• Home
  • ਨਰਿੰਦਰ ਮੋਦੀ ਨੇ ਹਮੇਸ਼ਾਂ ਪੰਜਾਬ ਨਾਲ ਮਜ਼ਾਕ ਹੀ ਕੀਤਾ ਹੈ: ਸੁਨੀਲ ਜਾਖੜ

ਨਰਿੰਦਰ ਮੋਦੀ ਨੇ ਹਮੇਸ਼ਾਂ ਪੰਜਾਬ ਨਾਲ ਮਜ਼ਾਕ ਹੀ ਕੀਤਾ ਹੈ: ਸੁਨੀਲ ਜਾਖੜ

ਬਟਾਲਾ: 28 ਅਪ੍ਰੈਲ ;ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ
ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਕਿਹਾ ਕਿ
ਨਰਿੰਦਰ ਮੋਦੀ ਨੇ ਪੰਜਾਬ ਨਾਲ ਹਮੇਸ਼ਾ ਮਜ਼ਾਕ ਹੀ ਕੀਤਾ ਹੈ। ਮੋਦੀ ਸਰਕਾਰ ਨੇ ਆਪ ਤਾਂ ਪੰਜਾਬ ਦੇ ਕਿਸਾਨਾਂ ਲਈ ਇਕ ਪੈਸਾ ਤੱਕ ਨਹੀਂ ਦਿੱਤਾ ਉਲਟਾ ਉਸ ਫਿਲਮ ਐਕਟਰ ਸੰਨੀ ਦਿਓਲ ਨੂੰ ਗੁਰਦਾਸਪੁਰ ਭੇਜ ਜਿਸਨੂੰ ਤਾਂ ਇਹ ਵੀ ਨਹੀਂ ਪਤਾ ਕੇ ਵਾਢੀ ਦਾ ਸੀਜ਼ਨ ਕਦੋਂ ਹੁੰਦਾ ਹੈ।

ਸੁਨੀਲ ਜਾਖੜ ਅੱਜ ਵਿਧਾਨ ਸਭਾ ਹਲਕਾ ਬਟਾਲਾ ਦੇ ਗੋਲਡਨ ਪਾਮ ਪੈਲੇਸ ਵਿੱਚ ਚੋਣ ਸਭਾ ਦੌਰਾਨ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੀਟਿੰਗ ਵਿੱਚ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਭਗਵੰਤਪਾਲ ਸਿੰਘ ਸੱਚਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਰਹੇ। 

ਆਪਣੇ ਸੰਬੋਧਨ ਵਿੱਚ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਆਪਣੀ ਸਮਰੱਥਾ ਦੇ ਮੁਤਾਬਕ ਕਿਸਾਨਾਂ ਅਤੇ ਦਲਿਤ ਭਾਈਚਾਰੇ ਦਾ ਕਰਜ਼ਾ ਮੁਆਫ ਕੀਤਾ, ਜਦੋਂ ਕਿ ਮੋਦੀ ਸਰਕਾਰ ਸਮਰੱਥਾ ਹੋਣ ਦੇ ਬਾਵਜੂਦ ਕਿਸਾਨਾਂ ਦੀ ਬਾਂਹ ਨਹੀਂ ਫੜੀ, ਬਲਕਿ ਉਲਟਾ ਕਿਸਾਨਾਂ ਤੇ ਜੀਐੱਸਟੀ ਲਗਾ ਦਿੱਤਾ। ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਸ਼ਾਹੂਕਾਰਾਂ ਵਾਂਗ ਕੰਮ ਕਰ ਰਹੀ ਹੈ । ਅੰਤਰਰਾਸ਼ਟਰੀ ਬਾਜਾਰ ਵਿੱਚੋਂ ਸਸਤਾ ਤੇਲ ਖਰੀਦ ਕੇ ਮੁਲਕ ਵਿੱਚ ਮਹਿੰਗੇ ਭਾਅ ਪੈਟ੍ਰੋਲ ਡੀਜ਼ਲ ਵੇਚ ਰਹੀ ਹੈ। ਜੀਐਸਟੀ ਨੇ ਵਪਾਰੀਆਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ।

ਜਾਖੜ ਨੇ ਸੰਨੀ ਦਿਓਲ ਤੇ ਵਿਅੰਗ ਕਰਦੇ ਹੋਏ ਕਿਹਾ ਕਿ ਗੁਰਦਾਸਪੁਰ ਦੇ ਲੋਕ ਸੰਨੀ ਦਿਓਲ ਨੂੰ ਕੀ ਸਵਾਲ ਕਰਨਗੇ ਕਿ ਉਨ੍ਹਾਂ ਦੀ ਅਗਲੀ ਆਉਣ ਵਾਲੀ ਫਿਲਮ ਕਿਹੜੀ ਹੈ ਜਾਂ ਉਨ੍ਹਾਂ ਦੀ ਫਲਾਣੀ ਫਿਲਮ ਵਿੱਚ ਉਨ੍ਹਾਂ ਦੀ ਐਕਟਿੰਗ ਚੰਗੀ ਜਾਂ ਮਾੜੀ ਸੀ। ਉਨ੍ਹਾਂ ਕਿਹਾ ਕਿ ਇਸੇ ਸੰਨੀ ਦਿਓਲ ਨੇ 19 ਮਈ ਤੋਂ ਬਾਅਦ ਮੁੜ ਮੁੰਬਈ ਚਲੇ ਜਾਣਾ ਹੈ ਅਤੇ ਗੁਰਦਾਸਪੁਰ ਦੇ ਲੋਕਾਂ ਨੂੰ ਇਸਦੀ ਸ਼ਕਲ ਕੇਵਲ ਫ਼ਿਲਮੀ ਪਰਦੇ ਤੇ ਹੀ ਦਿਖੇਗੀ।

ਅਕਾਲੀ ਦਲ ਤੇ ਤੰਜ ਕਸਦੇ ਹੋਏ ਜਾਖੜ ਨੇ ਕਿਹਾ ਕਿ ਜਿਸ ਵੇਲੇ ਪਾਰਲੀਮੈਂਟ ਵਿੱਚ ਉਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਤੇ ਲਗਾਏ ਜੀਐਸਟੀ ਦਾ ਮੁੱਦਾ ਚੁੱਕਿਆ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਇਹ ਕਹਿ ਕੇ ਟੋਕ ਦਿਤਾ ਸੀ ਕਿ ਤੁਸੀਂ ਕਿਹੜਾ ਸਿੱਖ ਹੋ ਜੋ ਸਿੱਖਾਂ ਦੇ ਮਸਲੇ ਵਿੱਚ ਟੰਗ ਅੜਾ ਰਹੇ ਹੋ। ਇਸੇ ਤੋਂ ਪਤਾ ਲੱਗਦਾ ਹੈ ਕਿ ਫਖਰੇ ਕੌਮ ਦਾ ਖਿਤਾਬ ਲੈਣ ਵਾਲੇ ਬਾਦਲ ਦੀ ਸੋਚ ਕਿੰਨੀ ਛੋਟੀ ਹੈ।