• Home
  • ਪਹਿਲਾਂ ਮਾਂ ਨੇ ਛੱਡੀ ਤੇ ਫਿਰ ਬਾਪ ਨੇ ਤਰਸ ਨਾ ਕੀਤਾ

ਪਹਿਲਾਂ ਮਾਂ ਨੇ ਛੱਡੀ ਤੇ ਫਿਰ ਬਾਪ ਨੇ ਤਰਸ ਨਾ ਕੀਤਾ

ਧੂਰੀ, (ਖ਼ਬਰ ਵਾਲੇ ਬਿਊਰੋ): ਇਕ ਮਾਨਸਿਕ ਬੀਮਾਰ ਨੇ ਆਪਣੀ 7 ਸਾਲਾ ਧੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਜ਼ਮੀਨ 'ਚ ਦੱਬ ਦਿੱਤਾ ਗਿਆ ਤੇ ਇਹ ਵੀ ਨਾ ਸੋਚਿਆ ਕਿ ਅਜੇ ਤਾਂ ਉਸ ਵਿਚਾਰੀ ਨੇ ਅਜੇ ਚੰਗੀ ਤਰਾਂ ਅੱਖਾਂ ਵੀ ਨਹੀਂ ਖੋਲੀਆਂ। ਜਾਣਕਾਰੀ ਮੁਤਾਬਕ ਮੁਲਜ਼ਮ ਧਰਮਪਾਲ ਸਿੰਘ ਪੁੱਤਰ ਜੱਗਾ ਸਿੰਘ, ਜੋ ਪਿੰਡ ਭੁੱਲਰਹੇੜੀ ਦਾ ਰਹਿਣ ਵਾਲਾ ਹੈ, ਦੀਆਂ ਦੋ ਲੜਕੀਆਂ ਸਨ। ਉਸ ਦੀ ਪਤਨੀ ਫ਼ਰਵਰੀ 2018 ਵਿਖੇ ਘਰੋਂ ਚਲੀ ਗਈ ਸੀ ਅਤੇ ਹੁਣ ਕਿਸੇ ਅਣਜਾਣ ਜਗਾ 'ਤੇ ਰਹਿ ਰਹੀ ਹੈ। ਇਸ ਕਾਰਨ ਧਰਮਪਾਲ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਨਸ਼ਿਆਂ ਦਾ ਵੀ ਆਦੀ ਹੋ ਗਿਆ। ਧਰਮਪਾਲ ਆਪਣੀਆਂ ਲੜਕੀਆਂ ਨੂੰ ਖੁਦ 'ਤੇ ਬੋਝ ਸਮਝਣ ਲੱਗ ਪਿਆ ਜਿਸ ਕਾਰਨ ਲੰਘੇ ਦਿਨ ਉਸ ਨੇ ਆਪਣੀ ਛੋਟੀ ਲੜਕੀ ਹਰਜਿੰਦਰ ਕੌਰ (7) ਦਾ ਗਲਾ ਘੁੱਟਣ ਤੋਂ ਬਾਅਦ ਉਸ ਨੂੰ ਪਾਣੀ ਵਿਚ ਡੁਬੋ ਕੇ ਕਤਲ ਕਰ ਦਿੱਤਾ ਸੀ ਅਤੇ ਲਾਸ਼ ਪਿੰਡ ਦੇ ਹੀ ਨਜ਼ਦੀਕ ਡਰੇਨ ਕੰਢੇ ਟੋਆ ਪੁੱਟ ਕੇ ਮਿੱਟੀ ਵਿਚ ਦੱਬ ਦਿੱਤੀ।

ਇਸ ਘਟਨਾ ਬਾਰੇ ਉਸ ਦੇ ਭਰਾ ਪ੍ਰਗਟ ਸਿੰਘ ਨੂੰ ਪਤਾ ਲੱਗਣ 'ਤੇ ਉਸ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਨੇ ਲਾਸ਼  ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਧੂਰੀ ਦੇ ਮੁਖੀ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਧਰਮਪਾਲ ਸਿੰਘ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।