• Home
  • ਸਿਹਤ ਵਿਭਾਗ ਹੁਣ ਡੇਂਗੂ ਤੇ ਚਿਕਨਗੁਨੀਆ ਮਗਰ ਪਿਆ-ਸ਼ੱਕੀ ਮਾਮਲਿਆਂ ਦੀ ਜਾਣਕਾਰੀ ਦੇਣ ਦੇ ਨਿਰਦੇਸ਼

ਸਿਹਤ ਵਿਭਾਗ ਹੁਣ ਡੇਂਗੂ ਤੇ ਚਿਕਨਗੁਨੀਆ ਮਗਰ ਪਿਆ-ਸ਼ੱਕੀ ਮਾਮਲਿਆਂ ਦੀ ਜਾਣਕਾਰੀ ਦੇਣ ਦੇ ਨਿਰਦੇਸ਼

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਡੇਂਗੂ ਅਤੇ ਚਿਕਨਗੁਨੀਆ ਨੂੰ ਸ਼ੁਰੂਆਤੀ ਪੜਾਅ 'ਤੇ ਹੀ ਕਾਬੂ ਕਰਨ ਅਤੇ ਰੋਕਥਾਮ ਲਈ ਸਬੰਧਤ ਉਪਕਰਣਾਂ ਦੀ ਤੁਰੰਤ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ, ਪੰਜਾਬ ਅਤੇ ਸਾਰੇ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸ਼ੱਕੀ ਅਤੇ ਪੁਸ਼ਟੀ ਕੀਤੇ ਡੇਂਗੂ ਮਾਮਲਿਆਂ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦੇਣ ਤਾਂ ਜੋ ਬਿਨਾਂ ਕਿਸੇ ਦੇਰੀ ਤੋਂ ਯੋਗ ਉਪਰਾਲੇ ਕੀਤੇ ਜਾ ਸਕਣ।।
ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇੱਥੇ ਸਿਵਲ ਸਰਜਨਾਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨਾਂ ਦੱਸਿਆ ਕਿ ਇਸ ਸਬੰਧੀ ਹਦਾਇਤਾਂ ਆਈ.ਐਮ.ਏ, ਪੰਜਾਬ ਅਤੇ ਸਾਰੇ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ ਜਿਸ ਨਾਲ ਹੁਣ ਡੇਂਗੂ ਮਾਮਲਿਆਂ ਦੇ ਸਾਰੇ ਸ਼ੱਕੀ/ ਪੁਸ਼ਟੀ ਕੀਤੇ ਕੇਸਾਂ ਦੀ ਸੂਚਨਾ ਸਮੇਂ ਸਿਰ ਸਿਹਤ ਵਿਭਾਗ ਨੂੰ ਦੇਣਾ ਲਾਜ਼ਮੀ ਹੋ ਗਿਆ ਹੈ ਤਾਂ ਜੋ ਪ੍ਰਭਾਵਿਤ ਖੇਤਰ ਵਿੱਚ ਡੇਂਗੂ ਦੇ ਫੈਲਾਅ ਅਤੇ ਰੋਕਥਾਮ ਸਬੰਧੀ ਢੁਕਵੇਂ ਉਪਰਾਲੇ ਕੀਤੇ ਜਾ ਸਕਣ।। ਸਿਹਤ ਮੰਤਰੀ ਵੱਲੋਂ ਸੂਬੇ ਵਿੱਚ ਡੇਂਗੂ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ 11 ਸਬੰਧਤ ਵਿਭਾਗਾਂ ਨੂੰ 1 ਹਫ਼ਤੇ ਅੰਦਰ ਉਨਾਂ ਦੁਆਰਾ ਕੀਤੇ ਮੁੱਢਲੇ ਪ੍ਰਬੰਧਾਂ ਦੀ ਰਿਪੋਰਟ ਸੌਂਪਣ ਲਈ ਆਖਿਆ ਹੈ। ਉਨਾਂ ਸਿਵਲ ਸਰਜਨਾਂ ਨੂੰ ਡੇਂਗੂ ਕੰਟਰੋਲ ਪ੍ਰੋਗਰਾਮ ਸਬੰਧੀ ਸਾਰੀ ਗਤੀਵਿਧੀਆਂ ਵਿੱਚ ਨਿੱਜੀ ਤੌਰ 'ਤੇ ਸ਼ਾਮਲ ਹੋਣ ਅਤੇ 11 ਵਿਭਾਗਾਂ ਦੇ ਨੋਡਲ ਅਫ਼ਸਰਾਂ, ਜੋ ਜ਼ਿਲਾ ਪੱਧਰੀ ਕਮੇਟੀਆਂ ਦੇ ਸਰਗਰਮ ਮੈਂਬਰ ਹਨ, ਨਾਲ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ।

ਸਿਹਤ ਭਲਾਈ ਕੇਂਦਰਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਅਸੀਂ ਮੁੱਢਲੀਆਂ ਸਿਹਤ ਸੇਵਾਵਾਂ ਦੀ ਸਹੂਲਤ ਪ੍ਰਦਾਨ ਕਰਨ ਦੀ ਪ੍ਰਕਿਰਿਆ ਵਿੱਚ ਬਦਲਾ ਲੈ ਕੇ ਆਵਾਂਗੇ ਅਤੇ 1 ਨਵੰਬਰ, 2018 ਤੱਕ ਤਕਰੀਬਨ 200 ਹੈਲਥ ਤੇ ਵੈਲਨੈੱਸ ਕੇਂਦਰ ਚਾਲੂ ਕੀਤੇ ਜਾਣਗੇ।
ਸ੍ਰੀ ਬ੍ਰਹਮ ਮਹਿੰਦਾਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਜ਼ਿਲਾ ਹਸਪਤਾਲ ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿਖੇ 2 ਟ੍ਰੋਮਾਂ ਕੇਂਦਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਦੋਂ ਕਿ ਜੀ.ਐਮ.ਸੀ. ਪਟਿਆਲਾ, ਜੀ.ਜੀ.ਐਸ.ਜੀ.ਐਮ.ਸੀ. ਫਰੀਦਕੋਟ, ਜੀ.ਐਮ.ਸੀ. ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਰੋਪੜ, ਸੰਗਰੂਰ, ਮੁਕਤਸਰ ਸਾਹਿਬ, ਦਸੂਹਾ, ਮਾਨਸਾ, ਤਰਨ-ਤਾਰਨ, ਮੋਗਾ, ਐਸ.ਬੀ.ਐਸ. ਨਗਰ ਅਤੇ ਪਾਤੜਾਂ ਵਿਖੇ 14 ਟ੍ਰੋਮਾਂ ਕੇਂਦਰਾਂ ਦੀ ਸਥਾਪਨਾ ਲਈ ਪ੍ਰਸਤਾਵਨਾ ਮੰਨਜ਼ੂਰੀ ਲਈ ਕੇਂਦਰ ਸਰਕਾਰ ਨੂੰ ਭੇਜੀ ਗਈ ਹੈ।।