਂ ਨਾਲ ਸ਼ਾਮਲ ਹੋਏ ਸ੍ਰੀ ਸੰਦੋਆ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਯਤਨ ਕਰਨਗੇ | ਉਨ੍ਹਾਂ ਕਿਹਾ ਕਿ ਆਪ ਦੀ ਸਿਖਰਲੀ ਲੀਡਰਸ਼ਿਪ ਦੀ ਪੰਜਾਬ ਪ੍ਰਤੀ ਆਪਹੁਦਰੀ ਪਹੁੰਚ ਕਾਰਨ ਉਹ ਪਾਰਟੀ ਵਿੱਚ ਨਿਰਾਸ਼ ਮਹਿਸੂਸ ਕਰਦੇ ਸਨ ਜਿਸ ਕਰਕੇ ਉਨ੍ਹਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਕਿਉਂ ਜੋ ਇਹ ਪਾਰਟੀ ਜਮਹੂਰੀਅਤ ਅਤੇ ਸਮੂਹਿਕ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਹੈ |