• Home
  • ਕੈਪਟਨ ਨੇ ਜਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਮਨਾਉਣ ਲਈ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਨੂੰ ਪ੍ਰਸਤਾਵ ਪੇਸ਼ ਕਰਨ ਲਈ ਕਿਹਾ

ਕੈਪਟਨ ਨੇ ਜਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਮਨਾਉਣ ਲਈ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਨੂੰ ਪ੍ਰਸਤਾਵ ਪੇਸ਼ ਕਰਨ ਲਈ ਕਿਹਾ

ਚੰਡੀਗੜ੍ਹ,  ( ਖ਼ਬਰ ਵਾਲੇ ਬਿਊਰੋ )-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਦੀ ਸ਼ਤਾਬਦੀ ਮਨਾਉਣ ਲਈ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਨੂੰ ਵਿਸਤ੍ਰਿਤ ਪ੍ਰਸਤਾਵ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਉਹ ਇਸ ਸਮਾਰੋਹ ਲਈ ਕੇਂਦਰੀ ਫੰਡ ਕਰਨ ਲਈ ਨਿੱਜੀ ਤੌਰ 'ਤੇ ਪ੍ਰਧਾਨ ਮੰਤਰੀ ਨੂੰ ਮਿਲਣਗੇ।
ਮੁੱਖ ਮੰਤਰੀ ਅੱਜ ਸਮਾਰੋਹ ਮਨਾਉਣ ਵਾਸਤੇ ਤਿਆਰੀਆਂ ਦਾ ਜ਼ਾਇਜਾ ਲੈਣ ਲਈ ਸੱਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਸੱਭਿਆਚਾਰ ਮੰਤਰੀ ਨੂੰ ਇਸ ਸਮਾਰੋਹ ਵਾਸਤੇ ਖਰਚੇ ਦੀ ਵਿਸਤ੍ਰਿਤ ਯੋਜਨਾ ਪੇਸ਼ ਕਰਨ ਲਈ ਆਖਿਆ ਹੈ ਅਤੇ ਕਿਹਾ ਕਿ ਉਹ ਇਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਨਿੱਜੀ ਤੌਰ 'ਤੇ ਪੇਸ਼ ਕਰਨਗੇ ਤਾਂ ਜੋ ਅੰਮ੍ਰਿਤਸਰ ਵਿੱਚ ਸਥਿਤ ਇਤਿਹਾਸਕ ਸਮਾਰਕ ਦੇ ਆਲੇ-ਦੁਆਲੇ ਦੇ ਵਿਕਾਸ ਕਾਰਜਾਂ ਅਤੇ ਬੁਨਿਆਦੀ ਢਾਂਚੇ ਲਈ ਲੋੜੀਂਦੇ ਫੰਡ ਜ਼ਾਰੀ ਕਰਵਾਏ ਜਾ ਸਕਣ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਨਾਲ ਤਾਲਮੇਲ ਰਾਹੀਂ ਸੂਬਾ ਪੱਧਰੀ ਇੰਮਪਲੀਮੈਂਟੇਸ਼ਨ ਕਮੇਟੀ ਦੇ ਗਠਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ 13 ਅਪ੍ਰੈਲ, 2019 ਨੂੰ ਮਨਾਏ ਜਾ ਰਹੇ ਇਸ ਇਤਿਹਾਸਕ ਸਮਾਰੋਹ ਦੀਆਂ ਤਿਆਰੀਆਂ ਅਤੇ ਸਫਲਤਾਪੂਰਨ ਕਾਰਜਾਂ ਨੂੰ ਨੇਪੜੇ ਚਾੜ੍ਹਨ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਕਮੇਟੀ ਮੁੱਖ ਮੰਤਰੀ ਦੇ ਅਗਵਾਈ ਵਿੱਚ ਹੋਵੇਗੀ ਅਤੇ ਇਹ ਲਗਾਤਾਰ ਤਿਆਰੀਆਂ ਦਾ ਜ਼ਾਇਜਾ ਲਵੇਗੀ ਅਤੇ ਇਨ੍ਹਾਂ 'ਤੇ ਨਿਗਰਾਨੀ ਰੱਖੇਗੀ। ਉਨ੍ਹਾਂ ਨੇ ਇਸ ਸਮਾਰੋਹ ਦੀ ਸੁਖਮ ਯੋਜਨਾਬੰਦੀ ਲਈ ਸਥਾਨਕ ਪੱਧਰ 'ਤੇ ਕਾਰਜ ਨੂੰ ਰੂਪ ਦੇਣ ਦੀ ਕਿਰਿਆ ਕਰਨ ਵਾਸਤੇ ਕਮੇਟੀ ਗਠਿਤ ਕਰਨ ਦੇ ਵੀ ਹੁਕਮ ਦਿੱਤੇ ਜੋ ਕਿ ਸੱਭਿਆਚਾਰ ਮੰਤਰੀ ਦੀ ਪ੍ਰਧਾਨਗੀ ਹੇਠ ਹੋਵੇਗੀ।
ਜਲ੍ਹਿਆਂਵਾਲੇ ਬਾਗ ਟਰਸਟ ਦੇ ਮੁੱਖੀ ਪ੍ਰਧਾਨ ਮੰਤਰੀ ਹੋਣ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਰਾਸ਼ਟਰੀ ਸਮਾਰਕ ਦੇ ਆਲੇ-ਦੁਆਲੇ ਦੇ ਵਿਕਾਸ ਅਤੇ ਸਬੰਧਤ ਸੁਵਿਧਾਵਾਂ ਲਈ 100 ਕਰੋੜ ਰੁਪਏ ਦੀ ਮੰਗ ਬਾਰੇ ਬੇਨਤੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਮੋਦੀ ਨੇ ਸਾਰੀ ਵਿੱਤੀ ਸਹਾਇਤਾ ਦੇਣ ਲਈ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਭਰੋਸਾ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸ਼ਤਾਬਦੀ ਸਮਾਰੋਹ ਦੀ ਰਾਸ਼ਟਰੀ ਪ੍ਰਸੰਗਿਕਤਾ ਹੈ ਅਤੇ ਇਸ ਨੂੰ ਰਾਸ਼ਟਰੀ ਪੱਧਰ 'ਤੇ ਮਨਾਏ ਜਾਣ ਦੀ ਜ਼ਰੂਰਤ ਹੈ।
ਮੁੱਖ ਮੰਤਰੀ ਨੇ ਇਸ ਇਤਿਹਾਸਕ ਸਮਾਰੋਹ ਮੌਕੇ ਸਾਰੇ ਤਰ੍ਹਾਂ ਦੀ ਉਪਲੱਬਧ ਸਮੱਗਰੀ ਇਕੱਤਰ ਕਰਨ ਲਈ ਅੰਮ੍ਰਿਤਸਰ ਦੇ ਮਿਉਂਸਿਪਲ ਕਮਿਸ਼ਨਰ ਨੂੰ ਆਖਿਆ ਹੈ। ਉਨ੍ਹਾਂ ਨੇ ਇਸ ਸਮੱਗਰੀ ਦਾ ਪੰਜਾਬੀ ਵਿੱਚ ਤਰਜਮਾ ਕਰਨ ਲਈ ਵੀ ਕਿਹਾ ਹੈ ਤਾਂ ਜੋ ਇਸ ਨੂੰ ਬਾਗ ਦੇ ਅੰਦਰ ਪ੍ਰਦਰਸ਼ਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਮੱਗਰੀ ਇਥੇ ਆਉਣ ਵਾਲੇ ਲੋਕਾਂ ਲਈ ਪ੍ਰੇਰਨਾ ਦਾ ਸ੍ਰੋਤ ਹੋਵੇਗੀ ਅਤੇ ਇਹ ਨੌਜਵਾਨਾ ਵਿੱਚ ਜਾਗਰੂਕਤਾ ਪੈਦਾ ਕਰਨ 'ਚ ਮਦਦਗਾਰ ਹੋਵੇਗੀ। ਉਨ੍ਹਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਜਿਹੀ ਹੋਰ ਸਮੱਗਰੀ ਲਾਹੌਰ ਅਤੇ ਪਾਕਿਸਤਾਨ ਦੀਆਂ ਹੋਰਨਾਂ ਥਾਵਾਂ ਤੋਂ ਵੀ ਪ੍ਰਾਪਤ ਕਰਨ ਦੀ ਕੋਸ਼ਿਸ ਕਰਨ।
ਮੁੱਖ ਮੰਤਰੀ ਨੇ ਪਾਰਟੀਸ਼ਨ ਮਿਉਜਿਅਮ ਟਰੱਸਟ ਦੀ ਮੁੱਖੀ ਲੇਡੀ ਕਿਸ਼ਵਰ ਦੇਸਾਈ ਅਤੇ ਇੰਗਲੈਂਡ ਦੇ ਐਮ.ਪੀ. ਲਾਰਡ ਮੇਘਨੰਦ ਦੇਸਾਈ ਵਲੋਂ ਮਹਾਨ ਸਮਾਰਕ ਦੀ ਬਹਾਲੀ ਲਈ ਕੀਤੀਆਂ ਕੋਸ਼ਿਸਾਂ ਦੀ ਸਰਾਹਨਾ ਕੀਤੀ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਨੂੰ ਆਖਿਆ ਕਿ ਉਹ ਇਸ ਮਹਾਨ ਸਮਾਰਕ ਦੀ ਸਾਂਭ-ਸੰਭਾਲ ਅਤੇ ਰਖ-ਰਖਾਵ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸਾਂ ਦੇ ਸਮੱਰਥਨ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਜੋ ਕਿ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਲੱਖਾ ਲੋਕਾਂ ਨੂੰ ਇਕ ਸ਼ਰਧਾਂਜਲੀ ਹੋਵੇਗੀ।
ਇਸ ਤੋਂ ਪਹਿਲਾਂ ਲੇਡੀ ਕੇਸ਼ਵਰ ਦੇਸਾਈ, ਲਾਰਡ ਮੇਘਨੰਦ ਦੇਸਾਈ, ਲਾਰਡ ਰਜਿੰਦਰ ਲੂੰਬਾ, ਰਾਜੂ ਚੱਡਾ ਅਤੇ ਬੀ.ਐਸ. ਕੱਕੜ, ਮੁੱਖ ਮੰਤਰੀ ਨੂੰ ਮਿਲੇ ਅਤੇ ਜਲ੍ਹਿਆਂਵਾਲੇ ਬਾਗ ਦੇ ਆਲੇ—ਦੁਆਲੇ ਦੇ ਖੇਤਰ ਵਿੱਚ ਚੁੱਕੇ ਜਾਣ ਵਾਲੇ ਵੱਖ-ਵੱਖ ਕਦਮਾਂ ਬਾਰੇ ਪੇਸ਼ਕਾਰੀ ਕੀਤੀ। ਮੁੱਖ ਮੰਤਰੀ ਨੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਨੂੰ ਆਖਿਆ ਕਿ ਉਹ ਇਕ ਮੋਬਾਇਲ ਐਪਲੀਕੇਸ਼ਨ ਬਨਾਉਣ ਲਈ ਸੁਵਿਧਾ ਪ੍ਰਦਾਨ ਕਰੇ ਜੋ ਕਿ ਇਸ ਇਤਿਹਾਸਕ ਸਮਾਰੋਹ ਦੇ ਇਤਿਹਾਸ ਦੀ ਜਾਣਕਾਰੀ ਦੇਵੇ। ਇਸ ਦਾ ਸੁਝਾਅ ਇਸ ਵਫਦ ਨੇ ਦਿੱਤਾ ਸੀ।
ਮੀਟਿੰਗ ਦੌਰਾਨ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਪ੍ਰਮੁੱਖ ਸਕੱਤ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਤੇਜਵੀਰ ਸਿੰਘ ਅਤੇ ਪ੍ਰਮੁੱਖ ਸਕੱਤਰ ਸੈਰ ਸਪਾਟਾ ਰੋਸ਼ਨ ਸ਼ੰਕਾਰੀਆ ਸ਼ਾਮਲ ਸਨ।