• Home
  • ਦੇਸ਼ ਬੰਦ ਦੇ ਸੱਦੇ ਨੂੰ ਪੰਜਾਬ ਵਿਚ ਰਲਵਾਂ-ਮਿਲਵਾਂ ਹੁੰਗਾਰਾ

ਦੇਸ਼ ਬੰਦ ਦੇ ਸੱਦੇ ਨੂੰ ਪੰਜਾਬ ਵਿਚ ਰਲਵਾਂ-ਮਿਲਵਾਂ ਹੁੰਗਾਰਾ

ਚੰਡੀਗੜ•, (ਖ਼ਬਰ ਵਾਲੇ ਬਿਊਰੋ): ਐਸ.ਸੀ, ਐਸ.ਟੀ ਐਕਟ ਕਾਨੂੰਨ ਨੂੰ ਬਦਲਣ ਦੇ ਵਿਰੋਧ 'ਚ ਪੂਰੇ ਦੇਸ਼ ਵਿਚ ਜਨਰਲ ਸਮਾਜ ਵਲੌਂ ਬੰਦ ਦਾ ਸੱਦਾ ਦਿਤਾ ਗਿਆ ਤੇ ਦੇਸ਼ ਦੇ ਕਈ ਥਾਵਾਂ 'ਤੇ ਜਨਰਲ ਸਮਾਜ ਦੇ ਲੋਕਾਂ ਨੇ ਰੇਲਾਂ ਰੋਕੀਆਂ, ਸੜਕਾਂ ਜਾਮ ਕੀਤੀਆਂ ਤੇ ਪ੍ਰਦਰਸ਼ਨ ਕੀਤੇ ਗਏ। ਇਸ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲਿਆ। ਜਨਰਲ ਸਮਾਜ ਮੰਚ ਵਲੋਂ ਅੱਜ ਭਾਰਤ ਬੰਦ ਦੇ ਸੱਦੇ 'ਤੇ ਫਗਵਾੜਾ ਪੂਰਨ ਬੰਦ ਰਿਹਾ। ਜਨਰਲ ਸਮਾਜ ਨੇ ਗਾਂਧੀ ਚੌਕ 'ਚ ਭਾਰੀ ਇਕੱਠ ਕੀਤਾ। ਸ਼ਹਿਰ 'ਚ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ ਰਹੀ ਅਤੇ ਪੁਲਿਸ ਲਗਾਤਾਰ ਫ਼ਲੈਗ ਮਾਰਚ ਕਰ ਰਹੀ ਹੈ। ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਪੁਲਿਸ ਦੇ ਉੱਚ ਅਧਿਕਾਰੀ ਸਾਰੀ ਸਥਿਤੀ 'ਤੇ ਖੁਦ ਨਜ਼ਰ ਰੱਖ ਰਹੇ ਹਨ। ਪੰਜਾਬ ਦੇ ਬਾਕੀ ਹਿੱਸਿਆਂ ਵਿਚ ਵੀ ਬੰਦ ਦੇ ਮੱਦੇਨਜ਼ਰ ਪੁਲਿਸ ਅਲਰਟ 'ਤੇ ਹੈ। ਪੰਜਾਬ ਤੋਂ ਇਲਾਵਾ ਮੱਧ ਪ੍ਰਦੇਸ਼ ਤੇ ਯੂ ਪੀ ਵਿਚ ਬੰਦ ਦਾ ਅਸਰ ਜ਼ਿਆਦਾ ਦੇਖਿਆ ਜਾ ਰਿਹਾ ਹੈ। ਦੋਹਾਂ ਸੂਬਿਆਂ ਦੇ ਕਈ ਜ਼ਿਲਿਆਂ ਵਿਚ ਧਾਰਾ 144 ਵੀ ਲਾਈ ਗਈ ਹੈ। ਭਾਵੇਂ ਅਜੇ ਤਕ ਬੰਦ ਸ਼ਾਂਤੀ ਪੂਰਵਕ ਚਲ ਰਿਹਾ ਹੈ ਪਰ ਜਨਰਲ ਸਮਾਜ ਨਾਲ ਸਬੰਧਤ ਸੰਗਠਨਾਂ ਨੇ ਬੰਦ ਦਾ ਸੱਦਾ 4 ਵਜੇ ਤਕ ਦਿਤਾ ਹੋਇਆ ਹੈ ਜਿਸ ਕਾਰਨ ਪੂਰੇ ਦੇਸ਼ ਵਿਚ ਸੁਰੱਖਿਆ ਏਜੰਸੀਆਂ  ਚੌਕਸ ਹਨ।