• Home
  • ਲਗਾਤਾਰ ਹੋਏ ਮੀਂਹ ਨੇ ਸੂਬੇ ‘ਚ ਲਈਆਂ ਕਈ ਕੀਮਤੀ ਜਾਨਾਂ

ਲਗਾਤਾਰ ਹੋਏ ਮੀਂਹ ਨੇ ਸੂਬੇ ‘ਚ ਲਈਆਂ ਕਈ ਕੀਮਤੀ ਜਾਨਾਂ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਤਿੰਨ ਦਿਨਾਂ ਦੇ ਮੀਂਹ ਤੋਂ ਬਾਅਦ ਭਾਵੇਂ ਧੁੱਪ ਚਮਕ ਪਈ ਹੈ ਪਰ ਨਦੀਆਂ 'ਚ ਪਾਣੀ ਦਾ ਵਹਾਅ ਵਧਣ ਕਾਰਨ ਲੋਕਾਂ 'ਚ ਅਜੇ ਵੀ ਦਹਿਸ਼ਤ ਬਣੀ ਹੋਈ ਹੈ। ਪੰਜਾਬ 'ਚ ਪਿਛਲੇ 3 ਦਿਨਾਂ ਤੋਂ ਪਏ ਭਾਰੀ ਮੀਂਹ ਕਾਰਨ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜ਼ਖਮੀਂ ਦੱਸੇ ਜਾ ਰਹੇ ਹਨ। ਭਾਵੇਂ ਹੀ ਸਰਕਾਰੀ ਤੌਰ 'ਤੇ ਮੌਤਾਂ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਗਾ 'ਚ ਕੱਚਾ ਮਕਾਨ ਢਹਿਣ ਕਾਰਨ ਇਕ ਮਜ਼ਦੂਰ ਤੇ ਉਸ ਦੇ ਇਕ ਬੱਚੇ, ਅੰਮ੍ਰਿਤਸਰ ਦੇ ਅੰਨਗੜ ਖੇਤਰ 'ਚ ਸ਼ੈੱਡ ਡਿਗਣ ਨਾਲ ਇਕ ਵਿਅਕਤੀ ਦੀ ਮੌਤ ਤੋਂ ਇਲਾਵਾ ਚੂੜਪੁਰ 'ਚ ਕੱਚਾ ਮਕਾਨ ਢਹਿਣ ਕਾਰਨ ਇਕ ਵਿਅਕਤੀ ਤੇ ਉਸ ਦੇ ਪੁੱਤ ਦੀ ਮੌਤ ਹੋ ਗਈ ਹੈ। ਕਪੂਰਥਲਾ ਸ਼ਹਿਰ 'ਚ ਵੀ ਮਕਾਨ ਡਿਗਣ ਨਾਲ 2 ਬੱਚਿਆਂ ਸਮੇਤ 3 ਦੀ ਮੌਤ ਹੋ ਗਈ ਹੈ ਅਤੇ ਕਈ ਵਿਅਕਤੀ ਜ਼ਖਮੀਂ ਹੋ ਗਏ ਹਨ। ਇਸੇ ਤਰਾਂ ਬੀਤੇ ਦਿਨ ਅਜਨਾਲਾ ਨੇੜੇ ਇਕ ਕਾਰ ਤਿਲਕ ਕੇ ਬਰਸਾਤੀ ਨਾਲੇ 'ਚ ਡਿੱਗ ਪਈ ਜਿਥੇ ਤਿੰਨ ਮੌਤਾਂ ਹੋ ਗਈਆਂ। ਇਸ ਦਾ ਕਾਰਨ ਵੀ ਬਾਰਸ਼ ਹੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਸੂਬੇ 'ਚ ਫ਼ਸਲਾਂ ਦੇ ਨੁਕਸਾਨ ਦੀਆਂ ਵੀ ਖ਼ਬਰਾਂ ਮਿਲ ਰਹੀਆਂ ਹਨ।