• Home
  • ਸੁਖਬੀਰ ਕਰਨਗੇ ਇੱਕ ਤੀਰ ਨਾਲ ਦੋ ਸ਼ਿਕਾਰ-ਖਾਣੇ ਦੇ ਬਹਾਨੇ ਢੀਂਡਸਾ ਪਰਵਾਰ ਦੀ ਨਬਜ਼ ਟਟੋਲਣ ਦੀ ਕੋਸ਼ਿਸ਼

ਸੁਖਬੀਰ ਕਰਨਗੇ ਇੱਕ ਤੀਰ ਨਾਲ ਦੋ ਸ਼ਿਕਾਰ-ਖਾਣੇ ਦੇ ਬਹਾਨੇ ਢੀਂਡਸਾ ਪਰਵਾਰ ਦੀ ਨਬਜ਼ ਟਟੋਲਣ ਦੀ ਕੋਸ਼ਿਸ਼

ਚੰਡੀਗੜ, (ਖ਼ਬਰ ਵਾਲੇ ਬਿਊਰੋ): ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਅਕਾਲੀ ਦਲ ਦੇ ਆਲਣੇ 'ਚੋਂ ਜਿਵੇਂ ਹੀ ਟਕਸਾਲੀ ਆਗੂਆਂ ਨੇ ਉਡਾਰੀ ਮਾਰਨੀ ਸ਼ੁਰੂ ਕੀਤੀ ਤਾਂ ਪਾਰਟੀ ਪ੍ਰਧਾਨ ਨੇ ਜੋੜ ਤੋੜ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੇ ਬਾਦਲ ਪਰਵਾਰ ਵਲ ਮੂੰਹ ਕੀਤਾ ਤਾਂ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਬਿਆਨਬਾਜ਼ੀ ਕੀਤੀ ਤੇ ਅਕਾਲੀ ਦਲ ਨੂੰ ਸਿੱਧੇ ਤੌਰ 'ਤੇ ਕਟਹਿਰੇ 'ਚ ਖੜਾ ਕਰ ਦਿੱਤਾ।
ਪਾਰਟੀ ਦੇ ਸੀਨੀਅਰਾਂ ਆਗੂਆਂ ਨੂੰ ਭਾਵੇਂ ਵੱਡੇ ਬਾਦਲ ਨੇ ਅੱਗੇ ਲਾ ਕੇ ਭਾਵੇਂ ਮਸਲੇ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਈ ਟਕਸਾਲੀ ਆਗੂਆਂ ਅੰਦਰ ਗੁੱਸਾ ਅੰਦਰੋ-ਅੰਦਰੀ ਭੜਕਦਾ ਰਿਹਾ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਜਨਰਲ ਸਕੱਤਰ ਤੇ ਪਾਰਟੀ ਦੀ ਕੋਰ ਕਮੇਟੀ ਦੇ ਅਹੁਦੇ ਤੋਂ ਅਸਤੀਫੇ ਦੇ ਕੇ ਅਗਿਆਤਵਾਸ ਹੋ ਗਏ ਤੇ ਕਈ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਵੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਉਨਾਂ ਨਾਲ ਮੁਲਾਕਾਤ ਤਾਂ ਦੂਰ ਦੀ ਗੱਲ, ਕੇਵਲ ਗੱਲ ਵੀ ਨਾ ਕਰ ਸਕੀ।
ਇਸ ਦੇ ਨਾਲ ਹੀ ਸੁਖਬੀਰ ਵਿਰੁਧ ਬਗਾਵਤ ਦੀ ਚੰਗਿਆੜੀ ਮਾਝੇ ਵਾਲੇ ਪਾਸਿਉਂ ਉਠੀ। ਟਕਸਾਲੀ ਅਕਾਲੀ ਆਗੂਆਂ ਨੇ ਨਾ ਕੇਵਲ ਸੁਖਬੀਰ ਦੇ ਕੰਮ ਕਰਨ ਨੂੰ ਹੀ ਚੁਣੌਤੀ ਹੀ ਦਿੱਤੀ ਤੇ ਇਹ ਵੀ ਸੰਕੇਤ ਦਿੱਤਾ ਕਿ ਅਗਰ ਸੁਧਾਰ ਨਾ ਹੋਇਆ ਤਾਂ ਉਹ ਅਸਤੀਫੇ ਵੀ ਦੇ ਸਕਦੇ ਹਨ।
ਜਿਵੇਂ ਹੀ ਬਗਾਵਤ ਉਠ ਕੇ ਸਿਰ ਤਕ ਆ ਗਈ ਤਾਂ ਬਾਦਲ ਪਰਵਾਰ ਨੇ ਇਸ ਨੂੰ ਭੀੜਤੰਤਰ ਦੇ ਸਹਾਰੇ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਪੂਰਾ ਬਾਦਲ ਪਰਵਾਰ ਪਟਿਆਲਾ ਰੈਲੀ ਲਈ ਪੱਬਾਂ ਭਾਰ ਹੋ ਗਿਆ। ਇਥੋਂ ਤਕ ਕਿ ਆਰਾਮ ਫੁਰਮਾ ਰਹੇ ਸਾਬਕਾ ਮੁੱਖ ਮੰਤਰੀ ਵੀ ਬਾਹਰ ਨਿਕਲ ਆਏ।
ਬੀਤੇ ਦਿਨ ਸੁਖਬੀਰ ਨੇ ਮੱਕੜ ਦੇ ਗੜ 'ਚ ਮੀਟਿੰਗ ਰੱਖ ਕੇ ਉਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ।

 ਅੱਜ ਸਵੇਰਸਾਰ ਹੀ ਖ਼ਬਰ ਆਈ ਕਿ ਸੁਖਬੀਰ ਨੇ ਢੀਂਡਸਾ ਦੀ ਰਿਹਾਇਸ਼ 'ਤੇ ਸੰਗਰੂਰ ਜ਼ਿਲੇ ਦੇ ਵਰਕਰਾਂ ਦੀ ਮੀਟਿੰਗ ਰੱਖ ਲਈ। ਇਸ ਨਾਲ ਸੁਖਬੀਰ ਇਹ ਵੀ ਦਰਸਾ ਦੇਣਗੇ ਕਿ ਅਕਾਲੀ ਦਲ ਪ੍ਰਧਾਨ ਨਾਲ ਢੀਂਡਸਾ ਪਰਵਾਰ ਦੀ ਕੋਈ ਨਾਰਾਜ਼ਗੀ ਨਹੀਂ ਹੈ ਤੇ ਨਾਲ ਹੀ ਭੋਜਨ ਵੀ ਕਰ ਆਉਣਗੇ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਅਜਿਹੇ ਮਸਲੇ ਕੇਵਲ ਖਾਣੇ ਖਾ ਕੇ ਨਹੀਂ, ਦੂਜੇ ਧਿਰ ਦੀ ਗੱਲ ਸੁਣ ਕੇ ਸੁਲਝਾਏ ਜਾਂਦੇ ਹਨ।
ਹੁਣ ਦੇਖਣਾ ਹੋਵੇਗਾ ਕਿ ਸੁਖਬੀਰ ਢੀਂਡਸਾ ਦੀ ਰਿਹਾਇਸ਼ 'ਤੇ ਪਹੁੰਚ ਕੇ ਇੱਕ ਤੀਰ ਤੇ ਦੋ ਨਿਸ਼ਾਨੇ ਲਾਉਣ 'ਚ ਕਾਮਯਾਬ ਹੁੰਦੇ ਹਨ ਜਾਂ ਨਹੀਂ।