• Home
  • ਸੁਨੀਲ ਜਾਖੜ ਨੇ ਪਠਾਨਕੋਟ ਵਿਖੇ ਚੋਣ ਦਫਤਰ ਦਾ ਉਦਘਾਟਨ ਕੀਤਾ

ਸੁਨੀਲ ਜਾਖੜ ਨੇ ਪਠਾਨਕੋਟ ਵਿਖੇ ਚੋਣ ਦਫਤਰ ਦਾ ਉਦਘਾਟਨ ਕੀਤਾ

ਪਠਾਨਕੋਟ: ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਸ਼੍ਰੀ ਸੁਨੀਲ ਜਾਖੜ ਨੇ ਅੱਜ ਪਠਾਨਕੋਟ ਵਿਖੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ।
ਪੀਰ ਬਾਬਾ ਚੌਕ ਵਿਖੇ ਖੋਲ੍ਹੇ ਗਏ ਕਾਂਗਰਸ ਦੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਭਾਰੀ ਗਿਣਤੀ ਵਿਚ ਪਠਾਨਕੋਟ ਹਲਕੇ ਦੇ ਕਾਂਗਰਸੀ ਵਰਕਰਾਂ, ਆਗੂਆਂ ਅਤੇ ਆਮ ਲੋਕਾਂ ਦਾ ਇਕੱਠ ਰਿਹਾ। 
ਇਸ ਮੌਕੇ ਆਪਣੇ ਸੰਬੋਧਨ ਵਿੱਚ ਸੁਨੀਲ ਜਾਖੜ ਨੇ ਕਿਹਾ ਕਿ ਉਹ ਕੋਈ ਫ਼ਿਲਮੀ ਸਿਤਾਰਾ ਨਹੀਂ ਹਨ ਜਿਸਨੂੰ ਗੁਰਦਾਸਪੁਰ ਦੀਆਂ ਸਮੱਸਿਆਵਾਂ ਅਤੇ ਜਮੀਨੀ ਹਕੀਕਤ ਬਾਰੇ ਕੋਈ ਇਲਮ ਨਹੀਂ, ਬਲਕਿ ਉਹ ਆਮ ਲੋਕਾਂ ਦੀ ਹੀ ਤਰ੍ਹਾਂ ਉਨ੍ਹਾਂ ਵਿੱਚ ਵਿਚਰਨ ਵਾਲੇ ਇਨਸਾਨ ਹਨ। 
ਉਨ੍ਹਾਂ ਕਿਹਾ ਕਿ 2017 ਵਿੱਚ ਜਿਸ ਤਰ੍ਹਾਂ ਲੋਕਾਂ ਨੇ ਵੋਟਾਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਪਾਈਆਂ ਉਸ ਤੋਂ ਵੀ ਵੱਧ ਚੜ੍ਹ ਕੇ ਵੋਟਾਂ ਇਸ ਵਾਰੀ ਵੀ ਪੈਣਗੀਆਂ। ਉਨ੍ਹਾਂ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਇਲਾਕੇ ਵਿੱਚ ਮੈਡੀਕਲ ਕਾਲਜ, ਸੀਵਰੇਜ ਪ੍ਰਾਜੈਕਟ, ਪੈਪਸੀ ਦਾ ਪਲਾਂਟ, ਓਵਰ ਬ੍ਰਿਜ ਆਦਿ ਬਣਵਾਏ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਪ੍ਰਾਜੈਕਟ ਲਿਆਂਦੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਸ ਦਿਨ ਪੈਪਸੀ ਦਾ ਪਲਾਂਟ ਚਾਲੂ ਹੋ ਗਿਆ ਉਸੇ ਦਿਨ ਪਠਾਨਕੋਟ ਦੇ ਲੋਕਾਂ ਲਈ ਸਾਢੇ 4 ਹਜ਼ਾਰ ਨੌਕਰੀਆਂ ਖੁੱਲ ਜਾਣਗੀਆਂ। 
ਕਾਂਗਰਸੀ ਵਰਕਰਾਂ ਨੂੰ ਮੁਖ਼ਾਤਿਬ ਹੁੰਦਿਆਂ ਜਾਖੜ ਨੇ ਕਿਹਾ ਕਿ ਮੈਂ ਹਰ ਸਮੇਂ ਆਪਣੇ ਵਰਕਰਾਂ ਦੇ ਨਾਲ ਹਾਂ ਅਤੇ ਮੇਰੀ ਪੁਰਜ਼ੋਰ ਕੋਸ਼ਿਸ ਹੁੰਦੀ ਹੈ ਕਿ ਪਾਰਟੀ ਵਰਕਰ ਹਮੇਸ਼ਾ ਦੀ ਤਰ੍ਹਾਂ ਲੋਕਾਂ ਨਾਲ ਜੁੜੇ ਰਹਿਣ। ਉਨ੍ਹਾਂ ਕਿਹਾ ਕਿ 1 ਸਾਲ 4 ਮਹੀਨੇ ਵਿੱਚ ਹੀ ਪਠਾਨਕੋਟ ਵਿੱਚ ਐਨੇ ਵਿਕਾਸ ਕੰਮ ਹੋਏ ਤਾਂ ਆਉਣ ਵਾਲੇ 5 ਸਾਲਾਂ ਵਿੱਚ ਵਿਕਾਸ ਦੇ ਚਲਦਿਆਂ ਪਠਾਨਕੋਟ ਦਾ ਨਾਮ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਵਿਕਸਿਤ ਸਰਹੱਦੀ ਇਲਾਕੇ ਵਜੋਂ ਜਾਣਿਆ ਜਾਵੇਗਾ।