• Home
  • ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ

ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ

ਐੱਸ.ਏ.ਐੱਸ ਨਗਰ, 8 ਮਾਰਚ: ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੌਰਾਨ ਸ਼ੁੱਕਰਵਾਰ ਨੂੰ ਬੋਰਡ ਦੇ  ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਆਈ.ਏ.ਐੱਸ. (ਰਿਟਾ:) ਨੇ ਵੱਖੋ-ਵੱਖ ਪ੍ਰੀਖਿਆ ਕੇਂਦਰਾਂ ਦੇ ਦੌਰੇ ਕੀਤੇ ਅਤੇ ਪ੍ਰੀਖਿਆਰਥੀਆਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ| ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ 2019 ਦੀਆਂ ਪ੍ਰੀਖਿਆਵਾਂ ਲਈ ਹੋਰ ਪ੍ਰਬੰਧਾਂ ਦੇ ਨਾਲ-ਨਾਲ ਪ੍ਰੀਖਿਆਵਾਂ ਨੂੰ ਨਕਲ ਰਹਿਤ ਕਰਵਾਉਣ ਦਾ ਤਹੱਈਆ ਕੀਤਾ ਹੋਇਆ ਹੈ| 
ਚੇਅਰਮੈਨ ਸ਼੍ਰੀ ਕਲੋਹੀਆ ਨੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕੇਂਦਰਾਂ ਵਿੱਚ ਆਪ ਜਾ ਕੇ ਛਾਪੇ ਮਾਰੇ| ਇਸ ਮੌਕੇ ਤੇ ਮੀਡੀਆ ਨਾਲ ਗੱਲ-ਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਬੋਰਡ ਨਕਲ ਨੂੰ ਤਾਂ ਉੱਕਾ ਹੀ ਸਹਿਨ ਨਹੀਂ ਕਰੇਗਾ ਅਤੇ ਇਸ ਵਿਰੁੱਧ ਆਪਣੀ ਮੁਹਿੰਮ ਜਾਰੀ ਰੱਖੇਗਾ| ਉਨ੍ਹਾਂ ਕਿਹਾ ਕਿ ਵਿਸ਼ਾ ਅੰਗਰੇਜ਼ੀ ਦਾ ਪੇਪਰ ਲੀਕ ਹੋਣ ਦੀ ਅਫ਼ਵਾਹ ਅਸਲ ਵਿੱਚ ਗੈਰ-ਸਮਾਜੀ ਤੱਤਾਂ ਵੱਲੋਂ ਨਕਲ ਵਿਰੋਧੀ ਮੁਹਿੰਮ ਨੂੰ ਦਾਗੀ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੀ ਸੀ| 
ਸ਼੍ਰੀ ਕਲੋਹੀਆ ਨੇ ਬੋਰਡ ਦਫ਼ਤਰ ਵਿੱਚ ਸਥਾਪਤ ਕੀਤੇ ਕੰਟਰੋਲ ਰੂਮ ਅਤੇ ਤਿੰਨ ਉੰੱਚ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਸਥਾਪਤ ਉਚੇਚੇ ਕੰਟਰੋਲ ਰੂਮਾਂ ਨਾਲ ਲਗਾਤਾਰ ਰਾਬਤਾ ਰੱਖ ਕੇ ਸਾਰੇ ਸੂਬੇ ਵਿੱਚ ਪ੍ਰੀਖਿਆ ਸਬੰਧੀ ਹਾਲਾਤਾਂ ਉੱਤੇ ਨਜ਼ਰ ਰੱਖੀ ਹੋਈ ਹੈ| ਉਨ੍ਹਾਂ ਬੱਸੀ ਪਠਾਣਾਂ, ਬਲਾੜੀ ਕਲਾਂ, ਤੇ ਬਡਾਲੀ ਆਲਾ ਸਿੰਘ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰੀਖਿਆ ਕੇਂਦਰਾਂ, ਫ਼ਤਹਿਗੜ੍ਹ ਸਾਹਿਬ ਦੇ ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ ਅਤੇ ਸਰਹਿੰਦ ਦੇ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲਾਂ ਦਾ ਦੌਰਾ ਕੀਤਾ| ਇਨ੍ਹਾਂ ਸਕੂਲਾਂ ਵਿੱਚ ਪ੍ਰੀਖਿਆ ਦਾ ਕਾਰਜ ਸ਼ਾਂਤਮਈ ਸੀ|