• Home
  • ਆਪਣੇ ਬਣੇ ਦੁਸ਼ਮਣ :- ਨਵਜੋਤ ਸਿੱਧੂ ਨੂੰ ਚੜ੍ਹੇ “ਪੰਥਕ ਰੰਗ ” ਨੇ ਕਈਆਂ ਦੀ ਨੀਂਦ ਹਰਾਮ ਕੀਤੀ..! ਪੜ੍ਹੋ ।

ਆਪਣੇ ਬਣੇ ਦੁਸ਼ਮਣ :- ਨਵਜੋਤ ਸਿੱਧੂ ਨੂੰ ਚੜ੍ਹੇ “ਪੰਥਕ ਰੰਗ ” ਨੇ ਕਈਆਂ ਦੀ ਨੀਂਦ ਹਰਾਮ ਕੀਤੀ..! ਪੜ੍ਹੋ ।

ਪਰਮਿੰਦਰ ਸਿੰਘ ਜੱਟਪੁਰੀ
ਚੰਡੀਗੜ੍ਹ -ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੱਧੂ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਦਿਵਸ ਤੇ  ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਦੀ ਜ਼ੋਰ ਸ਼ੋਰ ਨਾਲ ਮੰਗ ਭਾਰਤ ਤੇ ਪਾਕਿ ਸਰਕਾਰਾਂ ਅੱਗੇ ਰੱਖੀ  ਹੈ ,ਦਾ ਵਿਰੋਧ ਉਸ ਦੇ ਰਵਾਇਤੀ ਵਿਰੋਧੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਤੇ ਉਸ ਦੀ ਭੈਣ ਹਰਸਿਮਰਤ ਕੌਰ ਬਾਦਲ ਵੱਲੋਂ ਤਾਂ ਕਰਨਾ ਜਾਇਜ਼ ਹੈ । ਪਰ ਨਵਜੋਤ ਸਿੱਧੂ ਦੀ ਗੁਰੂ ਨਾਨਕ ਲੇਵਾ ਸੰਗਤ 'ਚ ਹੋ ਰਹੀ ਵਾਹ -ਵਾਹ ਕਾਂਗਰਸੀ ਵਜ਼ੀਰਾਂ ਨੂੰ ਵੀ ਨਹੀਂ ਹਜ਼ਮ ਹੋ ਰਹੀ ,ਜਿਸ ਕਾਰਨ ਉਸ ਨੂੰ ਪਾਰਟੀ ਦੇ ਬਾਹਰੋਂ ਤੇ  ਆਪਣੀ  ਹੀ ਸਰਕਾਰ ਅੰਦਰੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਭਾਵੇਂ ਨਵਜੋਤ ਸਿੱਧੂ ਦੇ ਪਾਕਿ ਦੌਰੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੀ ਪਾਕਿ ਦੇ ਫੌਜ ਮੁਖੀ ਨਾਲ ਜੱਫੀ ਤੇ  ਇਤਰਾਜ਼ ਕੀਤਾ ਸੀ । ਪਰ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਦੇ ਇਤਰਾਜ਼ ਨੂੰ ਅੱਖੋਂ ਪਰੋਖੇ ਕਰਦਿਆਂ ਬਹੁ ਗਿਣਤੀ ਸਿੱਖਾਂ ਦੇ ਦਿਲਾਂ ਨਾਲ ਜੁੜੇ ਹੋਏ ਨਾਜ਼ੁਕ ਮੁੱਦਿਆਂ ਨੂੰ ਪ੍ਰੈੱਸ ਕਾਨਫਰੰਸਾਂ ਰਾਹੀਂ ਉਛਾਲਿਆ ਗਿਆ ।
ਇੱਥੋਂ ਤੱਕ ਕਿ ਮੁੱਖ ਮੰਤਰੀ ਦੀ ਸਲਾਹ ਤੋਂ ਬਿਨਾਂ ਹੀ ਕਰਤਾਰਪੁਰ ਲਾਂਘੇ ਬਾਰੇ ਵਿਦੇਸ਼ ਮੰਤਰੀ ਨਾਲ ਮੀਟਿੰਗ ਤੋਂ ਇਲਾਵਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਇਕੱਤਰ ਕੀਤੀ ਵੀਡੀਓ ਕਲਿੱਪਾਂ ਦੀ ਜਾਣਕਾਰੀ ਵੀ ਪਬਲਿਕ ਦੀ ਕਚਹਿਰੀ ਵਿੱਚ ਰਿਲੀਜ਼ ਕਰ ਦਿੱਤੀ ਤੇ ਬਾਅਦ ਵਿੱਚ ਉਸ ਨੇ ਡੇਰਾ ਸੱਚਾ ਸੌਦਾ ਨਾਲ ਬਾਦਲ ਪਰਿਵਾਰ ਦੀ ਸਾਂਝ ਨੂੰ ਨੰਗਾ ਕਰਦਿਆਂ  ,ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਤੋਂ ਇਲਾਵਾ ਬਹੁਤ ਸਾਰੇ ਮੁੱਦਿਆਂ ਤੇ ਲਗਾਤਾਰ ਪ੍ਰੈੱਸ ਕਾਨਫ਼ਰੰਸਾਂ ਕੀਤੀਆਂ ।
ਨਵਜੋਤ ਸਿੱਧੂ ਦਾ ਵਿਧਾਨ ਸਭਾ ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਬੇਅਦਬੀ ਮਾਮਲਿਆਂ ਚ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਝੋਲੀ ਅੱਡਣ ਵਾਲੇ ਸੀਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ।
ਇਸੇ ਕਾਰਨ ਆਪਣਾ ਰਾਜਸੀ ਜੀਵਨ ਭਾਜਪਾ ਤੋਂ ਸ਼ੁਰੂ ਕਰਕੇ   ਹਿੰਦੂ ਪ੍ਰਵਿਰਤੀ ਰੱਖਣ ਵਾਲੇ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਚੜ੍ਹੇ "ਪੰਥਕ ਰੰਗ " ਨੇ ਜਿੱਥੇ ਵੱਡੀ ਗਿਣਤੀ ਚ ਸਿੱਖਾਂ ਨੂੰ ਕਾਇਲ ਕਰ ਲਿਆ ਹੈ ,ਉੱਥੇ ਨਾਲ ਹੀ "ਪੰਥਕ ਪੱਤਾ" ਖੇਡਣ ਵਾਲੇ ਅਕਾਲੀ ਦਲ ਦੇ ਹੁਕਮਰਾਨ ਬਾਦਲਕਿਆਂ ਦੀ ਨੀਂਦ ਵੀ
 ਹਰਾਮ ਕਰ ਦਿੱਤੀ ਹੈ ।
ਕਰਤਾਰਪੁਰ ਲਾਂਘੇ ਤੇ  ਨਵਜੋਤ ਸਿੰਘ ਸਿੱਧੂ ਵੱਲੋਂ ਲਏ ਗਏ ਸਟੈਂਡ ਤੋਂ ਬਾਅਦ ਕਾਂਗਰਸੀ ਮੰਤਰੀ ਵੀ ਵੱਧ ਰਹੀ ਸਿੱਧੂ ਦੀ ਲੋਕਪ੍ਰਿਯਤਾ ਤੋਂ ਅੰਦਰਖਾਤੇ ਔਖੇ ਹਨ । ਭਾਵੇਂ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਨਵਜੋਤ ਸਿੱਧੂ ਦੀ ਪਿੱਠ ਥਾਪੜਨ ਨੂੰ ਵੀ "ਮੇਰੇ ਨਜ਼ਰੀਏ" ਅਨੁਸਾਰ ਇੱਕ ਤੀਰ ਨਾਲ ਦੋ ਸ਼ਿਕਾਰ ਕੀਤੇ ਜਾਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ।
ਪਰ  ਕੈਪਟਨ ਦੇ ਖਾਸਮ -ਖਾਸ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ  ਸਿੱਧੂ ਨੂੰ ਕਰਤਾਰਪੁਰ ਲਾਂਘੇ ਬਾਰੇ ਟੀਵੀ ਪੱਤਰਕਾਰਾਂ ਨਾਲ ਗੱਲਬਾਤ ਰਾਹੀਂ ਦਿੱਤੇ ਗਏ ਸੁਝਾਅ ਕਿ ਉਹ ਆਪਣੇ ਮਹਿਕਮੇ ਵੱਲ ਧਿਆਨ ਦੇਣ ਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਛੱਡ ਦੇਣ ਨੂੰ ਵੀ ਉਸ ਦੇ ਵਿਰੋਧ ਦੀ ਕੜੀ ਵਜੋਂ ਸਮਝਿਆ ਜਾ ਰਿਹਾ ਹੈ । ਬਾਜਵਾ ਨੇ ਤਾਂ ਸਾਫ਼ ਕਹਿ ਦਿੱਤਾ ਕਿ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਦਾ ਮਾਮਲਾ ਦਿੱਲੀ ਅਤੇ ਇਸਲਾਮਾਬਾਦ ਸਰਕਾਰਾਂ ਦਾ ਹੈ ।
ਦੂਜੇ ਪਾਸੇ ਭਾਜਪਾ ਵੱਲੋਂ  ਤਾਂ ਪਹਿਲਾਂ ਹੀ ਆਪਣੀ ਭਾਈਵਾਲ ਪਾਰਟੀ  ਅਕਾਲੀ ਦਲ ਦੀ ਸੁਰ ਚ ਸੁਰ ਮਿਲਾ ਕੇ ਸਿੱਧੂ ਦੇ ਵਿਰੁੱਧ ਬਿਆਨ ਦਿੱਤੇ ਜਾ ਰਹੇ ਹਨ ਕਿ  ਕਰਤਾਰਪੁਰ ਲਾਂਘੇ ਬਾਰੇ ਗੱਲ ਕਰਨਾ ਇਹ ਸਿੱਧੂ ਦਾ  ਲੇਬਲ ਨਹੀਂ ! ਬਿਹਤਰ ਹੋਵੇਗਾ ਉਹ ਆਪਣੇ ਆਪ ਨੂੰ ਹੁਣ ਇਸ ਮਾਮਲੇ ਤੋਂ ਵੱਖ ਕਰ  ਲਵੇ ।
ਪਰ ਨਵਜੋਤ ਸਿੱਧੂ ਵੀ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਦੀਆਂ ਦਲੀਲਾਂ ਅੱਗੇ ਰੱਖ ਕੇ ਕਰਤਾਰਪੁਰ ਲਾਂਘੇ ਦੇ ਮਾਮਲੇ ਤੇ ਅਜੇ ਤੱਕ ਕਾਇਮ ਹੈ ।