ਕੈਪਟਨ ਦੀ ਬਾਦਲ ਨੂੰ ਇੱਕ ਵਾਰ ਫਿਰ ਚਿਤਾਵਨੀ :-ਕਿਹਾ ਇਨ੍ਹਾਂ ਉੱਪਰ ਤੋਂ ਲੈ ਕੇ ਹੇਠਾਂ ਤੱਕ ਹਿਸਾਬ ਦੇਣਾ ਹੀ ਪਵੇਗਾ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹੇਠਾਂ ਤੱਕ ਹਰ ਇਕ ਨੂੰ ਆਪਣੇ ਕੀਤੇ ਦਾ ਹਿਸਾਬ ਦੇਣਾ ਪਵੇਗਾ
ਜ਼ੀਰਾ, 7 ਮਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਹੱਈਆ ਕਰਦਿਆਂ ਆਖਿਆ ਕਿ ਅਕਾਲੀਆਂ ਦੇ ਸਾਸ਼ਨ ਦੌਰਾਨ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ ਸੂਬੇ ਵਿੱਚ ਫਿਰਕੂ ਪਾੜਾ ਪਾਉਣ ਵਾਸਤੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਸਮੇਤ ਹਰ ਅਪਰਾਧ ਲਈ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਥੱਲੇ ਤੱਕ ਹਰ ਇਕ ਨੂੰ ਆਪਣੇ ਕੀਤੇ ਦਾ ਹਿਸਾਬ ਦੇਣਾ ਪਵੇਗਾ। ਅੱਜ ਇੱਥੋਂ ਦੀ ਦਾਣਾ ਮੰਡੀ ਵਿਖੇ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਹੱਕ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਫੁੱਟ ਪਾਊ ਸਿਆਸਤ ਕਰਨ ਵਾਲੀ ਭਾਜਪਾ ਅਤੇ ਉਸ ਦੇ ਅਕਾਲੀਆਂ ਵਰਗੇ ਭਾਈਵਾਲਾਂ ਤੋਂ ਮੁਲਕ ਨੂੰ ਬਚਾਉਣ ਲਈ ਕਾਂਗਰਸ ਲਈ ਵੋਟਾਂ ਮੰਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਬਾਦਲਾਂ ਵੱਲੋਂ ਕੇਂਦਰ ਸਰਕਾਰ ਰਾਹੀਂ ਪਾਏ ਦਬਾਅ ਹੇਠ ਚੋਣ ਕਮਿਸ਼ਨ ਨੇ ਕੀਤਾ ਸੀ ਅਤੇ 29 ਮਈ ਨੂੰ ਚੋਣ ਜ਼ਾਬਤਾ ਖਤਮ ਹੋਣ ਤੋਂ ਤੁਰੰਤ ਬਾਅਦ ਮੁੜ ਇਸ ਅਧਿਕਾਰੀ ਨੂੰ ਜਾਂਚ ਮੁਕੰਮਲ ਕਰਨ ਲਈ ਐਸ.ਆਈ.ਟੀ. ਵਿੱਚ ਲਿਆਂਦਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਵੀ ਜੇਲ ਵੇਖਣੀ ਪਵੇਗੀ। ਉਨਾਂ ਨੇ ਅਕਾਲੀ ਦਲ ਦੇ ਸਰਪ੍ਰਸਤ ਨੂੰ ਆਖਿਆ,‘‘ਤੂੰ ਕੀ ਸੋਚਦਾ ਕਿ ਤੂੰ ਆਪਣੇ ਕੀਤੇ ਹੋਏ ਕਾਰਨਾਮਿਆਂ ਦੇ ਸਿੱਟੇ ਭੁਗਤਣ ਤੋਂ ਕਿੰਨਾ ਕੁ ਚਿਰ ਭੱਜ ਸਕਦਾ ਹੈ।’’ ਕਾਂਗਰਸ ਸਰਕਾਰ ਦੌਰਾਨ ਬੇਅਦਬੀ ਦਾ ਇਕ ਵੀ ਘਟਨਾ ਨਾ ਵਾਪਰਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੁਭਾਵਕ ਗੱਲ ਹੈ ਕਿ ਅਕਾਲੀਆਂ ਦੀ ਹਕੂਮਤ ਦੌਰਾਨ ਵੋਟਰਾਂ ਨੂੰ ਫਿਰਕੂ ਲੀਹਾਂ ’ਤੇ ਵੰਡਣ ਲਈ ਜਾਣਬੁੱਝ ਕੇ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਦਿੱਤੀਆਂ। ਅਕਾਲੀ-ਭਾਜਪਾ ਸਾਸ਼ਣ ਕਾਲ ਦੌਰਾਨ ਪੰਜਾਬ ਨੂੰ ਪੂਰੀ ਤਰਾਂ ਤਬਾਹ ਕਰ ਦੇਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਤਾਂ ਕਿ ਬਾਦਲਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਕਿ ਸਿੱਖ ਅਤੇ ਪੰਜਾਬ ਅੱਜ ਕਿੱਥੇ ਖੜੇ ਹਨ। ਉਨਾਂ ਕਿਹਾ ਕਿ ਪੂਰਾ ਪੰਜਾਬ ਬਾਦਲਾਂ ਨੂੰ ਨੁੱਕਰੇ ਲਾਉਣਾ ਚਾਹੁੰਦਾ ਹੈ ਅਤੇ ਜਮਹੂਰੀਅਤ ਵਿੱਚ ਇਸ ਦਾ ਇਕੋ-ਇਕ ਰਸਤਾ ਬਾਦਲਾਂ ਵਿਰੁੱਧ ਵੋਟਾਂ ਪਾ ਕੇ ਉਨਾਂ ਨੂੰ ਸਬਕ ਸਿਖਾਇਆ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅੱਜ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਵਿਰੁੱਧ ਚੋਣ ਪ੍ਰਚਾਰ ਲਈ ਖੁਦ ਫ਼ਿਰੋਜ਼ਪੁਰ ਅਤੇ ਬਠਿੰਡਾ ਜਾ ਰਹੇ ਹਨ। ਬਾਦਲਾਂ ਵੱਲੋਂ ਆਪਣੇ ਸਿਆਸੀ ਲਾਹੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਨ ’ਤੇ ਸਖ਼ਤ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਾਂਗਰਸ ਦੇ ਸਾਰੇ 13 ਉਮੀਦਵਾਰਾਂ ਨੂੰ ਸੰਸਦ ਵਿੱਚ ਭੇਜਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਬਿਨਾਂ ਕਿਸੇ ਦੇਰੀ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾ ਸਕਣ। ਮੁੱਖ ਮੰਤਰੀ ਨੇ ਦੁਹਰਾਇਆ ਕਿ ਉਹ ਬਾਦਲਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਖਦੇੜਣ ਵਾਲੇ ਦੀ ਮਦਦ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਨੇ ਸਾਰੇ ਵਿਕਾਸ ਸੂਚਕਾਂ ਵਿੱਚ ਪੰਜਾਬ ਨੂੰ ਪਹਿਲੇ ਸਥਾਨ ਤੋਂ 16ਵੇਂ ਸਥਾਨ ’ਤੇ ਲੈ ਆਂਦਾ ਅਤੇ ਇੱਥੋਂ ਤੱਕ ਕਿ ਹੁਣ ਵੀ ਬਾਦਲ ਸੱਤਾ ਦੀ ਵਰਤੋਂ ਇਸ ਗੱਲ ਲਈ ਕਰ ਰਹੇ ਹਨ ਕਿ ਪੰਜਾਬ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਲਈ ਮੁਸੀਬਤਾਂ ਖੜੀਆਂ ਕੀਤੀ ਜਾ ਸਕਣ। ਉਨਾਂ ਕਿਹਾ ਕਿ ਪੰਜਾਬ ਦਾ ਬਾਰਦਾਨਾ ਹਰਿਆਣਾ ਨੂੰ ਭੇਜ ਦਿੱਤਾ ਗਿਆ ਅਤੇ ਅਸਲੀਅਤ ਇਹ ਹੈ ਕਿ ਹਰਸਿਮਰਤ ਬਾਦਲ ਕਰਕੇ ਬਠਿੰਡਾ ਵਿੱਚ ਅਜੇ ਤੱਕ ਵੀ ਬਾਰਦਾਨਾ ਨਹੀਂ ਪਹੁੰਚਿਆ ਕਿਉਂਕਿ ਬੀਬੀ ਬਾਦਲ ਬਾਰਦਾਨਾ ਰੋਕ ਕੇ ਆਪਣੇ ਹਲਕੇ ਵਿੱਚ ਕਾਂਗਰਸ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਪੰਜਾਬ ਦੇ ਖੈਰ-ਖਵਾਹ ਹੋਣ ਦਾ ਢਿੰਡੋਰਾ ਪਿੱਟਦੇ ਹਨ ਜਦਕਿ ਅਸਲ ਵਿੱਚ ਉਹ ਹਰ ਕਦਮ ’ਤੇ ਲੋਕਾਂ ਨਾਲ ਧ੍ਰੋਹ ਕਮਾਉਂਦੇ ਰਹੇ ਹਨ। ਉਨਾਂ ਕਿਹਾ ਕਿ ਬੀਬੀ ਬਾਦਲ ਮੋਦੀ ਸਰਕਾਰ ਵਿੱਚ ਮੰਤਰੀ ਰਹਿਣ ਦੇ ਬਾਵਜੂਦ ਆਪਣੇ ਸੂਬੇ ਲਈ ਕੱਖ ਵੀ ਨਹੀਂ ਲੈ ਕੇ ਆਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਸਿਆਸੀ ਹਿੱਤਾਂ ਲਈ ਜਿਸ ਤਰਾਂ ਨੀਵੇਂ ਪੱਧਰ ਦਾ ਪ੍ਰਗਟਾਵਾ ਕੀਤਾ ਹੈ, ਉਹ ਬੇਹਦ ਸ਼ਰਮਨਾਕ ਹੈ। ਉਨਾਂ ਕਿਹਾ ਕਿ ਬਾਦਲ ਇਹ ਦੱਸਣ ਕਿ ਉਨਾਂ ਨੇ ਆਪਣੇ 10 ਵਰਿਆਂ ਦੇ ਸਾਸ਼ਨ ਕਾਲ ਦੌਰਾਨ ਕਿੰਨੇ ਕਿਸਾਨਾਂ ਦੀ ਮਦਦ ਕੀਤੀ ਅਤੇ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਦਵਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੁੱਟਪਾਊ ਸਿਆਸਤ ਦੀ ਸਖ਼ਤ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣ ਗਿਆ ਤਾਂ ਉਹ ਮੁਲਕ ਨੂੰ ਤਬਾਹ ਕਰ ਦੇਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਚੁਫੇਰਿਓਂ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ ਜਦਕਿ ਦੂਜੇ ਪਾਸੇ ਮੋਦੀ ਮੁਲਕ ਦੀ ਫੌਜ ਨੂੰ ‘ਮੇਰੀ ਫੌਜ’ ਦੱਸ ਰਿਹਾ ਅਤੇ ਉਨਾਂ ਨੇ ਮੋਦੀ ਦੀ ਇਸ ਟਿੱਪਣੀ ਨੂੰ ਰੱਦ ਕਰ ਦਿੱਤਾ। ਉਨਾਂ ਕਿਹਾ ਕਿ ਰੱਖਿਆ ਸੈਨਾਵਾਂ ਕਿਸੇ ਪ੍ਰਧਾਨ ਮੰਤਰੀ ਨਾਲ ਸਬੰਧਤ ਨਹੀਂ ਹੁੰਦੀਆਂ ਸਗੋਂ ਭਾਰਤ ਦਾ ਗੌਰਵ ਹਨ। ਇਕ ਸਾਬਕਾ ਫੌਜੀ ਹੋਣ ਦੇ ਨਾਤੇ ਉਹ ਜਾਣਦੇ ਹਨ ਕਿ ਫੌਜ ਵਿੱਚ ਕਦੀ ਵੀ ਧਰਮ ਜਾਂ ਸਿਆਸਤ ਬਾਰੇ ਕੋਈ ਗੱਲ ਨਹੀਂ ਹੁੰਦੀ ਸਗੋਂ ਸੈਨਾ ਦਾ ਧਿਆਨ ਹਮੇਸ਼ਾ ਭਾਰਤ ਅਤੇ ਇਸ ਦੇ ਲੋਕਾਂ ਦੀ ਹਰ ਸਮੇਂ ਰਾਖੀ ਕਰਨ ’ਤੇ ਹੁੰਦਾ ਹੈ। --