• Home
  • ਲੋਕ ਸਭਾ ਚੋਣਾਂ-: ਹਰੇਕ ਵਿਧਾਨ ਸਭਾ ਖੇਤਰ ‘ਚ 5-5 ਗੁਲਾਬੀ ਪੋਲਿੰਗ ਬੂਥ ਔਰਤਾਂ ਲਈ, ਮਾਡਲ ਪੋਲਿੰਗ ਬੂਥ ਬਣਾਏ ਜਾਣਗੇ- ਜ਼ਿਲ੍ਹਾ ਚੋਣ ਅਫ਼ਸਰ -ਚੋਣਾਂ ਦੌਰਾਨ ਕੋਈ ਵੀ ਕਰਮਚਾਰੀ ਛੁੱਟੀ ਨਹੀਂ ਲੈ ਸਕੇਗਾ

ਲੋਕ ਸਭਾ ਚੋਣਾਂ-: ਹਰੇਕ ਵਿਧਾਨ ਸਭਾ ਖੇਤਰ ‘ਚ 5-5 ਗੁਲਾਬੀ ਪੋਲਿੰਗ ਬੂਥ ਔਰਤਾਂ ਲਈ, ਮਾਡਲ ਪੋਲਿੰਗ ਬੂਥ ਬਣਾਏ ਜਾਣਗੇ- ਜ਼ਿਲ੍ਹਾ ਚੋਣ ਅਫ਼ਸਰ -ਚੋਣਾਂ ਦੌਰਾਨ ਕੋਈ ਵੀ ਕਰਮਚਾਰੀ ਛੁੱਟੀ ਨਹੀਂ ਲੈ ਸਕੇਗਾ

-3 ਅੰਤਰਰਾਜੀ ਨਾਕਿਆਂ 'ਤੇ ਪੁਲਿਸ ਮੁਸਤੈਦ - ਐਸ.ਐਸ.ਪੀ.
ਮਾਨਸਾ, 11 ਮਾਰਚ : 19 ਮਈ 2019 ਨੂੰ ਪੰਜਾਬ 'ਚ ਕਰਵਾਈਆਂ ਜਾ ਰਹੀਆਂ ਲੋਕ ਸਭਾ ਚੋਣਾਂ-2019 'ਚ ਜ਼ਿਲ੍ਹਾ ਮਾਨਸਾ ਦੇ ਹਰ ਇਕ ਵਿਧਾਨ ਸਭਾ ਖੇਤਰ 'ਚ 5-5 ਗੁਲਾਬੀ ਪੋਲਿੰਗ ਬੂਥ ਕੇਵਲ ਔਰਤਾਂ ਲਈ ਬਣਾਏ ਜਾਣਗੇ ਅਤੇ 5-5 ਮਾਡਲ ਪੋਲਿੰਗ ਬੂਥ ਬਣਾਏ ਜਾਣਗੇ। ਇਨ੍ਹਾਂ ਚੋਣਾਂ ਵਿਚ ਜ਼ਿਲ੍ਹਾ ਮਾਨਸਾ ਦੇ 577439 ਆਪਣੀ ਵੋਟ ਪਾਉਣਗੇ, ਜਿੰਨ੍ਹਾਂ ਵਿਚੋਂ 149823 ਵੋਟਰ ਸ਼ਹਿਰੀ ਹਨ ਅਤੇ 427616 ਵੋਟਰ ਪੇਂਡੂ ਖੇਤਰ ਤੋਂ ਹਨ। 
           ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀઠ ਕਮਿਸ਼ਨਰ ਮਿਸ ਅਪਨੀਤ ਰਿਆਤ ਨੇ ਅੱਜ ਸਿਆਸੀ ਪਾਰਟੀਆਂ ਅਤੇ ਪੱਤਰਕਾਰਾਂ ਨਾਲ ਚੋਣਾਂ ਬਾਰੇ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਸ. ਗੁਲਨੀਤ ਸਿੰਘ ਖੁਰਾਣਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ 'ਚ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿਧਾਨ ਸਭਾ ਖੇਤਰਾਂ 'ਚ 5 ਗੁਲਾਬੀ ਪੋਲਿੰਗ ਬੂਥ ਬਣਾਏ ਜਾਣਗੇ ਜੋ ਕੇਵਲ ਮਹਿਲਾ ਵੋਟਰਾਂ ਲਈ ਹੋਣਗੇ। ਇਨ੍ਹਾਂ ਪੋਲਿੰਗ ਬੂਥਾਂ 'ਤੇ ਮਹਿਲਾ ਪੁਲਿਸ ਸੁਰੱਖਿਆ ਕਰਮੀ ਹੀ ਤਾਇਨਾਤ ਕੀਤੀਆਂ ਜਾਣਗੀਆਂ ਤਾਂ ਜੋ ਮਹਿਲਾ ਵੋਟਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਤਰਾਂ ਇਨ੍ਹਾਂ ਤਿੰਨੋ ਵਿਧਾਨ ਸਭਾ ਹਲਕਿਆਂ 'ਚ 5-5 ਮਾਡਲ ਪੋਲਿੰਗ ਬੂਥ ਵੀ ਬਣਾਏ ਜਾਣਗੇ, ਜਿੱਥੇ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾਣਗੀਆਂ। ਚੋਣਾਂ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਚੋਣ ਅਫ਼ਸਰ ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਵੱਲੋਂ ਸ਼ੋਸ਼ਲ ਮੀਡੀਆ 'ਤੇ ਸਿਆਸੀ ਪ੍ਰਚਾਰ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। 
          ਚੋਣਾਂ ਦੌਰਾਨ ਜ਼ਿਲ੍ਹੇ 'ਚ ਕਾਨੂੰਨ ਅਤੇ ਸੁਰੱਖਿਆ ਵਿਵਸਥਾ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ.ઠ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵੱਲੋਂ ਤਿੰਨ ਅੰਤਰਰਾਜੀ ਥਾਵਾਂ 'ਤੇ ਨਾਕੇ ਲਗਾ ਦਿੱਤੇ ਗਏ ਹਨ ਅਤੇ ਇਸ ਤਰਾਂ ਦੇ ਨਾਕੇ ਕੁੱਲ 25 ਥਾਵਾਂ ਤੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 65 ਪ੍ਰਤੀਸ਼ਤ ਅਸਲਾ ਧਾਰਕਾਂ ਦਾ ਅਸਲਾ ਵੱਖ-ਵੱਖ ਪੁਲਿਸ ਸਟੇਸ਼ਨਾ ਤੇ ਜਮ੍ਹਾਂ ਹੈ ਅਤੇ ਬਾਕੀ ਰਹਿੰਦੇ 35 ਪ੍ਰਤੀਸ਼ਤ ਅਸਲਾ ਧਾਰਕਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਆਪਣਾ ਅਸਲਾ ਜਲਦ ਤੋਂ ਜਲਦ ਆਪਣੇ ਇਲਾਕੇ ਦੇ ਪੁਲਿਸ ਸਟੇਸ਼ਨਾਂ 'ਚ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਇਸੇ ਤਰਾਂ ਪੁਲਿਸ ਵੱਲੋਂ ਸ਼ਰਾਬ ਦੀ ਆਮਦ ਤੇ ਵੀ ਕੜੀ ਨਜ਼ਰ ਰੱਖੀ ਜਾਵੇਗੀ।
       ਸਿਆਸੀ ਪਾਰਟੀਆਂ ਦੇ ਵੱਖ-ਵੱਖ ਨੁਮਾਇੰਦੇਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਮਿਸ ਅਪਨੀਤ ਰਿਆਤ ਅਤੇ ਐਸ.ਐਸ.ਪੀ. ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਲਾਊਡ ਸਪੀਕਰ, ਸਿਆਸੀ ਰੈਲੀਆਂ ਕਰਨ ਸਬੰਧੀ ਆਗਿਆ ਲੈਣ ਲਈ ਹਰ ਇਕ ਸਿਆਸੀ ਪਾਰਟੀ ਨੂੰ ਸੁਵਿਧਾ ਐਪਲੀਕੇਸ਼ਨ 'ਤੇ ਆਪਣੀ ਆਰਜ਼ੀ ਦੇਣੀ ਪਵੇਗੀ। ਜੇਕਰ ਕੋਈ ਵੀ ਸਿਆਸੀ ਗਤੀਵਿਧੀ, ਜਿਸ ਵਿਚ ਆਗਿਆ ਦੀ ਲੋੜ ਹੈ, ਬਿਨਾਂ ਆਗਿਆ ਤੋਂ ਕਰਵਾਈ ਜਾਂਦੀ ਹੈ ਤਾਂ ਇਸ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
           ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦੇਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੋਣਾਂ ਸਬੰਧੀ ਬੁਲਾਈ ਗਈ ਮੀਟਿੰਗ ਵਿਚ ਜ਼ਰੂਰ ਸ਼ਿਰਕਤ ਕਰਨ ਤਾਂ ਜੋ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾ ਸਕਣ।ઠ ਮਿਸ ਅਪਨੀਤ ਰਿਆਤ ਨੇ ਕਿਹਾ ਕਿ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਛੁੱਟੀ ਨਹੀਂ ਦਿੱਤੀ ਜਾਵੇਗੀ। ਬਿਮਾਰੀ ਦੀ ਸੂਰਤ ਵਿਚ ਛੁੱਟੀ ਲੈਣ ਲਈ ਸਿਵਲ ਸਰਜਨ ਤੋਂ ਤਸਦੀਕ ਮੈਡੀਕਲ ਸਰਟੀਫਿਕੇਟ ਦੇਣਾ ਲਾਜ਼ਮੀ ਹੋਵੇਗਾ।   
         ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਸ. ਨਵਦੀਪ ਕੁਮਾਰ, ਐਸ.ਡੀ.ਐਮ. ਮਾਨਸਾ ਸ. ਅਭੀਜੀਤ +ਕਪਲਿਸ਼, ਐਸ.ਡੀ.ਐਮ. ਸਰਦੂਲਗੜ੍ਹ ਸ. ਲਤੀਫ਼ ਅਹਿਮਦ, ਐਸ.ਡੀ.ਐਮ. ਬੁਢਲਾਡਾ ਸ. ਆਦਿੱਤਯ ਢਚਵਾਲ, ਐਸ.ਪੀ.(ਐਚ) ਸ. ਮੇਜਰ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਮੀਡੀਆ ਕਰਮੀ ਮੌਜੂਦ ਸਨ।