• Home
  • ਪਰਮਿੰਦਰ ਢੀਂਡਸਾ ਨੇ ਆਪਣੇ ਜੱਦੀ ਪਿੰਡ ਉਭਾਵਾਲ ਦੇ ਘਰ-ਘਰ ਜਾ ਕੇ ਮੰਗਿਆ ਸਹਿਯੋਗ

ਪਰਮਿੰਦਰ ਢੀਂਡਸਾ ਨੇ ਆਪਣੇ ਜੱਦੀ ਪਿੰਡ ਉਭਾਵਾਲ ਦੇ ਘਰ-ਘਰ ਜਾ ਕੇ ਮੰਗਿਆ ਸਹਿਯੋਗ

ਸੰਗਰੂਰ, 7 ਮਈ - ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ. ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਆਪਣੇ ਜੱਦੀ ਪਿੰਡ ਉਭਾਵਾਲ ਵਿਖੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਪਿੰਡ ਵਿਚ ਵੱਖ-ਵੱਖ ਥਾਈਂ ਨੁੱਕੜ ਮੀਟਿੰਗਾਂ ਕੀਤੀਆਂ ਉੱਥੇ ਪੈਦਲ ਘਰ-ਘਰ ਜਾ ਕੇ 19 ਮਈ ਨੂੰ ਤੱਕੜੀ ਦਾ ਬਟਨ ਦਬਾਉਣ ਦੀ ਅਪੀਲ ਕੀਤੀ ਗਈ। ਆਪਣੇ ਚੋਣ ਪ੍ਰਚਾਰ ਦੌਰਾਨ ਸ. ਢੀਂਡਸਾ ਨੇ ਜਿੱਥੇ ਵੱਖ-ਵੱਖ ਥਾਈਂ ਬੈਠੇ ਬਜੁਰਗਾਂ ਕੋਲ ਜਾ ਕੇ ਉਨ੍ਹਾਂ ਤੋਂ ਜਿੱਤ ਲਈ ਆਸ਼ੀਰਵਾਦ ਲਿਆ, ਉੱਥੇ  ਨੌਜਵਾਨਾਂ ਨੂੰ ਹਲਕੇ ਦੇ ਸਰਵਪੱਖੀ ਵਿਕਾਸ ਅਤੇ ਲੋਕ ਭਲਾਈ ਹਿੱਤ ਅਕਾਲੀ-ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਚੋਣ ਪ੍ਰਚਾਰ ਵਿਚ ਕੁੱਦਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਪਿੰਡ ਵਿਚ ਹੋਣ ਚੋਣ ਜਲਸੇ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਇਹ ਮੇਰਾ ਆਪਣਾ ਪਿੰਡ ਹੈ ਅਤੇ ਅੱਜ ਮੈਂ ਇੱਥੇ ਆਪਣੇ ਪਿੰਡ ਦੇ ਬਜੁਰਗਾਂ ਤੋਂ ਜਿੱਤ ਦਾ ਆਸ਼ੀਰਵਾਦ ਲੈਣ ਲਈ ਆਇਆ ਹਾਂ, ਤਾਂ ਜੋ ਇਸ ਪਿੰਡ ਸਮੇਤ ਪੂਰੇ ਹਲਕੇ ਦਾ ਸਰਵਪੱਖੀ ਵਿਕਾਸ ਕਰਵਾ ਕੇ ਇਸ ਨੂੰ ਖੁਸ਼ਹਾਲ ਬਣਾਉਣ ਲਈ ਯਤਨ ਕਰ ਸਕਾਂ। ਉਨ੍ਹਾਂ ਕਿਹਾ ਕਿ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਢੀਂਡਸਾ ਪਰਿਵਾਰ ਨੂੰ ਹਮੇਸ਼ਾ ਮਾਣ ਬਖਸ਼ਿਆ ਹੈ, ਜਿਸਦਾ ਕਰਜ ਢੀਂਡਸਾ ਪਰਿਵਾਰ ਕਦੇ ਨਹੀਂ ਚੁੱਕਾ ਸਕਦਾ। ਢੀਂਡਸਾ ਪਰਿਵਾਰ ਨੇ ਵੀ ਇਲਾਕੇ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਹੁਣ ਤੱਕ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹੀ ਹੋਇਆ ਹੈ। ਜਦੋਂਕਿ ਕਾਂਗਰਸ ਨੇ ਹੋਰ ਵਿਕਾਸ ਕੰਮ ਕਰਵਾਉਣ ਦੀ ਬਜਾਏ ਪਹਿਲਾਂ ਤੋਂ ਚੱਲ ਰਹੇ ਕੰਮ ਵੀ ਰੁਕਵਾ ਦਿੱਤੇ। 
ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਮਾਜ ਸੇਵੀ ਅੰਨਾ ਹਜਾਰੇ ਵੱਲੋਂ ਉਠਾਏ ਗਏ ਜਿਹੜੇ ਲੋਕ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਹੋਂਦ ਵਿਚ ਆਈ ਸੀ, ਆਪ ਦੀ ਸੀਨੀਅਰ ਲੀਡਰਸ਼ਿਪ ਉਨ੍ਹਾਂ ਮੁੱਦਿਆ ਨੂੰ ਵਿਸਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਵੇਲੇ ਅੰਨਾ ਹਜਾਰੇ ਦੇ ਸਮਰੱਥਕ ਭ੍ਰਿਸ਼ਟਾਚਾਰ, ਮਹਿੰਗਾਈ, ਜਮਾਂਖੋਰਾਂ ਦੇ ਕਿਲੇ ਢਹਿਢੇਰੀ ਕਰਨ ਲਈ ਇਕਜੁਟ ਹੋਏ ਸਨ, ਆਪ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਅੰਨਾ ਹਜਾਰ ਨੂੰ ਧੋਖਾ ਦੇ ਕੇ ਇਕਜੁਟ ਹੋਈ ਲੋਕ ਸ਼ਕਤੀ ਦਾ ਲਾਹਾ ਸਿਆਸੀ ਪਾਰਟੀ ਬਣਾਉਣ ਲਈ ਲਿਆ ਅਤੇ ਫਿਰ ਉਸ ਸ਼ਕਤੀ ਦਾ ਇਸਤੇਮਾਲ ਆਪਣੇ ਨਿੱਜੀ ਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕਰਕੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਧੋਖਿਆ ਦਾ ਬਦਲਾ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਦੋਵੇਂ ਪਾਰਟੀਆਂ ਨੂੰ ਕਰਾਰੀ ਹਾਰ ਦੇ ਕੇ ਲੈਣਗੇ। ਉਨ੍ਹਾਂ ਹਲਕੇ ਦੇ ਲੋਕਾਂ ਦੀ ਭਲਾਈ ਲਈ ਅਕਾਲੀ-ਭਾਜਪਾ ਗਠਜੋੜ ਦੇ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨਵਇੰਦਰ ਸਿੰਘ ਲੌਂਗੋਵਾਲ, ਰਾਜਿੰਦਰ ਸਿੰਘ ਦੀਪਾ, ਅਮਨਵੀਰ ਸਿੰਘ ਚੈਰੀ, ਵਿਨਰਜੀਤ ਸਿੰਘ ਗੋਲਡੀ, ਸਤਗੁਰ ਸਿੰਘ ਨਮੋਲ, ਮਲਕੀਤ ਸਿੰਘ ਚੰਗਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।