• Home
  • ਪੱਤਰਕਾਰ ਜਗਤਾਰ ਭੁੱਲਰ ਦੀ ਕਿਤਾਬ “ਪ੍ਰੈਸ ਰੂਮ” ਲੋਕ ਅਰਪਣ

ਪੱਤਰਕਾਰ ਜਗਤਾਰ ਭੁੱਲਰ ਦੀ ਕਿਤਾਬ “ਪ੍ਰੈਸ ਰੂਮ” ਲੋਕ ਅਰਪਣ

ਪੱਤਰਕਾਰ ਬਹੁਤ ਦਬਾਅ ਹੇਠ ਕੰਮ ਕਰ ਰਿਹਾ : ਰਾਣਾ ਕੇਪੀ

ਚੰਡੀਗੜ੍ਹ : ਪੱਤਰਕਾਰ ਸਮਾਜ ਅਤੇ ਸਰਕਾਰ ਵਿਚ ਪੁਲ ਦਾ ਕੰਮ ਕਰ ਰਿਹਾ ਹੈ ਪਰ ਇਹ ਸਚਾਈ
ਹੈ ਕਿ ਅੱਜ ਪੱਤਰਕਾਰ, ਮੀਡੀਆਂ ਬਹੁਤ ਤਰ੍ਹਾਂ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ
ਅੱਜ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਪੁਸਤਕ “ਪ੍ਰੈਸ ਰੂਮ” ਦੀ ਘੁੰਢ ਚੁਕਾਈ ਮੌਕੇ
ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਹੀ।
ਰਾਣਾ ਨੇ ਕਿਹਾ ਕਿ ਅੱਜ ਮੀਡੀਆਂ ਵਿਚ ਸੱਭ ਕੁੱਝ ਚੰਗਾਂ ਨਹੀਂ ਹੈ ਅਤਾ ਸੱਭ ਕੁੱਝ
ਮਾੜਾ ਵੀ ਨਹੀਂ ਹੈ। ਇਹ 50-50 ਅਨੁਪਾਤ ਨਾਲ ਯਾਨੀ ਚੰਗਾਂ ਵੀ ਹੋ ਰਿਹਾ ਹੈ ਤੇ ਗਲਤ
ਵੀ ਹੋ ਰਿਹਾ ਹੈ। ਰਾਣਾ ਨੇ ਕਿਹਾ ਕਿ ਪੱਤਰਕਾਰ, ਪ੍ਰੈਸ, ਮੀਡੀਆਂ ਦਬਾਅ ਹੇਠ ਕੰਮ ਕਰ
ਰਿਹਾ ਹੈ। ਪਹਿਲਾਂ ਦਬਾਅ ਰਾਜਸੀ ਹੈ, ਦੂਸਰਾ ਸਬੰਧਿਤ ਅਦਾਰਾ ਅਤੇ ਤੀਸਰਾ ਪੁਲਿਸ ਦਾ
ਦਬਾਅ ਹੈ। ਇਸਤੋਂ ਇਲਾਵਾ ਕਿਸੀ ਖ਼ਬਰ ਨੂੰ ਲੈ ਕੇ ਮਾਨਹਾਨੀ ਦਾ ਮੁਕਦਮਾ ਕਰਕੇ ਵੀ
ਡਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਪੱਤਰਕਾਰ ਨੂੰ ਬਿਨ੍ਹਾਂ ਕਿਸੀ ਡਰ ਭੈਅ
ਤੋਂ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਦੁਨੀਆਂ ਦੀ ਤਰੱਕੀ ਵਿਚ ਯੋਗਦਾਨ
ਪਾਉਣ ਵਾਲੀਆਂ ਸੰਸਥਾਵਾਂ ਵਿਚ ਮੀਡੀਆਂ ਦੀ ਯੋਗਦਾਨ ਬਰਾਬਰ ਹੈ। ਉਨ੍ਹਾਂ ਕਿਹਾ ਕਿ
ਖੁੱਲ ਦਿਲੀ ਨਾਲ ਸੰਵਾਦ ਹੋਣ ਨਾਲ ਸਮੱਸਿਆਂ ਦੇ ਮਸਲੇ ਹੱਲ ਹੁੰਦੇ ਹਨ। ਸੰਵਾਦ ਨਾਲ ਹੀ
ਦੁਨੀਆਂ ਦੇ ਨੇੜ੍ਹੇ ਹੋਇਆ ਜਾ ਸਕਦਾ ਹੈ।
ਰਾਣਾ ਨੇ ਕਿਹਾ ਕਿ ਮੀਡੀਆ ਨੂੰ ਆਪਣੀ ਗੱਲ ਆਜ਼ਾਦ ਢੰਗ ਨਾਲ ਕਰਦੇ ਰਹਿਣਾ ਚਾਹੀਦਾ ਹੈ
ਕਿਉਂਕਿ ਆਜ਼ਾਦੀ ਦਾ ਅਸਲ ਮੰਤਵ ਹੀ ਉਹ ਹੈ ਜਿਸਦੇ ਕਹਿਣ ਨਾਲ ਦੂਜਿਆਂ ਨੂੰ ਤਕਲੀਫ਼
ਹੋਵੇ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਖਾਸਕਰਕੇ ਰਾਜਸੀ ਲੋਕਾਂ ਵਿਚ ਸੱਚ ਜਾਂ ਆਲੋਚਨਾਂ
ਸੁਣਦਾ ਮਾਦਾ ਨਹੀਂ ਰਿਹਾ।
ਰਾਣਾ ਨੇ ਕਿਹਾ ਕਿ ਉਹ ਹਮੇਸ਼ਾਂ ਪੰਜਾਬੀ ਵਿਚ ਆਪਣਾ ਭਾਸ਼ਣ ਦਿੰਦੇ ਹਨ ਕਿਉਂਕਿ
ਪੰਜਾਬੀ ਮਾਂ ਬੋਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਖੁਦ ਹੀਣ ਭਾਵਨਾਂ ਵਿਚੋਂ
ਨਿਕਲਣਾ ਪਵੇਗਾ। ਪਰ ਕਿਸੀ ਹੋਰ ਭਾਸ਼ਾਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ।
ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਨੇ ਕਿਤਾਬ ਨੂੰ ਇਸ ਵਰ੍ਹੇ ਦੀ
ਵਧੀਆਂ ਕਿਤਾਬ ਦੱਸਦਿਆਂ ਕਿਹਾ ਕਿ ਪੰਜਾਬੀ ਬਹੁਤ ਅਮੀਰ ਭਾਸ਼ਾ ਹੈ ਪਰ ਅਸੀਂ ਸਹੀ ਢੰਗ
ਨਾਲ ਪੰਜਾਬੀ ਨੂੰ ਪ੍ਰੋਜੈਕਟ ਨਹੀਂ ਕਰ ਰਹੇ ਅਤੇ ਪੰਜਾਬੀਆਂ ਨੂੰ ਹੀਣ ਭਾਵਨਾ ਵਿਚੋਂ
ਨਿਕਲਣਾ ਪਵੇਗਾ। ਲੇਖਕ ਵਲੋਂ ਪੇਸ਼ ਕੀਤੇ ਗਏ ਕੁੱਝ ਅੰਕੜਿਆਂ 'ਤੇ ਉਨ੍ਹਾਂ ਟਿਪਣੀ ਕੀਤੀ ਅਤੇ ਸੁਧਾਰ ਦੀ ਮੰਗ ਕਹੀ। ਪਰ ਸ੍ਰੀ
ਵਾਲੀਆ ਨੇ ਕਿਹਾ ਕਿ ਇਹ ਗੱਲ ਠੀਕ ਹੈ ਕਿ ਪੱਤਰਕਾਰਿਤਾ ਪਹਿਲਾ ਮਿਸ਼ਨ ਹੁੰਦੀ ਸੀ।
ਉਨ੍ਹਾਂ ਕਿਹਾ ਕਿ ਕੋਈ ਅਦਾਰਾ ਗਲਤ ਨਹੀਂ ਹੁੰਦਾ ਬਲਕਿ ਵਿਅਕਤੀ ਖੁਦ ਗਲਤ ਜਾਂ ਠੀਕ
ਹੁੰਦਾ ਹੈ। ਇਕ ਪੱਤਰਕਾਰ ਦਾ ਫੈਸਲਾ ਅਦਾਰੇ 'ਤੇ ਲਾਗੂ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਪੱਤਰਕਾਰ ਨੂੰ ਖ਼ਬਰ ਨਸ਼ਰ ਕਰਨ ਤੋਂ ਪਹਿਲਾਂ ਸਾਰੇ ਤੱਥਾਂ ਦੀ
ਪੜਤਾਲ ਕਰ ਲੈਣੀ ਚਾਹੀਦੀ ਹੈ।
ਇਸ ਮੌਕੇ ਪੱਤਰਕਾਰ ਤਰਲੋਚਨ ਸਿੰਘ ਨੇ ਕਿਤਾਬ 'ਤੇ ਪਰਚਾ ਪੜਦਿਆਂ ਲੇਖਕ ਦੀ
ਪ੍ਰਸੰਸ਼ਾਂ ਕਰਦਿਆਂ ਕਿਹਾ ਕਿ ਨਵੇਂ ਪੱਤਰਕਾਰਾਂ ਨੂੰ ਇਹ ਕਿਤਾਬ ਜਰੂਰ ਪੜ੍ਹਨੀ
ਚਾਹੀਦੀ ਹੈ। ਤਰਲੋਚਨ ਸਿੰਘ ਨੇ ਕਿਤਾਬ ਵਿਚ ਲੇਖਕ ਵਲੋਂ ਪੱਤਰਕਾਰਾਂ ਦੀ ਸੁਰੱਖਿਆ,
ਬੋਰਡ ਵੇਜ, ਪ੍ਰੈਸ ਕੌਂਸਲ ਆਫ ਇੰਡੀਆਂ, ਔਰਤ ਪੱਤਰਕਾਰਾਂ ਅਤੇ ਪੰਜਾਬੀ ਚੈਨਲਾਂ ਦੇ
ਹਿੰਦੀ ਸੰਪਾਦਕਾਂ ਬਾਰੇ ਬੇਬਾਕੀ ਨਾਲ ਲਿਖਣ ਦੀ ਗੱਲ ਕਰਦਿਆਂ ਕਿਹਾ ਕਿ ਲੇਖਕ ਨੇ ਬਹੁਤ
ਸਾਰੇ ਪਹਿਲੂਆਂ 'ਤੇ ਬੇਬਾਕੀ ਨਾਲ ਲਿਖਿਆ ਹੈ। ਅੰਤ ਪੱਤਰਕਾਰ ਜਗਤਾਰ ਸਿੰਘ ਭੁੱਲਰ ਨੇ
ਕਿਤਾਬ ਬਾਰੇ ਦੱਸਦਿਆਂ ਕਿਹਾ ਕਿ ਕਿਤਾਬ ਵਿਚ ਮੁੱਖ ਮੰਤਰੀ ਦੇ ਦਫ਼ਤਰ ਦੇ ਨੇੜ੍ਹੇ
ਪ੍ਰੈਸ ਰੂਮ, ਸਰਕਾਰੀ ਦਫ਼ਤਰਾਂ ਵਿਚੋਂ ਕਿਵੇਂ ਪੱਤਰਕਾਰ ਵਿਸ਼ੇਸ਼ ਖ਼ਬਰ ਲਈ ਜਾਂਦਾ,
ਪ੍ਰੈਸ ਰੂਮ ਵਿਚ ਪੱਤਰਕਾਰਾਂ ਵਲੋਂ ਕੀਤੀ ਜਾਂਦੀ ਗੱਲਬਾਤ ਦੇ ਆਧਾਰਿਤ ਹੈ, ਪਰ ਇਹ ਸੱਭ
ਕੁੱਝ ਲਿਖਦੇ ਲਿਖਦੇ ਇਕ ਵੱਡੀ ਪੁਸਤਕ ਹੌਂਦ ਵਿਚ ਆਈ ਹੈ। ਇਸ ਮੌਕੇ ਲੋਕ ਸੰਪਰਕ ਵਿਭਾਗ
ਦੇ ਵਧੀਕ ਡਾਇਰੈਕਟਰ ਉਪਿੰਦਰ ਸਿੰਘ ਲਾਂਬਾ, ਡਿਪਟੀ ਡਾਇਰੈਕਟਰ ਡਾ ਅਜੀਤ ਸਿੰਘ ਕੰਵਲ,
ਪੰਜਾਬ ਸਰਕਾਰ ਦੇ ਸਾਬਕਾ ਉਪ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ, ਭਾਜਪਾ ਨੇਤਾ ਹਰਜੀਤ
ਸਿੰਘ ਭੁੱਲਰ, ਕਾਂਗਰਸ ਪਾਰਟੀ ਦੇ ਬੁਲਾਰੇ ਗੁਰਵਿੰਦਰ ਸਿੰਘ ਬਾਲੀ, ਰਿੰਪਲ ਮਿੱਡਾ,
ਅਨੀਸ਼ ਸਿਡਾਨਾ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਕੱਤਰ ਰਾਮ ਨਰਾਇਣ ਯਾਦਵ ਤੇ ਵਕੀਲ
ਰਜਿੰਦਰ ਸਿੰਘ ਟੁਪਿਆਲਾ ਹਾਜ਼ਰ ਸਨ।