• Home
  • ਸਾਈਬਰ ਸੈੱਲ ਵੱਲੋਂ ਤੋੜ ਮਰੋੜ ਕੇ ਬਣਾਈ ਮੁੱਖ ਮੰਤਰੀ ਦੀ ਵੀਡੀਓ ਵਾਇਰਲ ਕਰਨ ਸਬੰਧੀ ਕੇਸ ਦਰਜ

ਸਾਈਬਰ ਸੈੱਲ ਵੱਲੋਂ ਤੋੜ ਮਰੋੜ ਕੇ ਬਣਾਈ ਮੁੱਖ ਮੰਤਰੀ ਦੀ ਵੀਡੀਓ ਵਾਇਰਲ ਕਰਨ ਸਬੰਧੀ ਕੇਸ ਦਰਜ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ), :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਵੀਡੀਓ ਨੂੰ ਤੋੜ ਮਰੋੜ ਕੇ ਅਤੇ ਦੁਰਭਾਵਨਾ ਨਾਲ ਸ਼ੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਦੋਸ਼ ਵਿੱਚ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਆਈ.ਪੀ.ਸੀ. ਅਤੇ ਆਈ.ਟੀ. ਐਕਟ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਕਤ ਕੇਸ ਅਣਪਛਾਤੇ ਵਿਅਕਤੀਆਂ ਖ਼ਿਲਾਫ ਦਰਜ ਕੀਤਾ ਗਿਆ ਹੈ ਅਤੇ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇੱਕ ਅਣਪਛਾਤਾ ਵਿਅਕਤੀ ਜਿਸ ਦਾ ਯੂਜ਼ਰ ਨੇਮ ਹਰਸ਼ ਸੋਫ਼ਤ (0ਹਰਸ਼ ਸ਼ੋਫਤ9) ਹੈ, ਵੱਲੋਂ ਤੋੜ ਮਰੋੜ ਕੇ ਇਹ ਵੀਡੀਓ ਅਪਲੋਡ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਵੀਡੀਓ ਨੂੰ ਸਮੁੱਚੀਆਂ ਸ਼ੋਸ਼ਲ ਮੀਡੀਆ ਸਾਈਟਜ਼ ਤੋਂ ਹਟਾਉਣ ਲਈ ਵੀ ਯਤਨ ਆਰੰਭ ਦਿੱਤੇ ਗਏ ਹਨ।
ਉਕਤ ਵੀਡੀਓ ਵਿੱਚ ਜਾਣਬੁੱਝ ਕੇ ਮੁੱਖ ਮੰਤਰੀ ਦੀ ਆਵਾਜ਼ ਦੀ ਗਤੀ ਨੂੰ ਘਟਾ ਦਿੱਤਾ ਗਿਆ ਹੈ ਤਾਂ ਜੋ ਇਹ ਪ੍ਰਭਾਵ ਪੈਦਾ ਕੀਤਾ ਜਾ ਸਕੇ ਕਿ ਉਹ ਕਿਸੇ ਨਸ਼ੇ ਦੇ ਪ੍ਰਭਾਵ ਵਿੱਚ ਹਨ। ਬੁਲਾਰੇ ਨੇ ਕਿਹਾ ਕਿ ਕਿਉਂ ਜੋ ਇਹ ਵੀਡੀਓ ਇਰਾਦਤਨ, ਚਲਾਕੀ ਨਾਲ ਮੁੱਖ ਮੰਤਰੀ ਦੀ ਦਿੱਖ ਨੂੰ ਨੁਕਸਾਨ ਪਹੁੰਚਾਉਣ ਦੇ ਮੰਤਵ ਨਾਲ ਸ਼ੋਸ਼ਲ ਮੀਡੀਆ ਪਲੇਟਫਾਰਮਜ਼ 'ਤੇ ਅਪਲੋਡ ਅਤੇ ਵਾਇਰਲ ਕੀਤਾ ਗਿਆ ਹੈ। ਇਸ ਲਈ ਆਈ.ਟੀ. ਐਕਟ, 2008 ਦੇ ਸੈਕਸ਼ਨ 67 ਅਤੇ ਆਈ.ਪੀ.ਸੀ. ਦੀ ਧਾਰਾ 500 ਅਤੇ 505 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਅਨੁਸਾਰ ਯੂਜ਼ਰ ਟਿਕਟੌਕ ਐਪ ਉੱਤੇ 2 ਅਕਾਊਂਟਜ਼ ਫਾਲੋ ਕਰ ਰਿਹਾ ਹੈ ਜਿਨ੍ਹਾਂ ਦਾ ਨਾਮ ''ਦਿਸ ਕਪਲ'' (0ਐਮਦੀਪਕੌਰ87) ਅਤੇ '' ਬੀਇੰਗ ਨਵਾਜ਼'' (0ਫਨੀਯਾਦਵਜੀ) ਅਤੇ ਉਸਦੇ 3 ਫਾਲੋਅਰ ਹਨ ਜਿਨ੍ਹਾਂ ਦਾ ਨਾਮ ''ਹੈਪੀਮੁੱਦੋਂ'' (0ਸੁਖਦੇਵਸੁੱਖਾਹੈਪੀ), ''ਓਏਖੁਰਮੀ'' (0ਓਏਖੁਰਮੀ) ਅਤੇ ''ਕਿੰਦਾਕਿੰਦਾ'' (0ਕਿੰਦਾਕਿੰਦਾ9) ਹੈ। ਇਹ ਵੀਡੀਓ ਮੁੱਢਲੇ ਤੌਰ 'ਤੇ ਵਟਸਐੱਪ ਗਰੁੱਪਾਂ, ''ਯੂਥ ਗਰੁੱਪ ਨਬਜ਼'' 'ਤੇ ਫੈਲਾਈ ਗਈ ਅਤੇ ਫੇਸਬੁੱਕ ਪੇਜ਼ ''ਮਾਝਾ ਅਕਾਲੀ ਪੇਜ਼'' 'ਤੇ ਅਪਲੋਡ ਕੀਤੀ ਗਈ।

ਇਸ ਮਾਮਲੇ ਵਿੱਚ ਸ਼ੱਕੀਆਂ ਦੀ ਪਹਿਚਾਣ ਕਰਨ ਲਈ ਅਗਲੀ ਜਾਂਚ ਜਾਰੀ ਹੈ।